ਪੰਥਕ ਸ਼ਕਤੀ ਨੂੰ ਇਕ ਸੂਤਰ ’ਚ ਪਰੋਣ ਲਈ ਸਹਾਈ ਹੋਵੇਗਾ ਸਮਾਗਮ: ਚੰਦੂਮਾਜਰਾ
ਸਰਬਜੀਤ ਸਿੰਘ ਭੰਗੂ
ਪਟਿਆਲਾ, 23 ਸਤੰਬਰ
ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਪਹਿਲੀ ਜਨਮ ਸ਼ਤਾਬਦੀ ਸਬੰਧੀ ਟੌਹੜਾ ਪਰਿਵਾਰ ਅਤੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵੱਲੋਂ 24 ਸਤੰਬਰ ਨੂੰ ਪਿੰਡ ਟੌਹੜਾ ਵਿੱਚ ਕੀਤੇ ਜਾ ਰਹੇ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਪਰਿਵਾਰਕ ਮੈਂਬਰ ਹਰਮੇਲ ਸਿੰਘ ਟੌਹੜਾ ਸਣੇ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਵੀ ਪਿੰਡ ਟੌਹੜਾ ਪੁੱਜੇ। ਇਸ ਮੌਕੇ ਉਨ੍ਹਾਂ ਬਾਦਲ ਦਲ ’ਤੇ ਸਮਾਗਮ ਨੂੰ ਤਾਰਪੀਡੋ ਕਰਨ ਦੇ ਦੋਸ਼ ਲਾਉਂਦਿਆਂ ਸ਼੍ਰੋਮਣੀ ਕਮੇਟੀ ਅਤੇ ਬਾਦਲ ਦਲ ਦੀ ਆਲੋਚਨਾ ਕੀਤੀ। ਪ੍ਰੇਮ ਸਿੰਘ ਚੰਦੂਮਾਜਰਾ, ਹਰਮੇਲ ਸਿੰਘ ਟੌਹੜਾ, ਸੁਰਜੀਤ ਸਿੰਘ ਰੱਖੜਾ, ਕਰਨੈਲ ਸਿੰਘ ਪੰਜੋਲੀ ਅਤੇ ਸਤਵਿੰਦਰ ਸਿੰਘ ਟੌਹੜਾ ਤੇ ਹੋਰਾਂ ਦਾ ਕਹਿਣਾ ਸੀ ਕਿ ਸ੍ਰੀ ਟੌਹੜਾ ਪੰਥਕ ਸ਼ਕਤੀ ਨੂੰ ਇਕ ਸੂਤਰ ਵਿੱਚ ਪਰੋਣ ਲਈ ਹਰ ਕੁਰਬਾਨੀ ਲਈ ਤਿਆਰ ਰਹਿੰਦੇ ਸਨ ਤੇ ਉਨ੍ਹਾਂ ਦੀ ਜਨਮ ਸ਼ਤਾਬਦੀ ਸਬੰਧੀ ਸਮਾਗਮ ਵੀ ਮੁੜ ਤੋਂ ਪੰਥਕ ਏਕਤਾ ਨੂੰ ਇਕ ਸੂਤਰ ਵਿਚ ਪਰੋਏਗਾ। ਉਨ੍ਹਾਂ ਸਮੂਹ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਸਣੇ ਪੰਥਕ ਸੰਸਥਾਵਾਂ, ਸੰਤ ਮਹਾਪੁਰਸ਼ਾਂ, ਸਿੱਖ ਸੰਪਰਦਾਵਾਂ ਤੇ ਸਮਾਜਿਕ ਜਥੇਬੰਦੀਆਂ ਨੂੰ ਸਮਾਗਮ ਵਿੱਚ ਆਉਣ ਦਾ ਖੁੱਲ੍ਹਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਪੰਥਕ ਸੋਚ ਰੱਖਣ ਵਾਲੇ ਉਡੀਕ ਕਰ ਰਹੇ ਹਨ ਕਿ ਫਿਰ ਤੋਂ ਇਕ ਅਜਿਹਾ ਮੰਚ ਤਿਆਰ ਕੀਤਾ ਜਾ ਸਕੇ, ਜਿਸ ਤੋਂ ਦਿੱਲੀ ਵੀ ਥਰ-ਥਰ ਕੰਬੇ ਅਤੇ ਮੁੜ ਤੋਂ ਪੰਜਾਬ ਵਿੱਚ ਪੰਥਕ ਲਹਿਰ ਆਪਣੇ ਚਰਮ ’ਤੇ ਪਹੁੰਚ ਸਕੇ। ਇਸ ਮੌਕੇ ਗਗਨਜੀਤ ਬਰਨਾਲਾ, ਹਰਿੰਦਰਪਾਲ ਚੰਦੂਮਾਜਰਾ, ਹਰਿੰਦਰਪਾਲ ਟੌਹੜਾ, ਜਗਜੀਤ ਕੋਹਲੀ, ਭੁਪਿੰਦਰ ਸ਼ੇਖੂਪੁਰ, ਸਤਨਾਮ ਸੱਤਾ, ਜਤਿੰਦਰ ਪਹਾੜੀਪੁਰ, ਜਸਵਿੰਦਰਪਾਲ ਚੱਢਾ ਤੇ ਗੁਰਮੁਖ ਸੁਹਾਗਹੇੜੀ ਹਾਜ਼ਰ ਸਨ।
ਹਰਮੇਲ ਟੌਹੜਾ ਵੱਲੋਂ ਸਮਾਗਮ ਨੂੰ ਤਾਰਪੀਡੋ ਕਰਨ ਦਾ ਦੋਸ਼
ਆਗੂਆਂ ਨੇ ਕਿਹਾ ਸ਼੍ਰੋਮਣੀ ਕਮੇਟੀ ਨੇ ਪਟਿਆਲਾ ਵਿਚਲੇ ਸਮਾਗਮ ਲਈ ਕਮੇਟੀ ਮੁਲਾਜ਼ਮਾਂ ਦੀਆਂ ਡਿਊਟੀਆਂ ਲਾਈਆਂ ਹੋਈਆਂ ਹਨ। ਹਰਮੇਲ ਟੌਹੜਾ ਨੇ ਕਿਹਾ ਕਿ ਸ੍ਰੀ ਟੌਹੜਾ ਨੇ ਤਾਉਮਰ ਪੰਥ ਦਾ ਝੰਡਾ ਬੁਲੰਦ ਕਰਨ ਵਿੱਚ ਲਾ ਦਿੱਤੀ, ਜਿਸ ਸੰਸਥਾ ਦੇ ਉਹ ਢਾਈ ਦਹਾਕੇ ਪ੍ਰਧਾਨ ਰਹੇ, ਉਸ ਸੰਸਥਾ ਵੱਲੋਂ ਹੀ ਉਨ੍ਹਾਂ ਦੇ ਜਨਮ ਸ਼ਤਾਬਦੀ ਸਮਾਗਮ ਨੂੰ ਤਾਰਪੀਡੋ ਕੀਤਾ ਜਾ ਰਿਹਾ ਹੈ।