For the best experience, open
https://m.punjabitribuneonline.com
on your mobile browser.
Advertisement

ਕੇਂਦਰ ਵੱਲੋਂ ਲੱਦਾਖ ਵਿੱਚ ਪੰਜ ਨਵੇਂ ਜ਼ਿਲ੍ਹਿਆਂ ਦਾ ਐਲਾਨ

07:15 AM Aug 27, 2024 IST
ਕੇਂਦਰ ਵੱਲੋਂ ਲੱਦਾਖ ਵਿੱਚ ਪੰਜ ਨਵੇਂ ਜ਼ਿਲ੍ਹਿਆਂ ਦਾ ਐਲਾਨ
Advertisement

* ਮੋਦੀ ਸਰਕਾਰ ਲੱਦਾਖ ਦੇ ਲੋਕਾਂ ਲਈ ਮੌਕੇ ਪੈਦਾ ਕਰਨ ਲਈ ਵਚਨਬੱਧ: ਸ਼ਾਹ
* ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਫ਼ੈਸਲੇ ਦਾ ਸਵਾਗਤ

Advertisement

ਲੇਹ/ਨਵੀਂ ਦਿੱਲੀ, 26 ਅਗਸਤ
ਕੇਂਦਰੀ ਗ੍ਰਹਿ ਮੰਤਰਾਲੇ (ਐੱਮਐੱਚਏ) ਨੇ ਅੱਜ ਲੱਦਾਖ ਵਿੱਚ ਪੰਜ ਨਵੇਂ ਜ਼ਿਲ੍ਹੇ ਜ਼ਾਂਸਕਰ, ਦਰਾਸ, ਸ਼ਾਮ, ਨੁਬਰਾ ਅਤੇ ਚਾਂਗਥਾਂਗ ਬਣਾਉਣ ਦਾ ਐਲਾਨ ਕੀਤਾ ਹੈ। ਇਸ ਫ਼ੈਸਲੇ ਨਾਲ ਇਸ ਕੇਂਦਰੀ ਸ਼ਾਸਿਤ ਪ੍ਰਦੇਸ਼ (ਯੂਟੀ) ਵਿੱਚ ਜ਼ਿਲ੍ਹਿਆਂ ਦੀ ਗਿਣਤੀ ਵਧ ਕੇ ਸੱਤ ਹੋ ਗਈ ਹੈ। ਇਸ ਦੇ ਗ੍ਰਹਿ ਮੰਤਰਾਲੇ ਨੇ ਯੂਟੀ ਪ੍ਰਸ਼ਾਸਨ ਨੂੰ ਨਵੇਂ ਜ਼ਿਲ੍ਹਿਆਂ ਨਾਲ ਸਬੰਧਤ ਵੱਖ-ਵੱਖ ਪਹਿਲੂਆਂ ਦਾ ਮੁਲਾਂਕਣ ਕਰਨ ਲਈ ਇੱਕ ਕਮੇਟੀ ਬਣਾਉਣ ਦਾ ਹੁਕਮ ਦਿੱਤਾ ਹੈ। ਇਹ ਕਮੇਟੀ ਨਵੇਂ ਐਲਾਨੇ ਜ਼ਿਲ੍ਹਿਆਂ ਦੇ ਹੈੱਡਕੁਆਰਟਰ, ਹੱਦਾਂ, ਬਣਤਰ ਅਤੇ ਜ਼ਿਲ੍ਹਿਆਂ ਦੇ ਗਠਨ ਨਾਲ ਸਬੰਧਤ ਹੋਰ ਪਹਿਲੂਆਂ ਦਾ ਮੁਲਾਂਕਣ ਕਰਕੇ ਇਸ ਦੀ ਰਿਪੋਰਟ ਤਿੰਨ ਮਹੀਨਿਆਂ ਵਿੱਚ ਸੌਂਪੇਗੀ। ਕਮੇਟੀ ਦੀ ਰਿਪੋਰਟ ਮਗਰੋਂ ਕੇਂਦਰੀ ਸ਼ਾਸਿਤ ਪ੍ਰਦੇਸ਼ ਲੱਦਾਖ ਇਸ ਰਿਪੋਰਟ ਦੇ ਆਧਾਰ ’ਤੇ ਅਗਲੀ ਕਾਰਵਾਈ ਲਈ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਆਖਰੀ ਤਜਵੀਜ਼ ਭੇਜੇਗਾ।
ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਲੱਦਾਖ ਦੇ ਲੋਕਾਂ ਲਈ ਮੌਕੇ ਪੈਦਾ ਕਰਨ ਵਾਸਤੇ ਵਚਨਬੱਧ ਹੈ। ਉਨ੍ਹਾਂ ਕਿਹਾ, ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਿਕਸਤ ਅਤੇ ਖੁਸ਼ਹਾਲ ਲੱਦਾਖ ਬਣਾਉਣ ਦੀ ਸੋਚ ਅਨੁਸਾਰ ਗ੍ਰਹਿ ਮੰਤਰਾਲੇ ਨੇ ਕੇਂਦਰੀ ਸ਼ਾਸਿਤ ਪ੍ਰਦੇਸ਼ ਵਿੱਚ ਪੰਜ ਨਵੇਂ ਜ਼ਿਲ੍ਹੇ ਬਣਾਉਣ ਦਾ ਫ਼ੈਸਲਾ ਕੀਤਾ ਹੈ। ਇਨ੍ਹਾਂ ਨਵੇਂ ਜ਼ਿਲ੍ਹਿਆਂ ਵਿੱਚ ਜ਼ਾਂਸਕਰ, ਦਰਾਸ, ਸ਼ਾਮ, ਨੁਬਰਾ ਅਤੇ ਚਾਂਗਥਾਂਗ ਸ਼ਾਮਲ ਹਨ, ਜੋ ਲੱਦਾਖ ਦੇ ਹਰ ਹਿੱਸੇ ਵਿੱਚ ਸ਼ਾਸਨ ਨੂੰ ਮਜ਼ਬੂਤ ਕਰਨਗੇ ਅਤੇ ਲੋਕਾਂ ਨੂੰ ਉਨ੍ਹਾਂ ਦੇ ਦਰਵਾਜ਼ੇ ਤੱਕ ਲਾਭ ਪਹੁੰਚਾਉਣਗੇ।’’
ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੱਦਾਖ ਵਿੱਚ ਪੰਜ ਨਵੇਂ ਜ਼ਿਲ੍ਹੇ ਬਣਾਉਣ ਦੇ ਫ਼ੈਸਲੇ ਦੀ ਸ਼ਲਾਘਾ ਕੀਤੀ ਅਤੇ ਇਸ ਨੂੰ ਬਿਹਤਰ ਪ੍ਰਸ਼ਾਸਨ ਅਤੇ ਖੁਸ਼ਹਾਲੀ ਵੱਲ ਇੱਕ ਹੋਰ ਕਦਮ ਦੱਸਿਆ। ਉਨ੍ਹਾਂ ਕਿਹਾ ਕਿ ਹੁਣ ਜ਼ਾਂਸਕਰ, ਦਰਾਸ, ਸ਼ਾਮ, ਨੁਬਰਾ ਅਤੇ ਚਾਂਗਥਾਂਗ ’ਤੇ ਜ਼ਿਆਦਾ ਧਿਆਨ ਦਿੱਤਾ ਜਾਵੇਗਾ। ਉਨ੍ਹਾਂ ਐਕਸ ’ਤੇ ਕਿਹਾ, ‘‘ਲੱਦਾਖ ਵਿੱਚ ਪੰਜ ਨਵੇਂ ਜ਼ਿਲ੍ਹਿਆਂ ਦਾ ਨਿਰਮਾਣ ਬਿਹਤਰ ਪ੍ਰਸ਼ਾਸਨ ਅਤੇ ਖੁਸ਼ਹਾਲੀ ਵੱਲ ਕਦਮ ਹੈ।’’
ਭਾਜਪਾ ਦੇ ਸਾਬਕਾ ਸੰਸਦ ਮੈਂਬਰ ਜਾਮਯਾਂਗ ਸੇਰਿੰਗ ਨਾਮਗਿਆਲ ਨੇ ਕੇਂਦਰ ਦੇ ਇਸ ਐਲਾਨ ਨੂੰ ਲੱਦਾਖ ਦੇ ਲੋਕਾਂ ਲਈ ‘ਜਨਮਅਸ਼ਟਮੀ’ ਦਾ ਤੋਹਫ਼ਾ ਕਰਾਰ ਦਿੱਤਾ। ਉਨ੍ਹਾਂ ਪੰਜ ਨਵੇਂ ਜ਼ਿਲ੍ਹੇ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਲਈ ਲੱਦਾਖ ਦੇ ਉਪ ਰਾਜਪਾਲ ਬ੍ਰਿਗੇਡੀਅਰ (ਸੇਵਾਮੁਕਤ) ਬੀਡੀ ਮਿਸ਼ਰਾ ਦੀ ਵੀ ਸ਼ਲਾਘਾ ਕੀਤੀ।
ਵਾਤਾਵਰਨ ਕਾਰਕੁਨ ਅਤੇ ਲੇਹ ਐਪਕਸ ਬਾਡੀ ਦੇ ਮੈਂਬਰ ਸੋਨਮ ਵਾਂਗਚੁਕ ਨੇ ਕੇਂਦਰ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ, ‘‘ਮੈਂ ਲੱਦਾਖ ਦੇ ਲੋਕਾਂ ਵੱਲੋਂ ਗ੍ਰਹਿ ਮੰਤਰੀ ਅਤੇ ਮੋਦੀ ਸਰਕਾਰ ਦਾ ਧੰਨਵਾਦੀ ਹੈ। ਨਵੇਂ ਜ਼ਿਲ੍ਹੇ ਬਣਾਉਣ ਦੀ ਸਥਾਨਕ ਲੋਕਾਂ ਦੀ ਮੰਗ ਲੰਮੇ ਸਮੇਂ ਤੋਂ ਲਟਕ ਰਹੀ ਸੀ।’’ ਉਨ੍ਹਾਂ ਕਿਹਾ, ‘‘ਇਹ ਫ਼ੈਸਲਾ ਭਾਜਪਾ ਵੱਲੋਂ ਇਨ੍ਹਾਂ ਖੇਤਰਾਂ ਦੇ ਲੋਕਾਂ ਨਾਲ ਕੀਤੇ ਗਏ ਵਾਅਦੇ ਮੁਤਾਬਕ ਹੈ ਪਰ ਸਾਨੂੰ ਇਹ ਦੇਖਣਾ ਪਵੇਗਾ ਕਿ ਕੀ ਇਹ ਸਿਰਫ਼ ਪ੍ਰਸ਼ਾਸਨਿਕ ਜ਼ਿਲ੍ਹੇ ਹਨ ਜਾਂ ਜਮਹੂਰੀ ਇਕਾਈਆਂ।’’ ਉਨ੍ਹਾਂ ਕੇਂਦਰ ਨੂੰ ਆਪਣੀਆਂ ਬਾਕੀ ਮੰਗਾਂ ਵੀ ਯਾਦ ਕਰਵਾਈਆਂ। ਕਾਂਗਰਸ ਦੇ ਲੱਦਾਖ ਇਕਾਈ ਦੇ ਪ੍ਰਧਾਨ ਨਵਾਂਗ ਰਿਗਜ਼ਿਨ ਜੋਰਾ ਨੇ ਵੀ ਕੇਂਦਰ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ। ਹਾਲਾਂਕਿ ਉਨ੍ਹਾਂ ਕਿਹਾ ਕਿ ਸਿਰਫ ਪ੍ਰਸ਼ਾਸਨਿਕ ਜ਼ਿਲ੍ਹੇ ਬਣਾਉਣ ਨਾਲ ਲੱਦਾਖ ਦੇ ਲੋਕਾਂ ਦਾ ਵਾਤਾਵਰਨ, ਸੱਭਿਆਚਾਰ ਅਤੇ ਪਛਾਣ ਨਹੀਂ ਬਚੇਗੀ। ਇਨ੍ਹਾਂ ਮੁੱਦਿਆਂ ’ਤੇ ਉਹ 4 ਸਾਲਾਂ ਤੋਂ ਸੜਕਾਂ ’ਤੇ ਹਨ। ਇਸ ਤੋਂ ਪਹਿਲਾਂ ਲੱਦਾਖ ਵਿੱਚ ਸਿਰਫ ਦੋ ਜ਼ਿਲ੍ਹੇ ਲੇਹ ਅਤੇ ਕਾਰਗਿਲ ਸਨ। ਨਵੇਂ ਜ਼ਿਲ੍ਹੇ ਬਣਨ ਨਾਲ ਲੱਦਾਖ ਵਿੱਚ ਕੁੱਲ ਜ਼ਿਲ੍ਹਿਆਂ ਦੀ ਗਿਣਤੀ ਸੱਤ ਹੋ ਗਈ ਹੈ। 2019 ਤੋਂ ਪਹਿਲਾਂ ਲੱਦਾਖ ਜੰਮੂ ਕਸ਼ਮੀਰ ਦਾ ਹਿੱਸਾ ਸੀ। ਅਗਸਤ 2019 ’ਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੇ ਸੂਬੇ ਦਾ ਵਿਸ਼ੇਸ਼ ਦਰਜਾ ਹਟਾ ਕੇ ਇਸ ਨੂੰ ਦੋ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਜੰਮੂ ਕਸ਼ਮੀਰ ਅਤੇ ਲੱਦਾਖ ਵਿੱਚ ਵੰਡ ਦਿੱਤਾ ਸੀ। -ਪੀਟੀਆਈ

Advertisement

ਕੀ ਨਵੇਂ ਜ਼ਿਲ੍ਹਿਆਂ ਲਈ ਵੀ ਆਟੋਨੋਮਸ ਹਿੱਲ ਡਿਵੈਲਪਮੈਂਟ ਕੌਂਸਲਾਂ ਦੀ ਚੋਣ ਹੋਵੇਗੀ: ਜੈਰਾਮ ਰਮੇਸ਼

ਨਵੀਂ ਦਿੱਲੀ:

ਲੱਦਾਖ ਵਿੱਚ ਪੰਜ ਨਵੇਂ ਜ਼ਿਲ੍ਹਿਆਂ ਦੇ ਐਲਾਨ ਤੋਂ ਬਾਅਦ ਕਾਂਗਰਸ ਨੇ ਅੱਜ ਸਵਾਲ ਕੀਤਾ ਕਿ ਕੀ ਇਨ੍ਹਾਂ ’ਚੋਂ ਹਰ ਜ਼ਿਲ੍ਹੇ ਲਈ ‘ਆਟੋਨੋਮਸ ਹਿੱਲ ਡਿਵੈਲਪਮੈਂਟ ਕੌਂਸਲ’ ਦੀ ਚੋਣ ਕੀਤੀ ਜਾਵੇਗੀ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ‘ਐਕਸ’ ’ਤੇ ਪੋਸਟ ’ਚ ਕਿਹਾ, ‘‘ਲੇਹ ਲਈ ਚੁਣੀ ਗਈ ‘ਆਟੋਨੋਮਸ ਹਿੱਲ ਡਿਵੈਲਪਮੈਂਟ ਕੌਂਸਲ’ (ਏਐੱਚਡੀਸੀ) ਦੀ ਸਥਾਪਨਾ 1995 ਵਿੱਚ ਕੀਤੀ ਗਈ ਸੀ। ਇਸੇ ਤਰ੍ਹਾਂ ਕਾਰਗਿਲ ਦੀ ਏਐੱਚਡੀਸੀ ਦੀ ਸਥਾਪਨਾ 2003 ਵਿੱਚ ਹੋਈ ਸੀ। ਹੁਣ ਲੇਹ ਅਤੇ ਕਾਰਗਿਲ ਤੋਂ ਇਲਾਵਾ ਲੱਦਾਖ ਵਿੱਚ ਪੰਜ ਨਵੇਂ ਜ਼ਿਲ੍ਹੇ ਬਣਾਏ ਗਏ ਹਨ। ਕੀ ਹੁਣ ਇਨ੍ਹਾਂ ਪੰਜ ਨਵੇਂ ਜ਼ਿਲ੍ਹਿਆਂ ’ਚ ਵੀ ਅਜਿਹੀਆਂ ਕੌਂਸਲਾਂ ਦੀ ਚੋਣ ਕੀਤੀ ਜਾਵੇਗੀ?’’ ਉਨ੍ਹਾਂ ਕਿਹਾ ,‘‘ਇਸ ਵੇਲੇ ਲੱਦਾਖ ਨੂੰ ਅਲਾਟ ਕੀਤੇ ਗਏ ਕੁੱਲ ਖਰਚੇ ਦਾ 10 ਫੀਸਦ ਤੋਂ ਘੱਟ ਹਿੱਸਾ ਇਨ੍ਹਾਂ ਦੋ ਕੌਂਸਲਾਂ ਜਦਕਿ ਬਾਕੀ 90 ਫੀਸਦ ਹਿੱਸਾ ਉਪ ਰਾਜਪਾਲ ਅਤੇ ਨੌਕਰਸ਼ਾਹੀ ਦੇ ਕੰਟਰੋਲ ਹੇਠ ਹੈ।’’ ਕਾਂਗਰਸ ਆਗੂ ਨੇ ਪੁੱਛਿਆ ਕਿ ਕੀ ਨਵੀਆਂ ਚੁਣੀਆਂ ਜਾਣ ਵਾਲੀਆਂ ਕੌਂਸਲਾਂ ਕੋਲ ਵੱਧ ਅਧਿਕਾਰ ਹੋਣਗੇ। -ਪੀਟੀਆਈ

Advertisement
Tags :
Author Image

joginder kumar

View all posts

Advertisement