ਨੌਜਵਾਨ ਦੀ ਮੌਤ ਦਾ ਮਾਮਲਾ: ਪਰਿਵਾਰ ਵੱਲੋਂ ਬਠਿੰਡਾ-ਅੰਮ੍ਰਿਤਸਰ ਮਾਰਗ ਜਾਮ
ਪੱਤਰ ਪ੍ਰੇਰਕ
ਬਠਿੰਡਾ, 21 ਜੁਲਾਈ
ਬਠਿੰਡਾ ਥਰਮਲ ਦੀ ਝੀਲ ਵਿੱਚ ਡੁੱਬਣ ਕਾਰਨ ਬੀਤੇ ਦਨਿੀਂ ਨੌਜਵਾਨ ਦੀ ਹੋਈ ਮੌਤ ਦੇ ਮਾਮਲੇ ਨੇ ਉਸ ਸਮੇਂ ਤੂਲ ਫੜ ਲਿਆ ਜਦੋਂ ਅੱਜ ਮ੍ਰਿਤਕ ਨੌਜਵਾਨ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੇ ਮਿਲ ਕੇ ਬਠਿੰਡਾ-ਸ੍ਰੀ ਅੰਮ੍ਰਿਤਸਰ ਮਾਰਗ ਜਾਮ ਕਰ ਦਿੱਤਾ। ਨੌਜਵਾਨ ਦੀ ਮੌਤ ਨੂੰ ਕਤਲ ਦੱਸ ਰਹੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਮੌਕੇ ’ਤੇ ਪਹੁੰਚੇ ਪੁਲੀਸ ਅਧਿਕਾਰੀ ਨਰਿੰਦਰ ਸਿੰਘ ਨੇ ਸ਼ਾਂਤ ਕੀਤਾ ਅਤੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਦੋਸ਼ੀਆਂ ਖ਼ਿਲਾਫ਼ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਹਰਪ੍ਰੀਤ ਸਿੰਘ ਉਰਫ ਚਿਟੀ ਪੁੱਤਰ ਨਾਇਬ ਸਿੰਘ ਵਾਸੀ ਵਾਂਦਰ ਜਟਾਣਾ, ਪਿੰਡ ਭੋਖੜਾ ਵਿੱਚ ਆਪਣੀ ਭੂਆ ਚਰਨਜੀਤ ਕੌਰ ਕੋਲ ਰਹਿੰਦਾ ਸੀ। ਪਰਿਵਾਰ ਦਾ ਕਹਿਣਾ ਹੈ ਕਿ ਉਹ ਗਿੱਲ ਪੱਤੀ ਸਿਵੀਆ ਰੋਡ ’ਤੇ ਬਣੀ ਟਾਈਲ ਫ਼ੈਕਟਰੀ ਵਿੱਚ ਕੰਮ ਕਰਦਾ ਸੀ। ਹਰਪ੍ਰੀਤ ਲੰਘੀ 9 ਜਲਾਈ ਨੂੰ ਹਰ ਰੋਜ਼ ਦੀ ਤਰ੍ਹਾਂ ਡਿਊਟੀ ਗਿਆ ਪਰ ਘਰ ਵਾਪਸ ਨਹੀਂ ਆਇਆ। ਲੰਘੀ 13 ਜੁਲਾਈ ਨੂੰ ਬਠਿੰਡਾ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੀ ਝੀਲ ਨੰਬਰ 3 ਵਿੱਚੋਂ ਉਸ ਦੀ ਲਾਸ਼ ਬਰਾਮਦ ਕੀਤੀ ਗਈ। ਮੌਕੇ ’ਤੇ ਥਾਣਾ ਥਰਮਲ ਦੀ ਪੁਲੀਸ ਕੋਲ ਮ੍ਰਿਤਕ ਨੌਜਵਾਨ ਦੇ ਪਰਿਵਾਰ ਨੇ 174 ਤਹਿਤ ਕਰਵਾਈ ਕਰਵਾ ਦਿੱਤੀ ਸੀ ਪਰ ਅੱਜ ਮ੍ਰਿਤਕ ਦੇ ਭੋਗ ਮੌਕੇ ਇਕੱਠੇ ਹੋਏ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਨੇ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਹਰਪ੍ਰੀਤ ਦਾ ਕਤਲ ਹੋਣ ਦਾ ਸ਼ੱਕ ਜ਼ਾਹਿਰ ਕਰਦਿਆਂ ਫ਼ੈਕਟਰੀ ਮਾਲਕ ਖ਼ਿਲਾਫ਼ ਪਰਚਾ ਦਰਜ ਕਰਨ ਦੀ ਮੰਗ ਕੀਤੀ।