ਸ਼ੱਕੀ ਹਾਲਾਤ ਵਿੱਚ ਨੌਜਵਾਨ ਦੀ ਮੌਤ ਦਾ ਮਾਮਲਾ ਭਖਿਆ
ਐੱਸਐੱਸ ਸੱਤੀ
ਮਸਤੂਆਣਾ ਸਾਹਬਿ, 19 ਜੁਲਾਈ
ਬੀਤੇ ਦਨਿੀਂ ਨੇੜਲੇ ਪਿੰਡ ਕਾਂਝਲਾ ਦੇ ਨੌਜਵਾਨ ਲਖਵਿੰਦਰ ਸਿੰਘ ਦੇ ਕਤਲ ਦਾ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਅੱਜ ਪਿੰਡ ਕਾਂਝਲਾ ਦੇ ਸਰਪੰਚ ਅਮਨਦੀਪ ਸਿੰਘ ਕਾਂਝਲਾ ਦੀ ਦੇਖਰੇਖ ਹੇਠ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਵੱਲੋਂ ਪਿੰਡ ਦੇ ਸਾਂਝੇ ਦਰਵਾਜ਼ੇ ਅੱਗੇ ਇਕੱਠ ਹੋਇਆ। ਇਸ ਮੌਕੇ ਸੂਬਾ ਕਮੇਟੀ ਮੈਂਬਰ ਮੱਖਣ ਸਿੰਘ ਭੈਣੀ ਬਾਘਾ, ਜੁਗਰਾਜ ਸਿੰਘ ਹਰਦਾਸਪੁਰਾ, ਲਖਵੀਰ ਸਿੰਘ ਅਕਲੀਆ, ਦਰਸ਼ਨ ਸਿੰਘ ਕਾਤਰੋਂ, ਕਰਮਜੀਤ ਸਿੰਘ ਕਿਸਾਨ ਆਗੂਆਂ ਨੇ ਕਿਹਾ ਕਿ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ 20 ਜੁਲਾਈ ਨੂੰ ਪੁਲੀਸ ਚੌਕੀ ਬਡਰੁੱਖਾਂ ਦਾ ਘਿਰਾਓ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ 12 ਜੁਲਾਈ ਨੂੰ ਲਖਵਿੰਦਰ ਸਿੰਘ ਉਰਫ਼ ਕਾਕਾ ਪੁੱਤਰ ਮਲਕੀਤ ਸਿੰਘ ਵਾਸੀ ਕਾਂਝਲਾ ਜ਼ਖ਼ਮੀ ਹਾਲਤ ਵਿੱਚ ਗੁਰਦੁਆਰਾ ਮਸਤੂਆਣਾ ਦੇ ਅੱਗੇ ਗੱਡੀ ਵਿੱਚੋਂ ਮਿਲਿਆ ਸੀ, ਜਿਸ ਦੇ ਸਿਰ ਵਿੱਚ ਗੋਲੀ ਵੱਜੀ ਹੋਈ ਸੀ ਅਤੇ ਜਿਸ ਦੀ ਦੋ ਦਨਿਾਂ ਬਾਅਦ ਜ਼ੇਰੇ ਇਲਾਜ ਦੌਰਾਨ ਚੰਡੀਗੜ੍ਹ ਪੀਜੀਆਈ ਹਸਪਤਾਲ ਵਿੱਚ ਮੌਤ ਹੋਣ ਉਪਰੰਤ ਲਾਸ਼ ਮੋਰਚਰੀ ਵਿਚ ਪਈ ਹੈ। ਅੱਠ ਦਨਿ ਬੀਤੇ ਜਾਣ ਉਪਰੰਤ ਵੀ ਪੁਲੀਸ ਚੌਕੀ ਬਡਰੁੱਖਾਂ ਦੇ ਅਧਿਕਾਰੀਆਂ ਵੱਲੋਂ ਮੁਲਜ਼ਮਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ। ਪੁਲੀਸ ਵੱਲੋਂ ਖੁਦਕੁਸ਼ੀ ਕਹਿ ਕੇ ਮੁਲਜ਼ਮਾਂ ਦਾ ਬਚਾਅ ਕੀਤਾ ਜਾ ਰਿਹਾ ਹੈ ਅਤੇ ਪੀੜਤ ਧਿਰ ਨੂੰ ਇਨਸਾਫ਼ ਦੇਣ ਦੀ ਬਜਾਏ ਮ੍ਰਿਤਕ ਨੌਜਵਾਨ ਦਾ ਸਸਕਾਰ ਕਰਨ ਲਈ ਦਬਾਅ ਪਾਇਆ ਜਾ ਰਿਹਾ ਹੈ । ਸਤਗੁਰ ਸਿੰਘ ਮੈਂਬਰ ਅਤੇ ਕੁਲਜੀਤ ਸਿੰਘ ਕਾਂਝਲਾ ਨੇ ਦੱਸਿਆ ਕਿ ਇਸ ਮੌਕੇ ਧਰਨੇ ਦੀ ਹਮਾਇਤ ਲਈ ਵੱਖ ਵੱਖ ਪਾਰਟੀਆਂ ਦੇ ਜ਼ਿਲ੍ਹਾ ਪੱਧਰ ਦੇ ਆਗੂ ਵੀ ਪਹੁੰਚਣਗੇ। ਇਸ ਮੌਕੇ ਮ੍ਰਿਤਕ ਦਾ ਪਿਤਾ ਮਲਕੀਤ ਸਿੰਘ, ਰਾਜਵਿੰਦਰ ਸਿੰਘ, ਗੁਰਮੁੱਖ ਸਿੰਘ, ਬਲਵਿੰਦਰ ਸਿੰਘ ਵੀ ਹਾਜ਼ਰ ਸਨ।
ਸ਼੍ਰੋਮਣੀ ਅਕਾਲੀ ਦਲ (ਅ) ਵੱਲੋਂ ਹਮਾਇਤ
ਮਸਤੂਆਣਾ (ਪੱਤਰ ਪ੍ਰੇਰਕ): ਕਾਂਝਲਾ ਦੇ ਨੌਜਵਾਨ ਲਖਵਿੰਦਰ ਸਿੰਘ ਉਰਫ ਕਾਕਾ ਦੀ ਸ਼ੱਕੀ ਹਾਲਾਤ ਵਿੱਚ ਹੋਈ ਮੌਤ ਦੇ ਮਾਮਲੇ ਵਿੱਚ ਇਨਸਾਫ ਦੀ ਮੰਗ ਨੂੰ ਲੈ ਕੇ ਮ੍ਰਿਤਕ ਦੇ ਪਰਿਵਾਰ ਨਾਲ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਵੱਲੋਂ ਪਾਰਟੀ ਦੇ ਜਥੇਬੰਦਕ ਸਕੱਤਰ ਜਥੇਦਾਰ ਗੁਰਨੈਬ ਸਿੰਘ ਰਾਮਪੁਰਾ ਤੇ ਜਥੇਦਾਰ ਸ਼ਾਹਬਾਜ ਸਿੰਘ ਡਸਕਾ ਸਮੇਤ ਪਾਰਟੀ ਦੇ ਹੋਰ ਆਗੂਆਂ ਵੱਲੋਂ ਦੁੱਖ ਸਾਂਝਾ ਕੀਤਾ ਗਿਆ ਅਤੇ ਇਨਸਾਫ ਦਿਵਾਉਣ ਲਈ ਹਰ ਸੰਭਵ ਹਮਾਇਤ ਦਾ ਭਰੋਸਾ ਦਿੱਤਾ। ਇਸ ਤੋਂ ਇਲਾਵਾ ਉਨ੍ਹਾਂ ਪੁਲੀਸ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਜਾਂਚ ਪੜਤਾਲ ਜਲਦੀ ਤੋਂ ਜਲਦੀ ਕਰਵਾ ਕੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਕਿਹਾ। ਜਥੇਦਾਰ ਰਾਮਪੁਰਾ ਨੇ ਦੱਸਿਆ ਕਿ ਇਸ ਸਾਜਿਸ਼ ਵਿੱਚ ਕਥਿਤ ਦੋਸ਼ੀ ਥਾਣਾ ਲੌਂਗੋਵਾਲ ਵਿੱਚ ਮਹਿਲਾ ਕਾਂਸਟੇਬਲ ਵਜੋਂ ਤਾਇਨਾਤ ਹੈ ਅਤੇ ਉੱਚ ਪੁਲੀਸ ਅਧਿਕਾਰੀ ਦਾ ਹੱਥ ਹੈ। ਜਥੇਦਾਰ ਰਾਮਪੁਰਾ ਨੇ ਕਿਹਾ ਕਿ ਲਖਵਿੰਦਰ ਸਿੰਘ ਕਾਂਝਲਾ ਇੱਕ ਸੁਲਝਿਆ ਹੋਇਆ ਇਨਸਾਨ ਸੀ ਅਤੇ ਨੌਜਵਾਨਾਂ ਨੂੰ ਚੰਗੀ ਸਿਹਤ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਦਾ ਸੀ। ਜਥੇਦਾਰ ਰਾਮਪੁਰਾ ਨੇ ਕਿਹਾ ਕਿ ਇਸ ਕੇਸ ਦੀ ਉੱਚ ਪੱਧਰੀ ਜਾਂਚ ਕਰਕੇ ਸੱਚਾਈ ਸਭ ਦੇ ਸਾਹਮਣੇ ਲਿਆਂਦੀ ਜਾਵੇ।