ਰੇਰਾ ਦੇ ਚੇਅਰਮੈਨ ਨੇ ਦਿੱਤਾ ਅਸਤੀਫਾ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 7 ਫਰਵਰੀ
ਸਾਬਕਾ ਆਈਏਐਸ ਅਧਿਕਾਰੀ ਸੱਤਿਆ ਗੋਪਾਲ ਨੇ ਰੀਅਲ ਅਸਟੇਟ ਰੈਗੂਲੇਟਰੀ ਅਥਾਰਟੀ (ਰੇਰਾ) ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਦਾ ਅਸਤੀਫਾ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਵੀ ਸਵੀਕਾਰ ਕਰ ਲਿਆ ਹੈ। ਉਨ੍ਹਾਂ ਦੇ ਅਸਤੀਫੇ ਦਾ ਭੇਤ ਬਣ ਗਿਆ ਹੈ। ਉਨ੍ਹਾਂ ਨੇ ਦਸੰਬਰ 2022 ਵਿਚ ਰੇਰਾ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ ਸੀ ਅਤੇ ਪਹਿਲਾਂ ਉਹ ਦਿੱਲੀ ਸਰਕਾਰ ਵਿਚ ਤਾਇਨਾਤ ਸਨ ਜਿਥੋਂ ਉਹ ਜੁਲਾਈ 2022 ਵਿੱਚ ਸੇਵਾ ਮੁਕਤ ਹੋਏ ਸਨ। ਜਾਣਕਾਰੀ ਅਨੁਸਾਰ ਪੰਜਾਬ ਦੇ ਬਨਵਾਰੀ ਲਾਲ ਪੁਰੋਹਿਤ ਆਪਣੇ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਹਨ ਪਰ ਹਾਲੇ ਤੱਕ ਉਨ੍ਹਾਂ ਦਾ ਅਸਤੀਫਾ ਪ੍ਰਵਾਨ ਨਹੀਂ ਕੀਤਾ ਗਿਆ।
ਦੂਜੇ ਪਾਸੇ ਸੱਤਿਆ ਗੋਪਾਲ ਦੇ ਅਸਤੀਫੇ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਹੈ ਅਤੇ ਅਸਤੀਫੇ ਨੂੰ ਲੈ ਕੇ ਅਟਕਲਾਂ ਦਾ ਬਾਜ਼ਾਰ ਗਰਮ ਹੈ। ਉਂਜ ਉਹ ਪਿਛਲੇ ਕੁਝ ਸਮੇਂ ਤੋਂ ਛੁੱਟੀ ’ਤੇ ਸਨ। ਸੂਤਰ ਦੱਸਦੇ ਹਨ ਕਿ ਸੱਤਿਆ ਗੋਪਾਲ ਦੇ ਰੇਰਾ ਦਾ ਅਹੁਦਾ ਸੰਭਾਲਣ ਮਗਰੋਂ ਹਾਊਸਿੰਗ ਪ੍ਰਾਜੈਕਟਾਂ ਨੂੰ ਰੇਰਾ ਲਾਇਸੈਂਸ ਜਾਰੀ ਕਰਨ ਵਿਚ ਦੇਰੀ ਹੋ ਰਹੀ ਸੀ। ਸੂਤਰਾਂ ਅਨੁਸਾਰ ਕਾਂਗਰਸ ਸਰਕਾਰ ਸਮੇਂ ਔਸਤਨ ਪ੍ਰਤੀ ਮਹੀਨਾ 14 ਤੋਂ 16 ਰੇਰਾ ਲਾਇਸੈਂਸ ਜਾਰੀ ਹੁੰਦੇ ਸਨ ਜਦੋਂ ਕਿ ਹੁਣ ਪ੍ਰਤੀ ਮਹੀਨਾ ਔਸਤਨ ਦੋ ਤੋਂ ਚਾਰ ਲਾਇਸੈਂਸ ਹੀ ਜਾਰੀ ਹੋ ਰਹੇ ਸਨ।
ਰੇਰਾ ਕੋਲ ਇਸ ਵੇਲੇ ਲਾਇਸੈਂਸ ਜਾਰੀ ਹੋਣ ਵਾਲੇ 182 ਪ੍ਰੋਜੈਕਟ ਬਕਾਇਆ ਪਏ ਸਨ ਜਿਨ੍ਹਾਂ ਵਿਚ 81 ਪ੍ਰੋਜੈਕਟ ਤਾਂ ਇਕੱਲੇ ਜ਼ਿਲ੍ਹਾ ਮੁਹਾਲੀ ਦੇ ਸਨ। ਰੇਰਾ ਲਾਇਸੈਂਸ ਜਾਰੀ ਨਾ ਹੋਣ ਕਰਕੇ ਡਿਵੈਲਪਰਾਂ ਦੀ ਖੱਜਲ-ਖੁਆਰੀ ਵਧ ਗਈ ਸੀ। ਜ਼ਿਲ੍ਹਾ ਸੰਗਰੂਰ ਦੇ 5, ਬਰਨਾਲਾ ਦੇ ਅੱਠ ਅਤੇ ਜ਼ਿਲ੍ਹਾ ਬਠਿੰਡਾ ਦੇ 10 ਪ੍ਰੋਜੈਕਟ ਰੇਰਾ ਲਾਇਸੈਂਸ ਦੀ ਉਡੀਕ ਵਿਚ ਬਕਾਇਆ ਪਏ ਸਨ।
ਰੇਰਾ ਲਾਇਸੈਂਸ ਦੀ ਦੇਰੀ ਕਰਕੇ ਪੰਜਾਬ ਵਿਚ ਰੀਅਲ ਅਸਟੇਟ ਦਾ ਕਾਰੋਬਾਰ ਕਾਫੀ ਪ੍ਰਭਾਵਿਤ ਹੋ ਰਿਹਾ ਸੀ ਅਤੇ ਸਰਕਾਰ ਦੇ ਖਜ਼ਾਨੇ ਨੂੰ ਵੀ ਸੱਟ ਵੱਜ ਰਹੀ ਸੀ। ਸੂਤਰ ਦੱਸਦੇ ਹਨ ਕਿ ਅੱਕੇ ਹੋਏ ਬਿਲਡਰਾਂ ਅਤੇ ਰੀਅਲ ਅਸਟੇਟ ਡਿਵੈਲਪਰਾਂ ਨੇ ਉਚ ਸਿਆਸੀ ਪੱਧਰ ਅਤੇ ਉੱਚ ਅਧਿਕਾਰੀਆਂ ਕੋਲ ਉਠਾਇਆ ਸੀ। ਜ਼ਿਕਰਯੋਗ ਹੈ ਕਿ ਇਹ ਸਾਬਕਾ ਨੌਕਰਸ਼ਾਹ 2021 ਵਿੱਚ ਦਿੱਲੀ ਦੀਆਂ ਦੋ ਬਿਜਲੀ ਵੰਡ ਕੰਪਨੀਆਂ ਨੂੰ ਕਥਿਤ ਤੌਰ ’ਤੇ ਵਿੱਤੀ ਲਾਭ ਦੇਣ ਦੇ ਮਾਮਲੇ ਵਿੱਚ ਵੀ ਸ਼ੱਕ ਦੇ ਘੇਰੇ ਵਿੱਚ ਹੈ।