ਵਿਦਿਆਰਥੀ ਆਗੂ ਦੀ ਕੁੱਟਮਾਰ ਦਾ ਮਾਮਲਾ ਭਖਿਆ
ਪੱਤਰ ਪ੍ਰੇਰਕ
ਮਾਨਸਾ, 8 ਜੂਨ
ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਨੇ ਮਾਨਸਾ ਦੇ ਐੱਸਐੱਸਪੀ ਦਫ਼ਤਰ ਦਾ 10 ਜੂਨ ਤੋਂ ਅਣਮਿੱਥੇ ਸਮੇਂ ਲਈ ਘਿਰਾਓ ਦਾ ਐਲਾਨ ਕੀਤਾ ਹੈ। ਜਥੇਬੰਦੀ ਦਾ ਕਹਿਣਾ ਹੈ ਕਿ ਮਾਨਸਾ ਨੇੜਲੇ ਪਿੰਡ ਕੋਟਲੀ ਕਲਾਂ ਵਿੱਚ 28 ਮਈ ਨੂੰ ਇੱਕ ਘਰ ਵਿੱਚ ਜਾਕੇ ਕੁੱਝ ਲੋਕਾਂ ਵੱਲੋਂ ਵਿਦਿਆਰਥੀ ਯੂਨੀਅਨ ਦੇ ਇੱਕ ਆਗੂ ਸੁਖਮਨ ਸਿੰਘ ਦੀ ਜ਼ਮੀਨ ਦੇ ਲਾਲਚ ਲਈ ਕੀਤੀ ਗਈ ਕੁੱਟਮਾਰ ਲਈ ਮਾਨਸਾ ਪੁਲੀਸ ਵੱਲੋਂ ਮਾਮਲਾ ਦਰਜ ਕਰਨ ਤੋਂ ਗੁਰੇਜ਼ ਕੀਤਾ ਜਾ ਰਿਹਾ ਹੈ, ਜਿਸ ਦੇ ਇਨਸਾਫ਼ ਨੂੰ ਲੈਕੇ ਜਥੇਬੰਦੀ ਨੇ ਪੱਕਾ ਮੋਰਚਾ ਲਾਉਣ ਦਾ ਫੈਸਲਾ ਕੀਤਾ ਹੈ। ਇਥੇ ਥਾਣਾ ਸਦਰ ਮਾਨਸਾ ਵਿਖੇ ਦਿੱਤੇ ਗਏ ਸੰਕੇਤਕ ਧਰਨੇ ਤੋਂ ਬਾਅਦ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਹਰਚਰਨ ਸਿੰਘ ਤਾਮਕੋਟ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਥਾਣਾ ਮੁਖੀ ਨਾਲ ਤਾਲਮੇਲ ਕੀਤਾ ਗਿਆ, ਜਿਨ੍ਹਾਂ ਵੱਲੋਂ ਛੇਤੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਘਟਨਾ ਦੇ 10 ਦਿਨ ਬੀਤਣ ਦੇ ਬਾਅਦ ਵੀ ਅਸਲ ਕਸੂਰਵਾਰ ਵਿਅਕਤੀਆਂ ਨੂੰ ਪਰਚੇ ‘ਚੋਂ ਬਾਹਰ ਰੱਖਿਆ ਹੋਇਆ ਹੈ।
ਇਸ ਤੋਂ ਪਹਿਲਾਂ ਜਥੇਬੰਦੀ ਨੇ ਸ਼ਹਿਰ ਵਿੱਚ ਰੋਸ ਮਾਰਚ ਕੱਢਿਆ ਗਿਆ ਅਤੇ ਐਸਡੀਐਮ ਮਾਨਸਾ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ।