ਸਿਰ ਕਟੀ ਲਾਸ਼ ਦਾ ਮਾਮਲਾ: ਪੁਲੀਸ ਨੂੰ ਗੁਮਰਾਹ ਕਰਨ ਲਈ ਕੀਤਾ ਸੀ ਕਤਲ
ਗੁਰਿੰਦਰ ਸਿੰਘ
ਲੁਧਿਆਣਾ, 9 ਜੁਲਾਈ
ਲੁਧਿਆਣਾ ਪੁਲੀਸ ਨੇ ਇੱਕ ਅੰਨ੍ਹੇ ਕਤਲ ਦਾ ਮਾਮਲਾ ਹੱਲ ਕਰਕੇ ਪਤੀ-ਪਤਨੀ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਨੇ ਇੱਕ ਵਿਅਕਤੀ ਦਾ ਕਤਲ ਕਰਕੇ ਉਸ ਦੀ ਗਰਦਨ ਤੋਂ ਬਿਨਾਂ ਧੜ ਬੋਰੀ ਵਿੱਚ ਭਰ ਕੇ ਸੁੱਟ ਦਿੱਤਾ ਸੀ ਅਤੇ ਉਸ ਦੀ ਜੇਬ ਵਿੱਚ ਆਪਣਾ ਆਧਾਰ ਕਾਰਡ ਅਤੇ ਬੈਂਕ ਦਾ ਏਟੀਐਮ ਕਾਰਡ ਰੱਖ ਦਿੱਤਾ ਸੀ ਤਾਂ ਜੋ ਉਹ ਪੁਲੀਸ ਤੋਂ ਬੱਚ ਸਕੇ।
ਪੁਲੀਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਅੱਜ ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੁਲਜ਼ਮ ਪੰਕਜ ਸ਼ਰਮਾ ਮੂਲ ਰੂਪ ਵਿੱਚ ਬਿਹਾਰ ਦਾ ਰਹਿਣ ਵਾਲਾ ਹੈ ਅਤੇ ਇੱਥੇ ਕਿਦਵਾਈ ਨਗਰ ਇਲਾਕੇ ਵਿੱਚ ਰਹਿੰਦਾ ਹੈ। ਦੋਸ਼ੀ ਪੰਕਜ ਸ਼ਰਮਾ ਖ਼ਿਲਾਫ਼ ਬਿਹਾਰ ਵਿੱਚ ਕਤਲ ਦੇ ਚਾਰ-ਪੰਜ ਕੇਸ ਦਰਜ ਹਨ ਜਿਨ੍ਹਾਂ ਵਿੱਚ ਉਹ ਪੁਲੀਸ ਨੂੰ ਲੋੜੀਂਦਾ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਪੰਕਜ ਅਤੇ ਉਸ ਦੀ ਪਤਨੀ ਨੇਹਾ ਨੇ ਪੰਕਜ ਦੇ ਹਮਸ਼ਕਲ ਮ੍ਰਿਤਕ ਰਾਮ ਪ੍ਰਸ਼ਾਦ ਨੂੰ ਸ਼ਰਾਬ ਪਿਲਾਉਣ ਦਾ ਲਾਲਚ ਦੇ ਕੇ ਆਪਣੇ ਘਰ ਬੁਲਾਇਆ ਸੀ। ਉਸ ਨੂੰ ਸ਼ਰਾਬ ਦੇ ਨਸ਼ੇ ਵਿੱਚ ਦੋਹਾਂ ਨੇ ਪਹਿਲਾਂ ਉਸ ਦੇ ਹੱਥ ਪੈਰ ਬੰਨ੍ਹ ਦਿੱਤੇ ਅਤੇ ਉਸ ਦੇ ਬੁੱਲ੍ਹਾਂ ਨੂੰ ਫੇਵੀਕਵਿਕ ਨਾਲ ਸੀਲ ਕੀਤਾ ਤਾਂ ਕਿ ਗਲਾ ਵੱਢਣ ਵੇਲੇ ਉਸ ਦੇ ਚੀਕਣ ਦੀ ਆਵਾਜ਼ ਨਾ ਆ ਸਕੇ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਉਸ ਦੀ ਗਰਦਨ ਲੋਹੇ ਦੀ ਆਰੀ ਨਾਲ ਵੱਢੀ ਅਤੇ ਉਸਦੇ ਹੱਥਾਂ ਦੀਆਂ ਉਂਗਲੀਆਂ ਵੱਢ ਦਿੱਤੀਆਂ। ਉਸ ਦਾ ਕਤਲ ਕਰਨ ਤੋਂ ਬਾਅਦ ਮੁਲਜ਼ਮ ਨੇ ਤੇਜ਼ਧਾਰ ਹਥਿਆਰ ਨਾਲ ਲਾਸ਼ ਦੇ ਟੋਟੇ ਕਰਕੇ ਥੈਲਿਆਂ ਵਿੱਚ ਭਰੇ ਅਤੇ ਥੈਲਿਆਂ ਨੂੰ ਦੋ ਤੋਂ ਤਿੰਨ ਵਾਰ ਟੇਪ ਨਾਲ ਬੰਦ ਕੀਤਾ ਗਿਆ।ਉਨ੍ਹਾਂ ਦੱਸਿਆ ਕਿ ਮੁਲਜ਼ਮ 2013 ਤੋਂ ਹੁਣ ਤੱਕ ਪੰਜ ਕਤਲ ਕਰ ਚੁੱਕਾ ਹੈ। ਉਸ ਨੇ 22 ਸਾਲ ਦੀ ਉਮਰ ’ਚ ਪਹਿਲੀ ਵਾਰ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਉਸ ਨੇ ਆਪਣੀ ਭੂਆ ਨਾਨਕੀ ਦੇਵੀ ਦੇ ਕਹਿਣ ‘ਤੇ ਇਕ ਔਰਤ ਦਾ ਕਤਲ ਕੀਤਾ। 2016 ਵਿੱਚ ਸੰਤੋਸ਼ ਨਾਮ ਦੇ ਨੌਜਵਾਨ ਦਾ, 2018 ਵਿੱਚ ਆਪਣੀ ਭੂਆ ਦੇ ਮੁੰਡੇ ਦਾ ਕਤਲ ਕਰਕੇ ਉਸ ਦੇ ਬੱਚਿਆਂ ਨੂੰ ਅਗਵਾ ਕਰ ਲਿਆ ਸੀ। 2019 ਵਿੱਚ ਰੋਹਿਤ ਕੁਮਾਰ ਅਤੇ 2021 ਵਿੱਚ ਚਚੇਰੇ ਭਰਾ ਨਿਤਿਸ਼ ਕੁਮਾਰ ਦੇ ਦੋਸਤ ਦਾ ਦੋਵਾਂ ਨੇ ਮਿਲ ਕੇ ਕਤਲ ਕੀਤਾ ਅਤੇ ਲਾਸ਼ ਖੇਤਾਂ ਵਿੱਚ ਸੁੱਟ ਦਿੱਤੀ। ਉਨ੍ਹਾਂ ਦੱਸਿਆ ਕਿ ਹੁਣ ਬਿਹਾਰ ਪੁਲੀਸ ਲਗਾਤਾਰ ਉਸ ਦੀ ਭਾਲ ਵਿੱਚ ਸੀ ਅਤੇ ਪੰਕਜ ਨੂੰ ਡਰ ਸੀ ਕਿ ਉਹ ਪੁਲੀਸ ਹੱਥ ਆ ਜਾਵੇਗਾ। ਉਸ ਨੇ ਪੁਲੀਸ ਤੋਂ ਬਚਾਅ ਕਰਨ ਲਈ ਆਪਣੇ ਹਮਸ਼ਕਲ ਰਾਮ ਪ੍ਰਸ਼ਾਦ ਵਾਸੀ ਜਗਦੀਸ਼ ਪੁਰਾ ਨਾਲ ਦੋਸਤੀ ਕੀਤੀ ਅਤੇ ਉਸ ਦੇ ਕਤਲ ਤੋਂ ਬਾਅਦ ਉਸ ਦੇ ਪੈਂਟ ਦੀ ਜੇਬ ਵਿੱਚ ਆਪਣਾ ਆਧਾਰ ਕਾਰਡ ਅਤੇ ਸਟੇਟ ਬੈਂਕ ਆਫ ਇੰਡੀਆ ਦਾ ਏਟੀਐਮ ਕਾਰਡ ਰੱਖ ਦਿੱਤਾ ਤਾਂ ਜੋ ਪੁਲੀਸ ਉਸਨੂੰ ਮਰਿਆ ਸਮਝ ਲਵੇ ਅਤੇ ਉਹ ਪੁਲੀਸ ਦੀ ਗ੍ਰਿਫ਼ਤ ਤੋਂ ਬਚ ਸਕੇ। ਪੁਲੀਸ ਵੱਲੋਂ ਦੋਹਾਂ ਪਤੀ-ਪਤਨੀ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਕਤਲ ਹੋਏ ਰਾਮ ਪ੍ਰਸ਼ਾਦ ਦੀ ਗਰਦਨ ਸਮੇਤ ਕਤਲ ਲਈ ਵਰਤਿਆ ਸਾਰਾ ਸਾਮਾਨ ਬਰਾਮਦ ਕਰ ਲਿਆ ਹੈ।
ਡੀਜੀਪੀ ਵੱਲੋਂ ਪੁਲੀਸ ਟੀਮ ਨੂੰ ਚਾਰ ਲੱਖ ਰੁਪਏ ਦਾ ਇਨਾਮ
ਪੁਲੀਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਹੈ ਕਿ ਡੀਜੀਪੀ ਵੱਲੋਂ ਇਸ ਮਾਮਲੇ ਦੇ ਹੱਲ ਵਿੱਚ ਲੱਗੀ ਪੁਲੀਸ ਟੀਮ ਨੂੰ ਚਾਰ ਲੱਖ ਰੁਪਏ ਦਾ ਨਗਦ ਇਨਾਮ ਦੇ ਕੇ ਪੁਲੀਸ ਡਿਸਕ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਟੀਮ ਵਿੱਚ ਡੀਸੀਪੀ ਜਸਕਿਰਨਜੀਤ ਸਿੰਘ ਤੇਜਾ, ਏਸੀਪੀ ਗੁਰਦੇਵ ਸਿੰਘ ਅਤੇ ਸੀਆਈਏ ਦੇ ਇੰਸਪੈਕਟਰ ਬੇਅੰਤ ਜੁਨੇਜਾ ਸ਼ਾਮਲ ਸਨ।