ਸਰਹਿੰਦ-ਪਟਿਆਲਾ ਸੜਕ ’ਤੇ ਰੁੱਖ ਕੱਟਣ ਦਾ ਮਾਮਲਾ ਭਖਿਆ
ਮੋਹਿਤ ਖੰਨਾ
ਪਟਿਆਲਾ, 3 ਨਵੰਬਰ
ਸਰਹਿੰਦ-ਪਟਿਆਲਾ ਸੜਕ ਨੂੰ ਚੌੜਾ ਕਰਨ ਲਈ ਰੁੱਖਾਂ ਦੀ ਅੰਨ੍ਹੇਵਾਹ ਕਟਾਈ ਦਾ ਮੁੱਦਾ ਭਖ ਗਿਆ ਹੈ। ਮੌਜੂਦਾ ਵਿਵਾਦ ਸਿਵਲ ਸੁਸਾਇਟੀ ਸਮੂਹਾਂ ਤੇ ਵਾਤਾਵਰਨ ਪ੍ਰੇਮੀਆਂ ਵੱਲੋਂ ਪੀਡਬਲਿਊਡੀ ਦੀ ਸੜਕ ਨੂੰ ਚੌੜਾ ਕਰਨ ਦੀ ਯੋਜਨਾ ਅਧੀਨ ਨਾ ਆਉਣ ਵਾਲੇ ਇੱਕ ਹਜ਼ਾਰ ਤੋਂ ਵੱਧ ਰੁੱਖਾਂ ਦੀ ਕਟਾਈ ਸਬੰਧੀ ਸ਼ਿਕਾਇਤ ਦਰਜ ਕਰਾਉਣ ਮਗਰੋਂ ਪੈਦਾ ਹੋਇਆ ਹੈ। ਇਹ ਰੁੱਖ ਪਟਿਆਲਾ ਜੰਗਲਾਤ ਡਿਵੀਜ਼ਨ ਦੇ ਖੇਤਰ ’ਚ ਆਉਂਦੇ ਹਨ। ਇਸ 22 ਕਿਲੋਮੀਟਰ ਲੰਮੀ ਸੜਕ ਨੂੰ ਚਹੁੰ-ਮਾਰਗੀ ਕਰਨ ਲਈ ਹੁਣ ਤੱਕ 7,392 ਰੁੱਖ ਕੱਟੇ ਜਾ ਚੁੱਕੇ ਹਨ ਜਿਨ੍ਹਾਂ ’ਚ 1,176 ਸ਼ੀਸ਼ਮ, 1,850 ਅਰਜੁਨ, 1,413 ਸ਼ਹਿਤੂਤ, 1,101 ਸਫੈਦੇ ਤੇ 33 ਪਿੱਪਲ ਦੇ ਰੁੱਖ ਸ਼ਾਮਲ ਹਨ। ਸਮਾਜਿਕ ਜਥੇਬੰਦੀਆਂ ਦੇ ਇੱਕ ਵਫ਼ਦ ਨੇ ਜੰਗਲਾਤ ਵਿਭਾਗ ਦੇ ਪ੍ਰਮੁੱਖ ਸਕੱਤਰ ਅਜੌਇ ਸ਼ਰਮਾ ਨਾਲ ਮੁਲਾਕਾਤ ਕਰਕੇ ਸ਼ਿਕਾਇਤ ਦਿੱਤੀ ਕਿ ਕੁਝ ਥਾਵਾਂ ’ਤੇ ਕੁਝ ਕਲੋਨਾਈਜ਼ਰਾਂ ਨੂੰ ਲਾਭ ਪਹੁੰਚਾਉਣ ਲਈ ਜਾਣਬੁੱਝ ਕੇ ਰੁੱਖ ਕੱਟੇ ਗਏ ਹਨ। ਇਸ ਮਗਰੋਂ ਜੰਗਲਾਤ ਵਿਭਾਗ ਹਰਕਤ ’ਚ ਆਇਆ। ਵਾਤਾਵਰਣ ਪ੍ਰੇਮੀ ਤੇ ਪਬਲਿਕ ਐਕਸ਼ਨ ਕਮੇਟੀ ਦੇ ਅਹੁਦੇਦਾਰ ਕਰਨਲ (ਸੇਵਾਮੁਕਤ) ਜੇਐੱਸ ਗਿੱਲ ਨੇ ਕਿਹਾ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਸਰਹਿੰਦ ਵੱਲ ਰੁੱਖਾਂ ਦੀ ਬਾਹਰੀ ਕਤਾਰ ਬਰਕਰਾਰ ਸੀ ਜਦਕਿ ਪਟਿਆਲਾ ਅਧੀਨ ਆਉਂਦੇ ਖੇਤਰ ’ਚ ਸੜਕ ਦੇ ਦੋਵੇਂ ਪਾਸੇ ਵੱਡੇ ਪੱਧਰ ’ਤੇ ਰੁੱਖਾਂ ਦੀ ਕਟਾਈ ਦੇਖੀ ਗਈ। ਉਨ੍ਹਾਂ ਕਿਹਾ ਕਿ ਵਿਭਾਗੀ ਜਾਂਚ ਦੀ ਥਾਂ ਇਸ ਮਾਮਲੇ ਦੀ ਜਾਂਚ ਕਿਸੇ ਸੀਨੀਅਰ ਆਈਏਐੱਸ ਅਫਸਰ ਜਾਂ ਕਿਸੇ ਜਾਂਚ ਏਜੰਸੀ ਤੋਂ ਕਰਵਾਈ ਜਾਣੀ ਚਾਹੀਦੀ ਹੈ।
ਅਧਿਕਾਰੀਆਂ ਨੇ ਦਿੱਤਾ ਜਾਂਚ ਦਾ ਭਰੋਸਾ
ਡਿਪਟੀ ਕਮਿਸ਼ਨਰ ਪ੍ਰੀਤੀ ਯਾਦਵ ਨੇ ਮਾਮਲੇ ਦੀ ਜਾਂਚ ਦਾ ਭਰੋਸਾ ਦਿੱਤਾ ਹੈ ਜਦਕਿ ਡਿਵੀਜ਼ਨਲ ਜੰਗਲਾਤ ਅਫਸਰ (ਡੀਐੱਫਓ) ਵਿੱਦਿਆ ਸਾਗਰੀ ਨੇ ਕਿਹਾ ਕਿ ਵਾਤਾਵਰਨ ਪ੍ਰੇਮੀਆਂ ਦੀ ਸ਼ਿਕਾਇਤ ਮਗਰੋਂ ਮਾਮਲੇ ਦੀ ਜ਼ਮੀਨੀ ਪੱਧਰ ’ਤੇ ਪੜਤਾਲ ਦੇ ਹੁਕਮ ਦਿੱਤੇ ਗਏ ਹਨ। ਡੀਐੱਫਓ ਨੇ ਕਿਹਾ, ‘ਜ਼ਮੀਨੀ ਪੱਧਰ ’ਤੇ ਪੜਤਾਲ ਦੇ ਹੁਕਮ ਜਾਰੀ ਕੀਤੇ ਗਏ ਹਨ। ਰੇਂਜ ਅਧਿਕਾਰੀਆਂ ਨੂੰ ਗਰਾਊਂਡ ਰਿਪੋਰਟ ਦੇਣ ਲਈ ਕਿਹਾ ਗਿਆ ਹੈ। ਸੜਕਾਂ ਦੀ ਚੌੜਾਈ ਨੂੰ ਧਿਆਨ ’ਚ ਰਖਦਿਆਂ ਲੇਅ-ਆਊਟ ਯੋਜਨਾ ਅਨੁਸਾਰ ਰੁੱਖ ਕੱਟੇ ਜਾਣੇ ਸਨ ਜੋ ਵੱਖ ਵੱਖ ਥਾਵਾਂ ’ਤੇ ਬਦਲ ਵੀ ਜਾਂਦੀ ਹੈ। ਨਤੀਜੇ ਵਜੋਂ ਕੁਝ ਥਾਵਾਂ ’ਤੇ ਕੁਝ ਕੱਟੇ ਜਾਣ ਵਾਲੇ ਰੁੱਖ ਜੰਗਲਾਤ ਦੀ ਜ਼ਮੀਨ ਅੰਦਰ ਪਾਏ ਗਏ ਹਨ ਜਦਕਿ ਹੋਰ ਥਾਵਾਂ ’ਤੇ ਸੜਕ ਦੀ ਚੌੜਾਈ ਨੂੰ ਦੇਖਦਿਆਂ ਜ਼ਮੀਨ ਐਕੁਆਇਰ ਕਰਨ ਲਈ ਰੁੱਖ ਕੱਟੇ ਗਏ।’