ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ’ਚ ਕੇਂਦਰ ਸਰਕਾਰ ਸੰਜੀਦਾ ਨਹੀਂ: ਬਲਕੌਰ ਸਿੱਧੂ
ਪੱਤਰ ਪ੍ਰੇਰਕ
ਮਾਨਸਾ, 19 ਨਵੰਬਰ
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਜੇਲ੍ਹ ਵਿੱਚ ਲਾਰੈਂਸ ਬਿਸ਼ਨੋਈ ਦੀ ਜਾਰੀ ਹੋਈ ਵੀਡੀਓ ’ਤੇ ਪੰਜਾਬ ਸਰਕਾਰ ਅਤੇ ਉਸ ਦੀ ਬਣਾਈ ਹੋਈ ਸਿੱਟ ਕੁਝ ਵੀ ਨਹੀਂ ਕਰ ਸਕੀ। ਹੁਣ ਜਦੋਂ ਅਦਾਲਤਾਂ ਨੇ ਸਰਕਾਰ ਦੀ ਖਿਚਾਈ ਕੀਤੀ ਹੈ ਤਾਂ ਸਰਕਾਰਾਂ ਨੂੰ ਥੋੜ੍ਹਾ ਫ਼ਿਕਰ ਜ਼ਰੂਰ ਹੋਇਆ ਹੈ। ਉਨ੍ਹਾਂ ਕਿਹਾ ਕਿ ਸਿਰਫ ਪੰਜਾਬ ਸਰਕਾਰ ਹੀ ਨਹੀਂ, ਬਲਕਿ ਕੇਂਦਰ ਸਰਕਾਰ ਵੀ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਸੰਜੀਦਾ ਨਹੀਂ ਹੈ। ਉਹ ਅੱਜ ਪਿੰਡ ਮੂਸਾ ਵਿੱਚ ਪੰਜਾਬੀ ਗਾਇਕ ਦੇ ਪ੍ਰਸ਼ੰਸਕਾਂ ਨੂੰ ਸੰਬੋਧਨ ਕਰ ਰਹੇ ਸਨ।
ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਲਾਰੈਂਸ ਬਿਸ਼ਨੋਈ ਅਤੇ ਹੋਰ ਗੈਂਗਸਟਰਾਂ ਨੂੰ ਸੁਰੱਖਿਆ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਲ੍ਹਾਂ ਦੇ ਅਧਿਕਾਰੀ ਵੀ ਕੈਦੀਆਂ ਤੋਂ ਪੈਸੇ ਲੈਂਦੇ ਹਨ ਅਤੇ ਲਾਰੈਂਸ ਵੱਲੋਂ ਜੇਲ੍ਹ ਅਧਿਕਾਰੀਆਂ ਨੂੰ ਦਿੱਤੇ ਗਏ ਲਾਲਚਾਂ ਕਰ ਕੇ ਹੀ ਉਹ ਬੜੀ ਆਸਾਨੀ ਨਾਲ ਜੇਲ੍ਹ ਵਿੱਚ ਬੈਠਾ ਹੀ ਮੂਸੇਵਾਲਾ ਦੇ ਕਤਲ ਨੂੰ ਅੰਜਾਮ ਦੇ ਸਕਿਆ। ਬਲਕੌਰ ਸਿੰਘ ਨੇ ਕਿਹਾ ਕਿ ਹੁਣ ਅਹਿਮਦਾਬਾਦ ਜੇਲ੍ਹ ਵਿੱਚ ਲਾਰੈਂਸ ਬਿਸ਼ਨੋਈ ਨੂੰ ਰੱਖਣ ਅਤੇ 1 ਸਾਲ ਲਈ ਪੇਸ਼ੀ ’ਤੇ ਨਾ ਆਉਣ ਦੀ ਦਿੱਤੀ ਛੋਟ ਵੀ ਕੇਂਦਰ ਸਰਕਾਰ ਦੀ ਉਸ ਪ੍ਰਤੀ ਇੱਕ ਦਰਿਆਦਿਲੀ ਹੀ ਹੈ। ਉਨ੍ਹਾਂ ਪੰਜਾਬ ਦੇ ਹਾਲਾਤਾਂ ’ਤੇ ਫ਼ਿਕਰ ਕਰਦਿਆਂ ਕਿਹਾ ਕਿ ਸੂਬੇ ਵਿੱਚ ਇਸ ਵੇਲੇ 50 ਦੇ ਕਰੀਬ ਕਤਲ ਹੋ ਚੁੱਕੇ ਹਨ ਅਤੇ ਮਾਨ ਸਰਕਾਰ ਪੰਜਾਬ ਅੰਦਰ ਅਮਨ-ਕਾਨੂੰਨ ਦੀ ਸਥਿਤੀ ਸਹੀ ਹੋਣ ਦੇ ਦਾਅਵੇ ਕਰ ਰਹੀ ਹੈ।