ਪੰਜਾਬ ਦੀ ਝਾਕੀ ਪਰੇਡ ’ਚ ਸ਼ਾਮਲ ਨਾ ਹੋਣ ਲਈ ਕੇਂਦਰ ਜ਼ਿੰਮੇਵਾਰ ਨਹੀਂ: ਸ਼ੇਖਾਵਤ
ਮਨੋਜ ਕੁਮਾਰ ਸ਼ਰਮਾ
ਬਠਿੰਡਾ 30 ਦਸੰਬਰ
ਕੇਂਦਰੀ ਜਲ ਸਰੋਤ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਪੰਜਾਬ ਦੀ ਝਾਕੀ ਗਣਤੰਤਰ ਦਿਵਸ ਦੀ ਕੌਮੀ ਪਰੇਡ ਵਿੱਚ ਸ਼ਾਮਲ ਨਾ ਕੀਤੇ ਜਾਣ ਲਈ ਕੇਂਦਰ ਸਰਕਾਰ ਜ਼ਿੰਮੇਵਾਰ ਨਹੀਂ ਹੈ। ਇਹ ਦਾਅਵਾ ਉਨ੍ਹਾਂ ਅੱਜ ਇੱਥੇ ਏਮਸ ਬਠਿੰਡਾ ਵਿੱਚ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਕੀਤਾ। ਉਹ ਦੋ ਦਿਨਾਂ ਦੌਰੇ ’ਤੇ ਅੱਜ ਬਠਿੰਡਾ ਪੁੱਜੇ ਹਨ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਗਣਤੰਤਰ ਦਿਵਸ ਦੀ ਕੌਮੀ ਪਰੇਡ ’ਚੋਂ ਪੰਜਾਬ ਦੀ ਝਾਕੀ ਬਾਹਰ ਰੱਖੇ ਜਾਣ ਸਬੰਧੀ ਸਪੱਸ਼ਟੀਕਰਨ ਦਿੰਦਿਆਂ ਸ਼ੇਖਾਵਤ ਨੇ ਕਿਹਾ, ‘‘ਝਾਕੀਆਂ ਦੀ ਚੋਣ ਲਈ ਇੱਕ ਕਮੇਟੀ ਬਣੀ ਹੋਈ ਹੈ ਜੋ ਕਿ ਵੱਖ-ਵੱਖ ਸੂਬਿਆਂ ਦੀਆਂ ਝਾਕੀਆਂ ਦੇ ਪ੍ਰਸਤਾਵ ਦੇਖਦੀ ਹੈ। ਇਸ ਮਾਮਲੇ ਵਿੱਚ ਸਰਕਾਰ ਦਾ ਕੋਈ ਦਖ਼ਲ ਨਹੀਂ ਹੈ।’’ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ 10 ਸਾਲਾਂ ਦੇ ਰਾਜ ਦੌਰਾਨ ਗਣਤੰਤਰ ਦਿਵਸ ਮੌਕੇ ਪੰਜਾਬ ਨੂੰ ਸੱਤ ਵਾਰ ਝਾਕੀਆਂ ਦਿਖਾਉਣ ਦਾ ਮੌਕਾ ਮਿਲਿਆ ਹੈ ਪਰ ਹੁਣ ਇਸ ਮਾਮਲੇ ਨੂੰ ਸ਼ਹੀਦ ਭਗਤ ਸਿੰਘ ਨਾਲ ਜੋੜ ਕੇ ਰਾਜਨੀਤੀ ਕੀਤੀ ਜਾ ਰਹੀ ਹੈ। ਭਾਜਪਾ ਆਗੂ ਨੇ ਕਿਹਾ ਕਿ ਕਈ ਅਜਿਹੇ ਸੂਬੇ ਵੀ ਹਨ ਜਿਨ੍ਹਾਂ ਨੂੰ ਹਾਲੇ ਤੱਕ ਗਣਤੰਤਰ ਦਿਵਸ ਮੌਕੇ ਝਾਕੀ ਪੇਸ਼ ਕਰਨ ਦਾ ਮੌਕਾ ਹੀ ਨਹੀਂ ਮਿਲਿਆ।
ਕੇਂਦਰੀ ਮੰਤਰੀ ਨੇ ਬਠਿੰਡਾ ਬਾਰੇ ਕਿਹਾ ਕਿ ਮਾਲਵਾ ਦੀ ਕੈਂਸਰ ਪੱਟੀ ਵਜੋਂ ਮਸ਼ਹੂਰ ਇਸ ਖੇਤਰ ਵਿੱਚੋਂ ਪਹਿਲਾਂ ਕਦੇ ‘ਕੈਂਸਰ ਐਕਸਪ੍ਰੈੱਸ’ ਰੇਲ ਗੱਡੀ ਚੱਲਦੀ ਸੀ ਪਰ ਹੁਣ ਏਮਸ ਹਸਪਤਾਲ ਕਾਰਨ ਇੱਥੇ ਹੀ ਕੈਂਸਰ ਦਾ ਇਲਾਜ ਸੰਭਵ ਹੋਇਆ ਹੈ। ਉਨ੍ਹਾਂ ਕਿਹਾ ਕਿ ਏਮਸ ਕਾਰਨ ਪੂਰੇ ਦੇਸ਼ ਵਿੱਚ ਬਠਿੰਡਾ ਦੀ ਪਛਾਣ ਬਣੀ ਹੈ। ਇਸ ਮੌਕੇ ਉਨ੍ਹਾਂ ਨੇ ਕੇਂਦਰ ਸਰਕਾਰ ਵੱਲੋਂ ਕੀਤੇ ਜਾ ਕੰਮਾਂ ਦੇ ਗੁਣਗਾਨ ਕਰਦਿਆਂ ਲੋਕਾਂ ਨੂੰ ਦੇਸ਼ ਲਈ ‘ਟੀਮ ਇੰਡੀਆ’ ਵਜੋਂ ਕੰਮ ਕਰਨ ਦੀ ਅਪੀਲ ਵੀ ਕੀਤੀ।
‘ਸ਼੍ਰੋਮਣੀ ਕਮੇਟੀ ਸਾਹਿਬਜ਼ਾਦਿਆਂ ਦੇ ਕਿਰਦਾਰਾਂ ਬਾਰੇ ਆਪਣੇ ਪੱਧਰ ’ਤੇ ਇਤਰਾਜ਼ ਉਠਾਏ’
ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਵੀਰ ਬਾਲ ਦਿਵਸ ਮੌਕੇ ਕਈ ਸਕੂਲਾਂ ਵਿੱਚ ਸਾਹਿਬਜ਼ਾਦਿਆਂ ਦੇ ਕਿਰਦਾਰ ਬੱਚਿਆਂ ਵੱਲੋਂ ਨਿਭਾਏ ਜਾਣ ਸਬੰਧੀ ਸ਼੍ਰੋਮਣੀ ਕਮੇਟੀ ਦੇ ਇਤਰਾਜ਼ ਬਾਰੇ ਕਿਹਾ ਕਿ ਇਹ ਪਾਤਰ ਸਰਕਾਰ ਵੱਲੋਂ ਨਹੀਂ ਬਣਾਏ ਗਏ। ਜੇਕਰ ਸ਼੍ਰੋਮਣੀ ਕਮੇਟੀ ਨੂੰ ਇਤਰਾਜ਼ ਹੈ ਤਾਂ ਉਹ ਆਪਣੇ ਪਲੈਟਫਾਰਮ ਰਾਹੀਂ ਇਤਰਾਜ਼ ਰੱਖ ਸਕਦੀ ਹੈ। ਭਾਜਪਾ-ਸ਼੍ਰੋਮਣੀ ਅਕਾਲੀ ਦਲ ਗੱਠਜੋੜ ਦੀ ਸੰਭਾਵਨਾ ਬਾਰੇ ਉਨ੍ਹਾਂ ਕਿਹਾ ਕਿ ਰਾਜਨੀਤੀ ਵਿੱਚ ਜੋੜ-ਤੋੜ ਚੱਲਦੇ ਰਹਿੰਦੇ ਹਨ। ਹਾਲਾਂਕਿ, ਉਨ੍ਹਾਂ ਸਪੱਸ਼ਟ ਕੀਤਾ ਕਿ ਹਾਲੇ ਤੱਕ ਕੋਈ ਸਮਝੌਤਾ ਨਹੀਂ ਹੋਇਆ ਹੈ।