ਟੈਂਪੂ ਯੂਨੀਅਨ ਦੀ ਖਿੱਚੋਤਾਣ ਦਾ ਮਾਮਲਾ ਥਾਣੇ ਪੁੱਜਿਆ
ਪੱਤਰ ਪ੍ਰੇਰਕ
ਦੋਰਾਹਾ, 22 ਜੁਲਾਈ
ਟੈਂਪੂ ਯੂਨੀਅਨ ਦੋਰਾਹਾ ਦੇ ਪ੍ਰਧਾਨ ਸੁਖਵੀਰ ਕੁਮਾਰ ਵੱਲੋਂ ਆਪਣੀ ਯੂਨੀਅਨ ਦੇ ਤਿੰਨ ਮੈਬਰਾਂ ਖਿਲਾਫ਼ ਮਾਮਲਾ ਦਰਜ ਕਰਵਾਉਣ ਦਾ ਮਾਮਲਾ ਭਖ਼ ਗਿਆ ਹੈ। ਟੈਂਪੂ ਯੂਨੀਅਨ ਦੋਰਾਹਾ ਖਿਲਾਫ਼ ਪੁਲੀਸ ਵੱਲੋਂ ਮਾਮਲਾ ਦਰਜ ਕੀਤਾ ਗਿਆ। ਦੱਸਣਯੋਗ ਹੈ ਕਿ ਟੈਂਪੂ ਯੂਨੀਅਨ ਦੇ ਮੈਂਬਰਾਂ ਦਾ ਯੂਨੀਅਨ ਦੇ ਕੰਮ ਕਾਰ ਨੂੰ ਲੈ ਕੇ ਖਿੱਚੋਤਾਣ ਚੱਲ ਰਹੀ ਸੀ ਜਿਸ ਨੂੰ ਲੈ ਕੇ ਯੂਨੀਅਨ ਦਾ ਮਾਮਲਾ ਥਾਣੇ ਤੱਕ ਪਹੁੰਚ ਗਿਆ। ਯੂਨੀਅਨ ਮੈਂਬਰਾਂ ਦੇ ਹੱਕ ਵਿੱਚ ਕਾਂਗਰਸ ਦੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਅੱਗੇ ਆਏ। ਉਨ੍ਹਾਂ ਕਿਹਾ ਯੂਨੀਅਨ ਮੈਂਬਰਾਂ ਅਨੁਸਾਰ ਸੁਖਵੀਰ ਕੁਮਾਰ ਨੇ ਉਨ੍ਹਾਂ ਦੇ ਨਾਲ ਗਾਲੀ ਗਲੋਚ ਕੀਤੀ ਹੈ ਅਤੇ ਉਨ੍ਹਾਂ ਦੇ ਮੈਂਬਰ ਨੂੰ ਜਾਤੀ ਸੂਚਕ ਸ਼ਬਦ ਬੋਲੇ ਹਨ। ਉਹ ਇਸ ਮਸਲੇ ਸਬੰਧੀ ਯੂਨੀਅਨ ਮੈਬਰਾਂ ਨੂੰ ਨਾਲ ਲੈ ਕੇ ਡੀਜੀਪੀ ਪੰਜਾਬ ਨੂੰ ਮਿਲਣਗੇ ਤੇ ਇਸ ਦੀ ਜਾਂਚ ਕਰਵਾ ਕੇ ਉੱਚਿਤ ਕਾਰਵਾਈ ਕਰਨ ਦੀ ਅਪੀਲ ਕਰਨਗੇ। ਪੁਲੀਸ ਕੋਲ ਦਰਜ ਕਰਵਾਈ ਸ਼ਿਕਾਇਤ ’ਚ ਸੁਖਵੀਰ ਕੁਮਾਰ ਨੇ ਦੱਸਿਆ ਕਿ 19 ਜੁਲਾਈ ਦੀ ਸ਼ਾਮ ਨੂੰ ਸੁਖਵਿੰਦਰ ਸਿੰਘ ਤੇ ਦਵਿੰਦਰ ਸਿੰਘ ਉਰਫ਼ ਭੂਪਾ ਉਸ ਨਾਲ ਆਪਣੇ ਦਫ਼ਤਰ ’ਚ ਬੈਠੇ ਸਨ ਤਾਂ ਇਸ ਦੌਰਾਨ ਟੈਂਪੂ ਯੂਨੀਅਨ ਡਰਾਈਵਰ ਕੇਵਲ ਦੋਰਾਹਾ, ਗੁਰਪ੍ਰੀਤ ਸਿੰਘ ਉਰਫ਼ ਗੋਲੂ ਜਟਾਣਾ ਤੇ ਹਰਮਿੰਦਰ ਸਿੰਘ ਉਰਫ਼ ਰੂਪੀ ਦਫ਼ਤਰ ਆ ਗਏ ਜਨਿ੍ਹਾਂ ਨੇ ਉਸ ਨਾਲ ਗਾਲੀ ਗਲੋਚ ਕੀਤੀ ਤੇ ਉਸ ਤੋਂ ਯੂਨੀਅਨ ਦੇ ਬਿੱਲ ਤੇ ਹਿਸਾਬ ਵਾਲੀਆਂ ਕਾਪੀਆਂ ਤੇ ਵਾਹਨਾਂ ਲਈ ਕਾਲ ਕਰਨ ਰਜਿਸਟਰ ਦੀ ਕਾਪੀ ਮੰਗਣ ਲੱਗੇ। ਜਿਸ ’ਤੇ ਉਸ ਨੇ ਕਿਹਾ ਕਿ ਉਹ ਪ੍ਰਧਾਨ ਹੈ ਸਾਰਾ ਰਿਕਾਰਡ ਉਸ ਕੋਲ ਹੀ ਰਹੇਗਾ, ਇਸ ਦੇ ਕੇਵਲ ਸਿੰਘ ਆਪਣੇ ਸਾਥੀਆਂ ਦੇ ਨਾਲ ਉਸਦੇ ਗਲ ਪੈ ਗਿਆ। ਆਪਣੇ ਆਪ ਨੂੰ ਬਚਾਉਣ ਲਈ ਉਹ ਦਫ਼ਤਰ ਤੋਂ ਬਾਹਰ ਆ ਗਏ, ਇੰਨੇ ’ਚ ਉਕਤ ਤਿੰਨਾਂ ਨੇ ਦਫਤਰ ’ਚ ਟੇਬਲ ਅਤੇ ਰੱਖੇ ਕਾਲ ਰਜਿਸਟਰ, ਬਿੱਲ ਤੇ ਯੂਨੀਅਨ ਦਾ ਮੋਬਾਈਲ ਚੋਰੀ ਕਰ ਲਿਆ। ਪੁਲੀਸ ਵੱਲੋਂ ਸੁਖਵੀਰ ਦੇ ਬਿਆਨਾਂ ’ਤੇ ਤਿੰਨਾਂ ਮੁਲਜ਼ਮਾਂ ਖਿਲਾਫ਼ ਧਾਰਾ-379 ਦੇ ਤਹਿਤ ਮਾਮਲਾ ਦਰਜ ਕਰ ਲਿਆ। ਦੂਜੇ ਪਾਸੇ ਟੈਂਪੂ ਯੂਨੀਅਨ ਦੇ ਮੈਂਬਰਾਂ ਨੇ ਦਾਅਵਾ ਕੀਤਾ ਕਿ ਸੁਖਵੀਰ ਦੁਆਰਾ ਆਪਣੀ ਪ੍ਰਧਾਨਗੀ ਬਨਾਉਣ ਲਈ ਉਨ੍ਹਾਂ ’ਤੇ ਝੂਠੇ ਇਲਜ਼ਾਮ ਲਾਏ ਜਾ ਰਹੇ ਹਨ ਤੇ ਯੂਨੀਅਨ ਮੈਬਰਾਂ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਥਾਣਾ ਦੋਰਾਹਾ ਦੇ ਇੰਚਾਰਜ ਵਿਜੇ ਕੁਮਾਰ ਨੇ ਕਿਹਾ ਕਿ ਕਿਸੇ ਨਾਲ ਵੀ ਧੱਕਾ ਨਹੀਂ ਕੀਤਾ ਜਾਵੇਗਾ ਅਤੇ ਅਸਲੀ ਤੱਥ ਸਾਹਮਣੇ ਲਿਆਂਦੇ ਜਾਣਗੇ।