ਦੁਕਾਨਾਂ ਢਾਹੁਣ ਦਾ ਮਾਮਲਾ: ਦੁਕਾਨਦਾਰਾਂ ਵੱਲੋਂ ਚੱਕਾ ਜਾਮ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 27 ਜੁਲਾਈ
ਸ਼ਹਿਰ ਦੇ ਨਾਭਾ ਗੇਟ ਬਾਹਰ ਸਿਟੀ ਪਾਰਕ ਦੇ ਸਾਹਮਣੇ ਬੀਤੀ ਰਾਤ ਕੁਝ ਵਿਅਕਤੀਆਂ ਨੇ ਦੋ ਦੁਕਾਨਾਂ ਨੂੰ ਢਾਹ ਦਿੱਤਾ। ਇਸ ਘਟਨਾ ਵਿਰੁੱਧ ਅੱਜ ਦੁਕਾਨਦਾਰਾਂ ਤੇ ਉਨ੍ਹਾਂ ਦੇ ਹਮਾਇਤੀਆਂ ਨੇ ਸੜਕ ਉਪਰ ਆਵਾਜਾਈ ਠੱਪ ਕਰਦਿਆਂ ਧਰਨਾ ਲਗਾ ਦਿੱਤਾ। ਹੰਗਾਮਾ ਉਸ ਸਮੇਂ ਸ਼ੁਰੂ ਹੋਇਆ, ਜਦੋਂ ਦੁਕਾਨਦਾਰ ਢਾਹੀਆਂ ਦੁਕਾਨਾਂ ’ਚ ਮੁੜ ਉਸਾਰੀ ਕਰ ਰਹੇ ਸੀ ਤਾਂ ਸਿਟੀ ਪੁਲੀਸ ਨੇ ਆ ਕੇ ਦੁਕਾਨਦਾਰਾਂ ਨੂੰ ਰੋਕ ਦਿੱਤਾ। ਦੁਕਾਨਦਾਰਾਂ ਤੇ ਲੋਕਾਂ ਵੱਲੋਂ ਪੁਲੀਸ ਦਾ ਵਿਰੋਧ ਕੀਤਾ ਗਿਆ ਅਤੇ ਧਰਨਾ ਲਗਾਉਂਦਿਆਂ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕੀਤੀ। ਇਸ ਮੌਕੇ ਥਾਣਾ ਸਿਟੀ ਪੁਲੀਸ ਅਤੇ ਦੁਕਾਨਦਾਰਾਂ ਦੇ ਹਮਾਇਤੀ ਕਾਂਗਰਸੀ ਆਗੂਆਂ ਵਿਚਕਾਰ ਤਕਰਾਰ ਵੀ ਹੋਈ। ਇਸ ਮੌਕੇ ਦੁਕਾਨਦਾਰ ਜਗਜੀਤ ਸਿੰਘ ਕਾਲਾ ਸਾਬਕਾ ਐੱਮਸੀ ਨੇ ਦੱਸਿਆ ਕਿ ਉਹ ਪਿਛਲੇ ਕਰੀਬ 25-30 ਸਾਲਾਂ ਤੋਂ ਦੁਕਾਨ ’ਤੇ ਕਾਬਜ਼ ਹੈ ਅਤੇ ਆਪਣਾ ਕੰਮ ਕਰ ਰਿਹਾ ਹੈ ਪਰ ਬੀਤੀ ਰਾਤ ਕਰੀਬ 12 ਵਜੇ ਕੁਝ ਵਿਅਕਤੀਆਂ ਨੇ ਦੁਕਾਨਾਂ ਨੂੰ ਢਾਹ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਮੁਲਜ਼ਮਾਂ ਦੇ ਨਾਮ ਅਤੇ ਗੱਡੀ ਦੇ ਨੰਬਰ ਸਣੇ ਪੁਲੀਸ ਨੂੰ ਸ਼ਿਕਾਇਤ ਦੇ ਦਿੱਤੀ ਹੈ ਪਰ ਪੁਲੀਸ ਨੇ ਕਾਰਵਾਈ ਤਾਂ ਕੀ ਕਰਨੀ ਸੀ ਸਗੋਂ ਉਲਟਾ ਉਨ੍ਹਾਂ ਨੂੰ ਹੀ ਕੰਮ ਕਰਨ ਤੋਂ ਰੋਕ ਦਿੱਤਾ ਹੈ। ਇਸ ਮੌਕੇ ਥਾਣਾ ਸਿਟੀ ਪੁਲੀਸ ਦੇ ਇੰਚਾਰਜ ਕੁਲਵਿੰਦਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਕਰ ਰਹੇ ਹਾਂ, ਜਿਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।