ਸੈਲਾਨੀਆਂ ਲਈ ਬਣਾਇਆ ਕੇਂਦਰ ਸ਼ਰਾਬੀਆਂ ਦੀ ਠਾਹਰ ਬਣਿਆ
ਕੁਲਵਿੰਦਰ ਕੌਰ
ਫਰੀਦਾਬਾਦ, 7 ਸਤੰਬਰ
ਹਰਿਆਣਾ ਟੂਰਿਜ਼ਮ ਵਿਭਾਗ ਵੱਲੋਂ ਫਰੀਦਾਬਾਦ ਦੇ ਸੈਲਾਨੀ ਕੇਂਦਰ ਸੂਰਜ ਕੁੰਡ ਵਿੱਚ 2010 ਵਿੱਚ ਬਣਾਇਆ ਗਿਆ ਜੰਗਲ ਫਾਊਲ ਕੈਂਪਸ ਹੁਣ ਉਜਾੜ ਬਣ ਚੁੱਕਿਆ ਹੈ ਅਤੇ ਇੱਥੇ ਸ਼ਾਮ ਵੇਲੇ ਸ਼ਰਾਬੀਆਂ ਦੀ ਮਹਿਫ਼ਿਲ ਜੁੜਦੀ ਹੈ। ਸੂਰਜਕੁੰਡ ਮਹਿਰੌਲੀ ਮਾਰਗ ’ਤੇ ਬਣਾਏ ਗਏ ਇਸ ਕੈਂਪ ਦਾ ਮਕਸਦ ਰਾਸ਼ਟਰਮੰਡਲ ਖੇਡਾਂ 2010 ਦੌਰਾਨ ਵਿਦੇਸ਼ੀ ਸੈਲਾਨੀਆਂ ਨੂੰ ਠਾਹਰ ਦੇਣਾ ਸੀ ਪਰ ਮਗਰੋਂ ਇਸ ਕੈਂਪਸ ਦੀ ਪ੍ਰਸਿੱਧੀ ਨਹੀਂ ਹੋ ਸਕੀ ਅਤੇ ਇਹ ਸੈਰ ਸਪਾਟਾ ਵਿਭਾਗ ਲਈ ਚਿੱਟਾ ਹਾਥੀ ਸਾਬਤ ਹੋਇਆ। ਇਹ ਪ੍ਰਾਜੈਕਟ ਸਰਕਾਰੀ ਅਤੇ ਨਿਜੀ ਭਾਈਵਾਲੀ ਤਹਿਤ ਬਣਾਇਆ ਗਿਆ ਸੀ ਪਰ ਲੋਕਾਂ ਵੱਲੋਂ ਉਮੀਦ ਮੁਤਾਬਕ ਹੁੰਗਾਰਾ ਨਹੀਂ ਦਿੱਤਾ ਗਿਆ। ਘਾਟਾ ਦੇਖਦੇ ਹੋਏ ਨਿੱਜੀ ਕੰਪਨੀ ਨੇ ਇਸ ਤੋਂ ਹੱਥ ਖਿੱਚ ਲਏ ਜਿਸ ਮਗਰੋਂ ਕੁਝ ਸਾਲ ਤੱਕ ਇੱਥੇ ਵੀਰਾਨੀ ਛਾਈ ਰਹੀ। ਹੁਣ ਇੱਥੇ ਹਰੇ ਭਰੇ ਮੈਦਾਨਾਂ ਦੀ ਬਜਾਏ ਜੰਗਲੀ ਬੂਟੀਆਂ ਹਨ ਅਤੇ ਇਸ ਦੀ ਸਜਾਵਟ ਲਈ ਲਾਏ ਹੋਏ ਪੱਥਰ ਉੱਖੜ ਚੁੱਕੇ ਹਨ। ਇਸ ਪ੍ਰਾਜੈਕਟ ਦਾ ਉਦਘਾਟਨ ਤਤਕਾਲੀ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ 10 ਸਤੰਬਰ 2010 ਨੂੰ ਕੀਤਾ ਸੀ ਅਤੇ ਰਾਸ਼ਟਰਮੰਡਲ ਖੇਡਾਂ ਦੇ ਵਿਦੇਸ਼ੀ ਮਹਿਮਾਨਾਂ ਲਈ ਇਹ ਰਿਹਾਇਸ਼ਗਾਹ ਬਣਾਈ ਗਈ ਸੀ।
ਹੁਣ ਇੱਥੇ ਹਰੀ ਪੱਟੀ ਵਿੱਚ ਸ਼ਰਾਬ ਦਾ ਠੇਕਾ ਖੋਲ੍ਹਿਆ ਗਿਆ ਹੈ ਅਤੇ ਜੰਗਲ ਫਾਊਲ ਵਾਲੀ ਥਾਂ ’ਤੇ ਲੋਕ ਸ਼ਾਮ ਢਲਦੇ ਹੀ ਸ਼ਰਾਬ ਪੀਂਦੇ ਅਕਸਰ ਦੇਖੇ ਜਾ ਸਕਦੇ ਹਨ। ਇਸ ਪ੍ਰਾਜੈਕਟ ਦੇ ਬਣਾਉਣ ਸਮੇਂ ਕੇਂਦਰੀ ਸਲਾਨੀ ਵਿਭਾਗ ਵੱਲੋਂ ਸੂਰਜ ਕੁੰਡ ਨੂੰ ਨਿਖਾਰਨ ਲਈ 361 ਲੱਖ ਰੁਪਏ ਗ੍ਰਾਂਟ ਦਿੱਤੀ ਗਈ ਸੀ ਜਿਸ ਵਿੱਚੋਂ ਇਹ ਕੈਂਪਸ ਵੀ ਤਿਆਰ ਕੀਤਾ ਗਿਆ ਸੀ। ਹੁਣ ਇਸ ਦੇ ਪਾਰਕ ਵਿੱਚ ਕਦੇ ਕਦੇ ਵਿਆਹ ਸਮਾਗਮ ਹੁੰਦੇ ਹਨ।
ਸ਼ਰਾਬ ਦੇ ਠੇਕੇ ਵਾਲੇ ਨੂੰ ਨੋਟਿਸ ਦਿੱਤਾ ਜਾਵੇਗਾ: ਭਾਰਦਵਾਜ
ਟੂਰਜ਼ਿਮ ਵਿਭਾਗ ਦੇ ਅਧਿਕਾਰੀ ਊਮਾ ਸ਼ੰਕਰ ਭਾਰਦਵਾਜ ਨੇ ਦੱਸਿਆ ਕਿ ਸ਼ਰਾਬ ਦੇ ਠੇਕੇ ਵਾਲੇ ਨੂੰ ਨੋਟਿਸ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਇਲਾਕਾ ਜੰਗਲਾਤ ਦਾ ਹੈ ਇਸ ਲਈ ਇਥੇ ਸੀਮਿੰਟ ਦੀ ਪੱਕੀ ਉਸਾਰੀ ਨਹੀਂ ਕੀਤੀ ਜਾ ਸਕਦੀ, ਸਿਰਫ਼ ਆਰਜ਼ੀ ਪ੍ਰਬੰਧ ਹੀ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਹੋਟਲ ਰਾਜਹੰਸ ਦੇ ਸਾਹਮਣੇ ਬਾਕਾਇਦਾ ਪਾਰਟੀਆਂ ਦਾ ਸ਼ਾਨਦਾਰ ਪ੍ਰਬੰਧ ਹੁੰਦਾ ਹੈ।