ਮੁਅੱਤਲ ਮਹਿਲਾ ਥਾਣਾ ਮੁਖੀ ਦੇ ਸਹੁਰੇ ਘਰ ਦੀ ਤਲਾਸ਼ੀ ਦਾ ਮਾਮਲਾ ਭਖ਼ਿਆ
ਮਹਿੰਦਰ ਸਿੰਘ ਰੱਤੀਆਂ
ਮੋਗਾ, 5 ਨਵੰਬਰ
ਇਥੇ ਥਾਣਾ ਕੋਟ ਈਸੇ ਖਾਂ ਵਿਚਲਾ ਨਸ਼ਾ ਤਸਕਰੀ ਦਾ ਬਹੁ-ਚਰਚਿਤ ਮਾਮਲਾ ਭਖਣ ਲੱਗਾ ਹੈ। ਇਸ ਮਾਮਲੇ ਵਿਚ ਅੱਜ ਜ਼ਿਲ੍ਹਾ ਬਾਰ ਪ੍ਰਧਾਨ ਸੁਨੀਲ ਗਰਗ ਦੀ ਅਗਵਾਈ ਹੇਠ ਵਕੀਲਾਂ ਦਾ ਵਫ਼ਦ ਪੁਲੀਸ ਅਧਿਕਾਰੀ ਨੂੰ ਮਿਲਿਆ। ਵਫ਼ਦ ਨੇ ਮੁਅੱਤਲ ਮਹਿਲਾ ਥਾਣਾ ਮੁਖੀ ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ ਦੇ ਸਹੁਰਾ ਘਰ ਦੀ ਉਨ੍ਹਾਂ ਦੇ ਪਰਿਵਾਰ ਦੀ ਗੈਰਹਾਜ਼ਰੀ ਵਿਚ ਤਲਾਸ਼ੀ ਲੈਣ ਦਾ ਵਿਰੋਧ ਕੀਤਾ। ਇਸ ਮਾਮਲੇ ਵਿਚ ਐੱਸਐੱਸਪੀ ਅਜੇ ਗਾਂਧੀ ਨੇ ਸੰਪਰਕ ਕਰਨ ਉੱਤੇ ਇਸ ਮਾਮਲੇ ਵਿੱਚ ਕੋਈ ਵੀ ਟਿੱਪਣੀ ਕਰਨ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਹੈ ਕਿ ਇਹ ਜਾਂਚ ਦਾ ਵਿਸ਼ਾ ਹੈ। ਜ਼ਿਲ੍ਹਾ ਬਾਰ ਪ੍ਰਧਾਨ ਸੁਨੀਲ ਗਰਗ ਨੇ ਦੱਸਿਆ ਕਿ ਪੁਲੀਸ ਦੀ ਕਥਿਤ ਇਸ ਧੱਕੇਸ਼ਾਹੀ ਦੇ ਰੋਸ ਵਿੱਚ ਵਕੀਲਾਂ ਦਾ ਵਫ਼ਦ ਐੱਸਐੱਸਪੀ ਨੂੰ ਮਿਲਿਆ ਅਤੇ ਉਨ੍ਹਾਂ ਕੋਲ ਵਕੀਲਾਂ ਦੇ ਘਰ ਦੀ ਉਨ੍ਹਾਂ ਦੀ ਗੈਰ ਹਾਜ਼ਰੀ ਵਿੱਚ ਤਲਾਸ਼ੀ ਲੈਣ ਦਾ ਵਿਰੋਧ ਜਤਾਇਆ ਗਿਆ। ਉਨ੍ਹਾਂ ਦੱਸਿਆ ਕਿ ਭਲਕੇ 6 ਨਵੰਬਰ ਤੋਂ ਦੋ ਰੋਜ਼ਾ ਹੜਤਾਲ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਸੀਨੀਅਰ ਐਡਵੋਕੇਟ ਤੇ ਸਾਬਕਾ ਜ਼ਿਲ੍ਹਾ ਬਾਰ ਪ੍ਰਧਾਨ ਹਰਦੀਪ ਸਿੰਘ ਲੋਧੀ ਦੀ ਅਗਵਾਈ ਹੇਠ 10 ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ। ਇਹ ਕਮੇਟੀ ਡੀਜੀਪੀ ਪੰਜਾਬ ਗੌਰਵ ਯਾਦਵ ਤੇ ਸੂਬਾ ਸਰਕਾਰ ਤੱਕ ਪਹੁੰਚ ਕਰਕੇ ਵਕੀਲਾਂ ਦੇ ਘਰ ਦੀ ਉਨ੍ਹਾਂ ਦੀ ਗੈਰ-ਹਾਜ਼ਰੀ ਵਿਚ ਪੁਲੀਸ ਵੱਲੋਂ ਤਲਾਸ਼ੀ ਦੀ ਜ਼ਿਆਦੀ ਬਾਰੇ ਇਨਸਾਫ਼ ਦੀ ਮੰਗ ਕਰੇਗੀ। ਉਨ੍ਹਾਂ ਦੱਸਿਆ ਕਿ ਮੁਅੱਤਲ ਮਹਿਲਾ ਪੁਲੀਸ ਇੰਸਪੈਕਟਰ ਦਾ ਸਹੁਰਾ ਤੇ ਪਤੀ ਵਕੀਲ ਹਨ ਅਤੇ ਉਹ ਸ਼ਹਿਰ ਵਿੱਚ ਹੀ ਸਨ ਪਰ ਉਨ੍ਹਾਂ ਦੀ ਗੈਰ ਹਾਜ਼ਰੀ ਵਿਚ ਤਲਾਸ਼ੀ ਲਈ ਗਈ। ਜਾਣਕਾਰੀ ਅਨੁਸਾਰ 29 ਅਕਤੂਬਰ ਨੂੰ ਕੌਮਾਂਤਰੀ ਹਾਕੀ ਖਿਡਾਰੀ ਡੀਐੱਸਪੀ ਧਰਮਕੋਟ ਰਮਨਦੀਪ ਸਿੰਘ ਦੀ ਅਗਵਾਈ ਹੇਠ ਪੁਲੀਸ ਟੀਮ ਨੇ ਤਲਾਸ਼ੀ ਲਈ ਸੀ। ਜਿਥੇ ਕੁਝ ਨਸ਼ੇ ਦੇ ਰੂਪ ਵਿੱਚ ਵਰਤੋਂ ਵਾਲੀਆਂ ਗੋਲੀਆਂ ਮਿਲੀਆਂ ਸਨ। ਇਸ ਬਾਬਤ ਮੁਅੱਤਲ ਪੁਲੀਸ ਅਧਿਕਾਰੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ।
ਐੱਸਐੱਸਪੀ ਵੱਲੋਂ ਕਾਨੂੰਨ ਮੁਤਾਬਕ ਕਾਰਵਾਈ ਕਰਨ ਦਾ ਭਰੋਸਾ
ਜ਼ਿਲ੍ਹਾ ਬਾਰ ਪ੍ਰਧਾਨ ਗਰਗ ਨੇ ਕਿਹਾ ਕਿ ਐੱਸਐੱਸਪੀ ਨੇ ਭਰੋਸਾ ਦਿੱਤਾ ਹੈ ਕਿ ਉਹ ਕਾਨੂੰਨ ਅਨੁਸਾਰ ਇਹ ਕਾਰਵਾਈ ਕਰ ਰਹੇ ਹਨ ਅਤੇ ਕੁਝ ਵੀ ਗਲਤ ਨਹੀਂ ਹੋਵੇਗਾ। ਉਨ੍ਹਾਂ ਇਹ ਵੀ ਵਕੀਲਾਂ ਨੂੰ ਦੱਸਿਆ ਕਿ ਜੋ ਵੀ ਰਿਕਵਰੀ ਹੋਈ ਹੈ ਉਹ ਕਾਨੂੰਨ ਅਨੁਸਾਰ ਸਰਕਾਰੀ ਤੇ ਪ੍ਰਾਈਵੇਟ ਗਵਾਹਾਂ ਦੀ ਹਾਜ਼ਰੀ ਤੇ ਵੀਡੀਓ ਗ੍ਰਾਫ਼ੀ ਕਬਜ਼ੇ ਵਿਚ ਲੈਣ ਮਗਰੋਂ ਰਿਕਾਰਡ ਵਿਚ ਦਰਜ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਮੁਅੱਤਲ ਮਹਿਲਾ ਪੁਲੀਸ ਇੰਸਪੈਕਟਰ ਤੇ ਦੋ ਹੋਰ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਛੱਡਣ ਬਦਲੇ 8 ਲੱਖ ਦਾ ਸੌਦਾ ਕਰਕੇ ਪੰਜ ਲੱਖ ਦੀ ਵੱਢੀ ਲੈਣ ਤੇ 3 ਕਿਲੋ ਅਫ਼ੀਮ ਗਾਇਬ ਕਰਨ ਦਾ ਦੋਸ਼ ਹੈ।