ਕਿਸਾਨਾਂ ਦੇ ਧਰਨੇ ਕਾਰਨ ਸ਼ਤਾਬਦੀ ਦੋ ਘੰਟੇ ਦੀ ਦੇਰੀ ਨਾਲ ਚੱਲੀ; 20 ਰੇਲ ਗੱਡੀਆਂ ਪ੍ਰਭਾਵਿਤ
ਟ੍ਰਿਬਿਊਨ ਨਿਊਜ਼ ਸਰਵਿਸ
ਲਾਲੜੂ, 13 ਅਕਤੂਬਰ
ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਤੇ ਸੂਬਾ ਸਰਕਾਰ ਖ਼ਿਲਾਫ਼ ਰੋਸ ਹੈ ਤੇ ਉਹ ਫਸਲਾਂ ਦੀ ਕਾਨੂੰਨੀ ਗਾਰੰਟੀ ਤੇ ਹੋਰ ਮੰਗਾਂ ਲਈ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨੀ ਧਰਨਿਆਂ ਦੇ ਸੱਦੇ ਤੋਂ ਬਾਅਦ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਸ਼ਤਾਬਦੀ ਰੇਲ ਗੱਡੀ (12046) ਦੋ ਘੰਟੇ ਦੇਰੀ ਨਾਲ ਰਵਾਨਾ ਹੋਈ। ਇਸ ਮੌਕੇ ਧਰਨਾਕਾਰੀ ਕਿਸਾਨਾਂ ਨੇ ਲਾਲੜੂ ਨੇੜੇ ਰੇਲਵੇ ਟਰੈਕ ਜਾਮ ਕਰ ਦਿੱਤਾ। ਚੰਡੀਗੜ੍ਹ ਤੋਂ ਸ਼ਤਾਬਦੀ ਦੁਪਹਿਰ 12.05 ਵਜੇ ਚਲਣੀ ਸੀ ਪਰ ਲਾਲੜੂ ਨੇੜੇ ਕਿਸਾਨਾਂ ਦੀ ਨਾਕਾਬੰਦੀ ਕਾਰਨ ਰੇਲਗੱਡੀ ਨੂੰ ਦੁਪਹਿਰ 2.05 ਵਜੇ ਰਵਾਨਾ ਕੀਤਾ ਗਿਆ। ਰੇਲਵੇ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਕਿਸਾਨਾਂ ਦੇ ਪ੍ਰਦਰਸ਼ਨ ਕਾਰਨ 20 ਰੇਲ ਗੱਡੀਆਂ ਪ੍ਰਭਾਵਿਤ ਹੋਈਆਂ ਹਨ। ਇਸ ਮੌਕੇ ਜਿਨ੍ਹਾਂ ਯਾਤਰੀਆਂ ਨੇ ਦੁਪਹਿਰ 3.30 ਵਜੇ ਨਵੀਂ ਦਿੱਲੀ ਪਹੁੰਚਣਾ ਸੀ, ਉਹ ਦੇਰੀ ਤੋਂ ਬਾਅਦ ਪ੍ਰੇਸ਼ਾਨ ਦਿਖਾਈ ਦਿੱਛੇ। ਰੇਲਵੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਯਾਤਰੀਆਂ ਨੂੰ ਅੱਧ ਰਸਤੇ ਵਿਚ ਪ੍ਰੇਸ਼ਾਨੀ ਨਾ ਹੋਵੇ, ਇਸ ਕਰ ਕੇ ਰੇਲਵੇ ਨੇ ਸ਼ਤਾਬਦੀ ਨੂੰ ਦੇਰੀ ਨਾਲ ਭੇਜਣ ਦਾ ਫੈਸਲਾ ਕੀਤਾ। ਇਸ ਅਧਿਕਾਰੀ ਅਨੁਸਾਰ ਇਹ ਸ਼ਤਾਬਦੀ ਦੁਪਹਿਰ 3 ਵਜੇ ਦੇ ਕਰੀਬ ਲਾਲੜੂ ਨੂੰ ਪਾਰ ਕਰੇਗੀ ਤਾਂ ਪ੍ਰਦਰਸ਼ਨਕਾਰੀ ਕਿਸਾਨ ਅੰਦੋਲਨ ਸਮਾਪਤ ਕਰ ਦੇਣਗੇ ਕਿਉਂਕਿ ਕਿਸਾਨਾਂ ਨੇ 13 ਅਕਤੂਬਰ ਨੂੰ ਦੁਪਹਿਰ ਤਿੰਨ ਵਜੇ ਤਕ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਸੀ।