ਰੁੱਖ ਕੱਟਣ ਦਾ ਮਾਮਲਾ: ਡੀਈਓ ਵੱਲੋਂ ਕਾਰਵਾਈ ਨਾ ਕਰਨ ’ਤੇ ਸ਼ਿਕਾਇਤਕਰਤਾਵਾਂ ’ਚ ਰੋਸ
ਲਖਵਿੰਦਰ ਸਿੰਘ
ਮਲੋਟ, 17 ਦਸੰਬਰ
ਸਰਕਾਰੀ ਹਾਈ ਸਕੂਲ ਮੰਡੀ ਹਰਜੀ ਰਾਮ (ਲੜਕੇ) ’ਚੋਂ ਬਿਨਾਂ ਮਨਜ਼ੂਰੀ ਹਰੇ-ਭਰੇ ਰੁੱਖਾਂ ਦੀ ਬਲੀ ਦੇਣ ਤੋਂ ਕਰੀਬ 11 ਦਿਨ ਬੀਤਣ ਉਪਰੰਤ ਵੀ ਕਿਸੇ ਨੂੰ ਵੀ ਜਵਾਬਦੇਹ ਨਹੀਂ ਬਣਾਇਆ ਗਿਆ ਜਦਕਿ ਸ਼ਹਿਰ ਦੇ ਮੋਹਤਬਰਾਂ ਅਤੇ ਵਾਤਾਵਰਨ ਪ੍ਰੇਮੀਆਂ ਨੇ ਇਸ ਬਾਬਤ ਸਿੱਖਿਆ ਅਧਿਕਾਰੀਆਂ ਅਤੇ ਡੀਸੀ ਸ੍ਰੀ ਮੁਕਤਸਰ ਸਾਹਿਬ ਰੂਹੀ ਦੁੱਗ ਤੋਂ ਇਲਾਵਾ ਸਿੱਖਿਆ ਮੰਤਰੀ ਹਰਜੋਤ ਬੈਂਸ ਨੂੰ ਪੱਤਰ ਲਿਖ ਕੇ ਜ਼ਿੰਮੇਵਾਰ ਵਿਅਕਤੀਆਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਮੁੱਖ ਸ਼ਿਕਾਇਤਕਰਤਾ ਸਕੂਲ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਮੌਜੂਦਾ ਕੌਂਸਲਰ ਪੂਰਨ ਰਾਮ ਨੇ ਦੋਸ਼ ਲਾਇਆ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਦਫ਼ਤਰ ਵੱਲੋਂ ਇਸ ਮਾਮਲੇ ’ਚ ਕਥਿਤ ਕਸੂਰਵਾਰ ਹੈੱਡਮਾਸਟਰ ਨੂੰ ਬਚਾਉਣ ਲਈ ਦੋਸਤਾਨਾ ਮੈਚ ਖੇਡਿਆ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਵੱਲੋਂ ਹਰ ਵਾਰ ਪੜਤਾਲ ਕਰਵਾਉਣ ਦਾ ਕਹਿ ਕਿ ਉਨ੍ਹਾਂ ਦੀ ਸ਼ਿਕਾਇਤ ਨੂੰ ਜਾਣਬੁੱਝ ਕੇ ਅੱਗੇ ਟਾਲਿਆ ਜਾ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਿੱਖਿਆ ਵਿਭਾਗ ਪੜਤਾਲ ਕਰ ਕੇ ਜਲਦੀ ਕੋਈ ਕਾਰਵਾਈ ਨਹੀਂ ਕਰਦਾ ਤਾਂ ਉਨ੍ਹਾਂ ਵੱਲੋਂ ਬੱਚਿਆਂ ਦੇ ਮਾਪਿਆਂ ਤੇ ਆਮ ਲੋਕਾਂ ਨੂੰ ਲਾਮਬੰਦ ਕਰ ਕੇ ਸੰਘਰਸ਼ ਦਾ ਰਾਹ ਅਖਤਿਆਰ ਕੀਤਾ ਜਾਵੇਗਾ।
ਨਗਰ ਕੌਂਸਲ ਮਲੋਟ ਦੇ ਪ੍ਰਧਾਨ ਸ਼ੁੱਭਦੀਪ ਸਿੰਘ ਬਿੱਟੂ ਨੇ ਦੋਸ਼ ਲਾਇਆ ਕਿ ਸਕੂਲ ਮੁਖੀ ਵੱਲੋਂ ਆਪਣੇ ਅਹੁਦੇ ਦੀ ਨਾਜਾਇਜ਼ ਵਰਤੋਂ ਕਰ ਕੇ ਸਕੂਲ ’ਚੋਂ ਰੁੱਖਾਂ ਦਾ ਉਜਾੜਾ ਕੀਤੇ ਜਾਣ ਖ਼ਿਲਾਫ਼ ਅਤੇ ਨਗਰ ਕੌਂਸਲ ਵੱਲੋਂ ਸਕੂਲ ਮੈਨੇਜਮੈਂਟ ਕਮੇਟੀ ਲਈ ਨਾਮਜ਼ਦ ਕੀਤੇ ਮੈਂਬਰ ਨਗਰ ਕੌਂਸਲਰ ਪੂਰਨ ਰਾਮ ਦੇ ਮਾਣ-ਸਨਮਾਨ ਨੂੰ ਠੇਸ ਪਹੁੰਚਾਉਣ ਦੇ ਮਾਮਲੇ ’ਚ ਸੋਮਵਾਰ ਨੂੰ ਮਤਾ ਪਾਸ ਕਰ ਕੇ ਅਗਲੇਰੀ ਕਾਰਵਾਈ ਲਈ ਡੀਸੀ ਨੂੰ ਲਿਖਿਆ ਜਾਵੇਗਾ।
ਮਲੋਟ ਦੇ ਜੰਗਲਾਤ ਅਧਿਕਾਰੀ ਸੁਰਿੰਦਰ ਸਿੰਘ ਨੇ ਕਿਹਾ ਕਿ ਨਿਯਮਾਂ ਅਨੁਸਾਰ ਰੁੱਖਾਂ ਨੂੰ ਵੱਢਣ ਜਾਂ ਪੁੱਟਣ ਤੋਂ ਪਹਿਲਾਂ ਸਕੂਲ ਮੁਖੀ ਵੱਲੋਂ ਸਬੰਧਤ ਡੀਈਓ ਤੋਂ ਇਜਾਜ਼ਤ ਲਏ ਜਾਣ ਉਪਰੰਤ ਡੀਈਓ ਦਫ਼ਤਰ ਵੱਲੋਂ ਵੱਢੇ ਜਾਂ ਪੁੱਟੇ ਜਾਣ ਵਾਲੇ ਰੁੱਖਾਂ ਦੀ ਪੈਮਾਇਸ਼ ਲਈ ਵਣ ਰੇਜ਼ ਦਫ਼ਤਰ ਨੂੰ ਲਿਖਿਆ ਜਾਣਾ ਸੀ ਪਰ ਉਕਤ ਮਾਮਲੇ ’ਚ ਉਨ੍ਹਾਂ ਦੇ ਦਫ਼ਤਰ ਕੋਲ ਕੋਈ ਸੂਚਨਾ ਨਹੀਂ ਹੈ।
ਡੀਈਓ ਨੇ ਦੋਸ਼ ਨਕਾਰੇ
ਜ਼ਿਲ੍ਹਾ ਸਿੱਖਿਆ ਅਫ਼ਸਰ (ਸਸ) ਸ੍ਰੀ ਮੁਕਤਸਰ ਸਾਹਿਬ ਰਾਜੀਵ ਛਾਬੜਾ ਨੇ ਸ਼ਿਕਾਇਤਕਰਤਾ ਕੌਂਸਲਰ ਪੂਰਨ ਰਾਮ ਵੱਲੋਂ ਉਕਤ ਮਾਮਲੇ ਵਿੱਚ ਕਾਰਵਾਈ ਨਾ ਕਰਨ ਦੇ ਲਾਏ ਜਾ ਰਹੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਸ਼ਿਕਾਇਤਕਰਤਾ ਵੱਲੋਂ ਭੇਜੀ ਗਈ ਸ਼ਿਕਾਇਤ ’ਤੇ ਪੜਤਾਲ ਕਰਵਾ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਰੁਝੇਵਿਆਂ ਕਾਰਨ ਉਹ ਇਨਕੁਆਰੀ ਮਾਰਕ ਨਹੀਂ ਕਰ ਸਕੇ, ਪਰ ਭਲਕੇ ਇਨਕੁਆਰੀ ਮਾਰਕ ਕਰ ਦਿੱਤੀ ਜਾਵੇਗੀ।