ਸਦੀ ਪੁਰਾਣੀ ਡਾਕਘਰ ਇਮਾਰਤ ਦੀ ਹੋਵੇਗੀ ਸਾਂਭ-ਸੰਭਾਲ
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 19 ਜੁਲਾਈ
ਲਗਭਗ ਸਦੀ ਪੁਰਾਣੀ ਜਨਰਲ ਪੋਸਟ ਆਫਿਸ ਦੀ ਇਮਾਰਤ ਨੂੰ ਇੰਟੈਕ (ਇੰਡੀਅਨ ਨੈਸ਼ਨਲ ਟਰੱਸਟ ਫਾਰ ਆਰਟ ਐਂਡ ਕਲਚਰਲ ਹੈਰੀਟੇਜ) ਦੀ ਮਦਦ ਨਾਲ ਸੰਭਾਲਿਆ ਜਾਵੇਗਾ ਤੇ ਇਸ ਦੀ ਪੁਰਾਤਨ ਦਿੱਖ ਨੂੰ ਕਾਇਮ ਰੱਖਿਆ ਜਾਵੇਗਾ। ਇਸ ਸਬੰਧ ਵਿੱਚ ਇੰਟੈਕ ਦੀ ਪੰਜਾਬ ਅਤੇ ਦਿੱਲੀ ਦੀਆਂ ਟੀਮਾਂ ਰਲ ਕੇ ਸਾਂਭ ਸੰਭਾਲ ਲਈ ਕੰਮ ਕਰਨਗੇ। ਮਾਹਿਰਾਂ ਦੀ ਟੀਮ ਵੱਲੋਂ ਸਥਾਨਕ ਜੀਪੀਓ ਇਮਾਰਤ ਦਾ ਦੌਰਾ ਕੀਤਾ ਗਿਆ ਅਤੇ ਜਾਇਜ਼ਾ ਲਿਆ ਗਿਆ ਹੈ।
ਇੰਟੈਕ ਪੰਜਾਬ ਦੇ ਕਨਵੀਨਰ ਮੇਜਰ ਜਨਰਲ ਬਲਵਿੰਦਰ ਸਿੰਘ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਡਾਕ ਵਿਭਾਗ ਵੱਲੋਂ ਇਸ ਸਬੰਧ ਵਿੱਚ ਇੰਟੈਕ ਨੂੰ ਮਾਹਿਰਾਂ ਦੀਆਂ ਸੇਵਾਵਾਂ ਮੁਹੱਈਆ ਲਈ ਅਪੀਲ ਕੀਤੀ ਗਈ ਸੀ ਅਤੇ ਇਸ ਸਬੰਧੀ ਦੋਵਾਂ ਧਿਰਾ ਵਿਚਾਲੇ ਜੁਲਾਈ 2022 ਵਿੱਚ ਸਮਝੌਤਾ ਹੋਇਆ ਸੀ। ਇਸ ਤਹਿਤ ਦੇਸ਼ ਭਰ ਵਿੱਚ ਡਾਕ ਵਿਭਾਗ ਦੀਆਂ ਪੁਰਾਤਨ ਇਮਾਰਤਾਂ ਅਤੇ ਹੋਰ ਅਹਿਮ ਦਸਤਾਵੇਜ਼ਾਂ ਦੀ ਇੰਟੈਕ ਵੱਲੋਂ ਸਾਂਭ ਸੰਭਾਲ ਵਿੱਚ ਮਦਦ ਕੀਤੀ ਜਾਵੇਗੀ। ਇਸ ਤਹਿਤ ਅੰਮ੍ਰਿਤਸਰ ਵਿਖੇ ਜੀਪੀਓ ਦੀ ਇਮਾਰਤ ਦੀ ਸਾਂਭ ਸੰਭਾਲ ਇੰਟੈਕ ਦੇ ਦਿੱਲੀ ਚੈਪਟਰ ਦੇ ਮਦਦ ਨਾਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦੇਸ਼ ਭਰ ਵਿੱਚ ਡਾਕ ਵਿਭਾਗ ਦੀਆਂ ਪੁਰਾਤਨ ਅਤੇ ਵਿਰਾਸਤੀ ਇਮਾਰਤਾਂ ਦੀ ਸਾਂਭ ਸੰਭਾਲ ਕਰਨਾ ਇੱਕ ਅਹਿਮ ਉਪਰਾਲਾ ਹੈੇ। ਇੰਟੈਕ ਦੀ ਪੁਰਾਤਨ ਇਮਾਰਤਾਂ ਦੀ ਸਾਂਭ ਸੰਭਾਲ ਦੀ ਮਾਹਰ ਰੁਤਿਕਾ ਸਤਦੀਵ ਨੇ ਕਿਹਾ ਕਿ ਆਪਣੇ ਸਮੇਂ ਦੀ ਇਹ ਪੁਰਾਤਨ ਤੇ ਬੇਮਿਸਾਲ ਇਮਾਰਤ ਹੈ ਅਤੇ ਪੁਰਾਤਨ ਭਵਨ ਨਿਰਮਾਣ ਕਲਾ ਦਾ ਇੱਕ ਨਮੂਨਾ ਹੈ। ਇਸ ਤੋਂ ਵੀ ਵੱਡੀ ਗੱਲ ਹੈ ਕਿ ਇਹ ਇਮਾਰਤ ਅੱਜ ਵੀ ਜਿਵੇਂ ਦੀ ਤਿਵੇਂ ਖੜੀ ਹੈ ਅਤੇ ਇੱਥੇ ਪਹਿਲਾਂ ਵਾਂਗ ਹੀ ਕੰਮ ਚੱਲ ਰਿਹਾ। ਉਨ੍ਹਾਂ ਆਖਿਆ ਕਿ ਇਸ ਨੂੰ ਜਿਵੇਂ ਦੀ ਤਿਵੇਂ ਸੰਭਾਲਿਆ ਜਾਵੇਗਾ। ਉਹ ਇਸ ਦੇ ਢਾਂਚੇ ਦੀ ਪੁਰਾਤਨਤਾ ਤੇ ਮਜ਼ਬੂਤੀ ਦਾ ਜਾਇਜ਼ਾ ਲੈਣਗੇ। ਇਮਾਰਤ ਦੇ ਅੰਦਰ ਕੁਝ ਹਿੱਸੇ ਬੰਦ ਪਏ ਹਨ ਜਿਨ੍ਹਾਂ ਨੂੰ ਮੁੜ ਪਹਿਲਾਂ ਵਾਂਗ ਹੀ ਚਾਲੂ ਕੀਤਾ ਜਾਵੇਗਾ। ਇਸ ਦੀ ਸਾਂਭ ਸੰਭਾਲ ਸਬੰਧੀ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ।