ਕੇਂਦਰ ਸਰਕਾਰ ਨੇ ਬਜਟ ’ਚ ਦਿੱਲੀ ਦੇ ਲੋਕਾਂ ਨਾਲ ਧੋਖਾ ਕੀਤਾ: ਆਤਿਸ਼ੀ
ਪੱਤਰ ਪ੍ਰੇਰਕ
ਨਵੀਂ ਦਿੱਲੀ, 25 ਜੁਲਾਈ
ਭਾਜਪਾ ਸ਼ਾਸਿਤ ਕੇਂਦਰ ਸਰਕਾਰ ਨੇ ਪਿਛਲੇ 10 ਸਾਲਾਂ ਤੋਂ ਹਰ ਬਜਟ ਵਿੱਚ ਦਿੱਲੀ ਦੇ ਲੋਕਾਂ ਨਾਲ ਧੋਖਾ ਕੀਤਾ ਹੈ। ਭਾਜਪਾ ਨੇ ਦਿੱਲੀ ਵਾਸੀਆਂ ਨਾਲ ਹਮੇਸ਼ਾ ਮਤਰੇਈ ਮਾਂ ਵਾਲਾ ਵਤੀਰਾ ਅਪਣਾਇਆ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਦਿੱਲੀ ਸਰਕਾਰ ਦੀ ਵਿੱਤ ਮੰਤਰੀ ਆਤਿਸ਼ੀ ਨੇ ਇੱਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਦਿੱਲੀ ਦੇ ਲੋਕਾਂ ਨੇ ਕੇਂਦਰ ਸਰਕਾਰ ਨੂੰ 15,59,933 ਕਰੋੜ ਰੁਪਏ ਦਾ ਆਮਦਨ ਕਰ ਅਦਾ ਕੀਤਾ ਹੈ। ਇਸ ਦੇ ਬਦਲੇ ਦਿੱਲੀ ਨੂੰ ਸਿਰਫ਼ 7,534 ਕਰੋੜ ਰੁਪਏ ਮਿਲੇ ਹਨ। ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਨੂੰ 5 ਲੱਖ ਕਰੋੜ ਰੁਪਏ ਦੇ ਇਨਕਮ ਟੈਕਸ ਦੇ ਬਦਲੇ 50,000 ਕਰੋੜ ਰੁਪਏ, ਕਰਨਾਟਕ ਨੂੰ 2 ਲੱਖ ਕਰੋੜ ਰੁਪਏ ਦੇ ਇਨਕਮ ਟੈਕਸ ਦੇ ਬਦਲੇ 30,000 ਕਰੋੜ ਰੁਪਏ ਮਿਲੇ ਹਨ ਪਰ ਜਦੋਂ ਦਿੱਲੀ ਦੇ ਲੋਕ 2 ਲੱਖ ਕਰੋੜ ਰੁਪਏ ਦਾ ਇਨਕਮ ਟੈਕਸ ਅਦਾ ਕਰਦੇ ਹਨ ਤਾਂ ਉਨ੍ਹਾਂ ਨੂੰ ਸਿਰਫ਼ 1061 ਕਰੋੜ ਰੁਪਏ ਹੀ ਕਿਉਂ ਮਿਲੇ ? ਉਨ੍ਹਾਂ ਸਵਾਲ ਕੀਤਾ ਕਿ ਕੀ ਦਿੱਲੀ ਦੇ ਲੋਕਾਂ ਨੂੰ ਆਪਣੇ ਸ਼ਹਿਰ ਦੀ ਤਰੱਕੀ ਲਈ ਆਪਣੀ ਮਿਹਨਤ ਦੀ ਕਮਾਈ ਦਾ ਹਿੱਸਾ ਨਹੀਂ ਮਿਲਣਾ ਚਾਹੀਦਾ। ਉਨ੍ਹਾਂ ਸਵਾਲ ਚੁੱਕਿਆ ਕਿ ਭਾਜਪਾ ਸ਼ਾਸਿਤ ਕੇਂਦਰ ਸਰਕਾਰ ਦਿੱਲੀ ਦੇ ਲੋਕਾਂ ਨਾਲ ਇਹ ਬੇਇਨਸਾਫੀ ਕਿਉਂ ਕਰ ਰਹੀ ਹੈ ? ਦਿੱਲੀ ਦੇ ਲੋਕਾਂ ਨੂੰ ਉਨ੍ਹਾਂ ਦਾ ਸਹੀ ਪੈਸਾ ਕਿਉਂ ਨਹੀਂ ਮਿਲਦਾ ?
ਉਨ੍ਹਾਂ ਅੰਕੜੇ ਗਿਣਾਉਂਦਿਆਂ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਨੇ 10 ਸਾਲਾਂ ਵਿੱਚ ਦਿੱਲੀ ਵਾਸੀਆਂ ਤੋਂ 15 ਲੱਖ ਕਰੋੜ ਰੁਪਏ ਟੈਕਸ ਵਸੂਲਿਆ ਪਰ ਬਦਲੇ ਵਿੱਚ ਸਿਰਫ਼ 7500 ਕਰੋੜ ਰੁਪਏ ਹੀ ਦਿੱਤੇ। ਇਹ ਅੰਗਰੇਜ਼ਾਂ ਦੇ ਰਾਜ ਦੌਰਾਨ ਹੋਏ ਅੱਤਿਆਚਾਰਾਂ ਵਾਂਗ ਹੈ। ਜੇਕਰ ਕੇਂਦਰ ਸਰਕਾਰ ਦੇਸ਼ ਦੇ ਬਾਕੀ ਸੂਬਿਆਂ ਨੂੰ ਪੈਸਾ ਦੇ ਸਕਦੀ ਹੈ ਤਾਂ ਦਿੱਲੀ ਦੇ ਲੋਕਾਂ ਨੂੰ ਵੀ ਉਨ੍ਹਾਂ ਦਾ ਸਹੀ ਪੈਸਾ ਮਿਲਣਾ ਚਾਹੀਦਾ ਹੈ, ਇਹ ਦਿੱਲੀ ਦੇ ਲੋਕਾਂ ਦਾ ਹੱਕ ਹੈ।