ਝੋਨੇ ਦੀ ਖ਼ਰੀਦ ’ਚ ਅੜਿੱਕੇ ਡਾਹ ਰਿਹੈ ਕੇਂਦਰ: ਮੁੰਡੀਆਂ
ਹਰਜੀਤ ਸਿੰਘ
ਡੇਰਾਬਸੀ, 22 ਅਕਤੂਬਰ
ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਨਾਲ ਵਿਤਕਰੇਬਾਜ਼ੀ ਕਰਦੀ ਹੋਈ ਸੂਬੇ ਦੇ ਕਿਸਾਨਾਂ ਅਤੇ ਅਮਨ-ਸ਼ਾਂਤੀ ਨੂੰ ਖ਼ਰਾਬ ਕਰਨ ਲਈ ਝੋਨੇ ਦੀ ਖ਼ਰੀਦ ਵਿੱਚ ਅੜਿੱਕੇ ਡਾਹ ਰਹੀ ਹੈ। ਮੰਤਰੀ ਮੁੰਡੀਆਂ ਅੱਜ ਡੇਰਾਬਸੀ ਵਿੱਚ ਇਕ ਸਮਾਗਮ ਉਪਰੰਤ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ।
ਸ੍ਰੀ ਮੁੰਡੀਆ ਨੇ ਕਿਹਾ ਕਿ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਦੀ ਗਾਰੰਟੀ ਦੇਣ ਦੀ ਗੱਲ ਦੇ ਦਾਅਵੇ ਕਰਨ ਵਾਲੀ ਕੇਂਦਰ ਸਰਕਾਰ ਨੇ ਹੁਣ ਜਾਣਬੁੱਝ ਕੇ ਮਿੱਥੇ ਸਮੇਂ ’ਤੇ ਫ਼ਸਲ ਨੂੰ ਨਹੀਂ ਚੁੱਕ ਰਹੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਕੇਂਦਰ ਨੂੰ ਲਗਾਤਾਰ ਪੱਤਰ ਲਿਖੇ ਹਨ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਦ ਕੇਂਦਰੀ ਮੰਤਰੀ ਨੂੰ ਮਿਲਣ ਗਏ ਪਰ ਇਸ ਦੇ ਬਾਵਜੂਦ ਕੇਂਦਰ ਫੋਕੀ ਰਾਜਨੀਤੀ ਕਰਨ ਲਈ ਪੰਜਾਬ ਦੇ ਗੋਦਾਮ ਖਾਲੀ ਨਹੀਂ ਕਰ ਰਿਹਾ।
ਕੈਬਨਿਟ ਮੰਤਰੀ ਨੇ ਕਿਹਾ ਕਿ ਅੰਨਦਾਤੇ ਦੀ ਗੱਲ ਕਰਨ ਵਾਲੇ ਦੇਸ਼ ਦੇ ਪ੍ਰਧਾਨ ਮੰਤਰੀ ਚੁੱਪ ਬੈਠੇ ਹਨ। ਇਸ ਮੌਕੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਮੰਤਰੀ ਮੁੰਡੀਆਂ ਦਾ ਸਵਾਗਤ ਕੀਤਾ।