ਕੇਂਦਰ ਸਰਕਾਰ ਨੇ ‘ਪੇਅਟੀਐਮ’ ਨੂੰ ਚੀਨ ਤੋਂ ਮਿਲੇ ਨਿਵੇਸ਼ ਬਾਰੇ ਪੜਤਾਲ ਸ਼ੁਰੂ ਕੀਤੀ
ਨਵੀਂ ਦਿੱਲੀ: ਸਰਕਾਰ ਵੱਲੋਂ ‘ਪੇਅਟੀਐਮ ਪੇਅਮੈਂਟਜ਼ ਸਰਵਿਸਿਜ਼ ਲਿਮਟਿਡ’ (ਪੀਪੀਐੱਸਐਲ) ਵਿਚ ਚੀਨ ਤੋਂ ਹੋਏ ਸਿੱਧੇ ਵਿਦੇਸ਼ੀ ਨਿਵੇਸ਼ ਦੀ ਜਾਂਚ-ਪੜਤਾਲ ਕੀਤੀ ਜਾ ਰਹੀ ਹੈ। ਸੂਤਰਾਂ ਮੁਤਾਬਕ ਨਵੰਬਰ 2020 ਵਿਚ ਪੀਪੀਐੱਸਐੱਲ ਨੇ ਆਰਬੀਆਈ ਕੋਲ ਲਾਇਸੈਂਸ ਲਈ ਅਰਜ਼ੀ ਦਿੱਤੀ ਸੀ। ਇਸ ਤਹਿਤ ਪੀਪੀਐੱਸਐੱਲ ਨੇ ਅਦਾਇਗੀ ਪਲੈਟਫਾਰਮ ਵਜੋਂ ਕੰਮ ਕਰਨਾ ਸੀ। ਹਾਲਾਂਕਿ ਨਵੰਬਰ 2022 ਵਿਚ ਆਰਬੀਆਈ ਨੇ ਕੰਪਨੀ ਦੀ ਅਰਜ਼ੀ ਖਾਰਜ ਕਰ ਦਿੱਤੀ ਤੇ ਦੁਬਾਰਾ ਅਰਜ਼ੀ ਦਾਖਲ ਕਰਨ ਲਈ ਕਿਹਾ ਤਾਂ ਜੋ ਇਸ ਨੂੰ ਐੱਫਡੀਆਈ ਦੇ ਨਿਯਮਾਂ ਤਹਿਤ ਪ੍ਰੈੱਸ ਨੋਟ 3 ਮੁਤਾਬਕ ਬਣਾਇਆ ਜਾ ਸਕੇ। ਗੌਰਤਲਬ ਹੈ ਕਿ ਪੀਪੀਐੱਸਐੱਲ ਦੀ ਮਾਲਕ ਕੰਪਨੀ ‘ਵਨ97 ਕਮਿਊਨੀਕੇਸ਼ਨਜ਼ ਲਿਮਟਿਡ’ (ਓਸੀਐਲ) ਨੂੰ ਚੀਨ ਦੀ ਫਰਮ ‘ਆਂਟ ਗਰੁੱਪ ਕੰਪਨੀ’ ਤੋਂ ਨਿਵੇਸ਼ ਮਿਲਿਆ ਹੈ। ਸੂਤਰਾਂ ਮੁਤਾਬਕ ਵੱਖ-ਵੱਖ ਮੰਤਰਾਲਿਆਂ ਦੀ ਇਕ ਕਮੇਟੀ ਪੀਪੀਐੱਸਐੱਲ ਵਿਚ ਚੀਨ ਦੇ ਨਿਵੇਸ਼ ਦੀ ਪੜਤਾਲ ਕਰ ਰਹੀ ਹੈ। ਦੱਸਣਯੋਗ ਹੈ ਕਿ ਪ੍ਰੈੱਸ ਨੋਟ ਤਿੰਨ ਦੇ ਨਿਯਮਾਂ ਤਹਿਤ ਸਰਕਾਰ ਨੇ ਗੁਆਂਢੀ ਮੁਲਕਾਂ ਤੋਂ ਕਿਸੇ ਵੀ ਖੇਤਰ ਵਿਚ ਵਿਦੇਸ਼ੀ ਨਿਵੇਸ਼ ਲਈ ਅਗਾਊਂ ਪ੍ਰਵਾਨਗੀ ਜ਼ਰੂਰੀ ਕੀਤੀ ਹੋਈ ਹੈ। ਪੇਅਟੀਐੱਮ ਦੇ ਇਕ ਬੁਲਾਰੇ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਪੀਪੀਐੱਸਐੱਲ ਨੇ ਢੁੱਕਵੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਸਾਰੇ ਢੁੱਕਵੇਂ ਦਸਤਾਵੇਜ਼ ਤੈਅ ਸਮੇਂ ਵਿਚ ਸਰਕਾਰ ਦੇ ਰੈਗੂਲੇਟਰ ਨੂੰ ਦਿੱਤੇ ਸਨ। ਬੁਲਾਰੇ ਨੇ ਕਿਹਾ, ‘ਉਸ ਸਮੇਂ ਤੋਂ ਮਾਲਕੀ ਦਾ ਢਾਂਚਾ ਬਦਲ ਗਿਆ ਹੈ। ਪੇਅਟੀਐੱਮ ਦਾ ਸੰਸਥਾਪਕ ਕੰਪਨੀ ਵਿਚ ਸਭ ਤੋਂ ਵੱਡਾ ਹਿੱਸੇਦਾਰ ਹੈ। ‘ਆਂਟ ਫਾਈਨੈਂਸ਼ੀਅਲ’ ਨੇ ਜੁਲਾਈ 2023 ਵਿਚ ਕੰਪਨੀ ਵਿਚ ਹਿੱਸੇਦਾਰੀ 10 ਪ੍ਰਤੀਸ਼ਤ ਤੋਂ ਵੀ ਘਟਾ ਦਿੱਤੀ ਸੀ। ਇਸ ਨਾਲ ਇਸ ਦੀ ਮਾਲਕ ਬਣਨ ਦੀ ਯੋਗਤਾ ਖ਼ਤਮ ਹੋ ਗਈ। ਸੰਸਥਾਪਕ ਪ੍ਰਮੋਟਰ ਕੋਲ ਹੁਣ 24.3 ਪ੍ਰਤੀਸ਼ਤ ਹਿੱਸੇਦਾਰੀ ਹੈ। ਇਸ ਲਈ ਪੀਪੀਐੱਸਐੱਲ ਵਿਚ ਚੀਨ ਤੋਂ ਐੱਫਡੀਆਈ ਬਾਰੇ ਤੁਹਾਡੀ ਸਮਝ ਗਲਤ ਤੇ ਗੁਮਰਾਹਕੁਨ ਹੈ।’ -ਪੀਟੀਆਈ