ਕੇਂਦਰ ਸਰਕਾਰ ਟੇਢੇ ਢੰਗ ਨਾਲ ਕਿਸਾਨੀ ਦਾ ਲੱਕ ਤੋੜਨਾ ਚਾਹੁੰਦੀ ਹੈ: ਡੱਲੇਵਾਲ
ਪਰਸ਼ੋਤਮ ਬੱਲੀ/ਨਵਕਿਰਨ ਸਿੰਘ
ਬਰਨਾਲਾ/ਮਹਿਲਾ ਕਲਾਂ, 4 ਜਨਵਰੀ
ਇੱਥੇ ਤਰਕਸ਼ੀਲ ਭਵਨ ਵਿੱਚ ਪੁੱਜੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਲੰਘੀ 2 ਜਨਵਰੀ ਨੂੰ ਜੰਡਿਆਲਾ ਗੁਰੂ ਵਿੱਚ ਕਿਸਾਨ ਮਹਾਪੰਚਾਇਤ ਦੀ ਸਫ਼ਲਤਾ ਤੋਂ ਬਾਅਦ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਅਤੇ ਉੱਤਰੀ ਭਾਰਤ ਦੀਆਂ 18 ਕਿਸਾਨ ਜਥੇਬੰਦੀਆਂ ਦੇ ਸਾਂਝੇ ਫੋਰਮ ਵੱਲੋਂ 6 ਜਨਵਰੀ ਨੂੰ ਬਰਨਾਲਾ ਦੀ ਅਨਾਜ ਮੰਡੀ ਵਿੱਚ ਕਿਸਾਨ ਮਹਾਪੰਚਾਇਤ ਕੀਤੀ ਜਾ ਰਹੀ ਹੈ । ਇਹ ਕਿਸਾਨ ਮਹਾਪੰਚਾਇਤਾਂ ਫਰਵਰੀ 2024 ਦੇ ‘ਦਿੱਲੀ ਕੂਚ’ ਪ੍ਰੋਗਰਾਮ ਨੂੰ ਲੈ ਕੇ ਪੂਰੇ ਦੇਸ਼ ਵਿੱਚ ਕੀਤੀਆਂ ਜਾ ਰਹੀਆਂ ਹਨ।
ਸ੍ਰੀ ਡੱਲੇਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਟੇਢੇ ਢੰਗ ਨਾਲ ਖੇਤੀ ਜਿਣਸਾਂ ’ਤੇ ਦਰਾਮਦ ਫ਼ੀਸ ਖਤਮ ਕਰ ਕੇ ਕਿਸਾਨੀ ਦਾ ਲੱਕ ਤੋੜਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ 11 ਜਨਵਰੀ ਨੂੰ ਚੰਡੀਗੜ੍ਹ ਵਿੱਚ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਆਗੂਆਂ ਵੱਲੋਂ ਐੱਸਵਾਈਐੱਲ ਨਹਿਰ ਮਾਮਲੇ ਨੂੰ ਲੈ ਕੇ ਸਾਂਝੀ ਕਨਵੈਨਸ਼ਨ ਕੀਤੀ ਜਾ ਰਹੀ ਹੈ। ਕਿਸਾਨ ਆਗੂ ਨੇ ਦੱਸਿਆ ਕਿ ਦੁਬਾਰਾ ਦਿੱਲੀ ਅੰਦੋਲਨ ਕਰਨ ਦਾ ਮੁੱਖ ਮਕਸਦ ਦਿੱਲੀ ਅੰਦੋਲਨ ਦੀਆਂ ਰਹਿੰਦੀਆਂ ਮੁੱਖ ਮੰਗਾਂ ਪੂਰਾ ਕਰਵਾਉਣਾ ਹੈ।
ਇਸ ਮੌਕੇ ਸੂਬਾ ਜਨਰਲ ਸਕੱਤਰ ਕਾਕਾ ਸਿੰਘ ਕੋਟੜਾ ਨੇ ਪੰਜਾਬ ਭਰ ਦੇ ਕਿਸਾਨਾਂ ਨੂੰ ਬਰਨਾਲਾ ਕਿਸਾਨ ਮਹਾਪੰਚਾਇਤ ਵਿੱਚ ਸ਼ਮੂਲੀਅਤ ਦਾ ਸੱਦਾ ਦਿੱਤਾ। ਇਸ ਤੋਂ ਪਹਿਲਾਂ ਡੱਲੇਵਾਲ ਵੱਲੋਂ ਮਹਿਲ ਕਲਾਂ ਖੇਤਰ ਦੇ ਪਿੰਡਾਂ ਵਿੱਚ ਮਹਿਲ ਕਲਾਂ, ਸਹਿਜੜਾ ਅਤੇ ਕੁਤਬਾ ਵਿੱਚ ਮੀਟਿੰਗਾਂ ਕੀਤੀਆਂ ਗਈਆਂ। ਇਸ ਮੌਕੇ ਕਿਸਾਨ ਆਗੂ ਕਰਨੈਲ ਸਿੰਘ ਗਾਂਧੀ, ਬਲੌਰ ਸਿੰਘ ਢਿੱਲਵਾਂ, ਨਛੱਤਰ ਸਿੰਘ ਸਹੌਰ ਤੇ ਜਸਪਾਲ ਸਿੰਘ ਹਾਜ਼ਰ ਸਨ।