ਮਾਨਸਾ ਵਿੱਚ ਸੀਵਰੇਜ ਸਿਸਟਮ ਠੱਪ ਹੋਣ ਦਾ ਮਾਮਲਾ ਭਖਿਆ
ਪੱਤਰ ਪ੍ਰੇਰਕ
ਮਾਨਸਾ, 15 ਨਵੰਬਰ
ਦੀਵਾਲੀ ਦੇ ਦਿਨ ਤੋਂ ਸ਼ਹਿਰ ਦਾ ਸੀਵਰੇਜ ਸਿਸਟਮ ਠੱਪ ਹੋਣ ਕਾਰਨ ਗਲੀਆਂ, ਨਾਲੀਆਂ ਤੇ ਵਾਰਡਾਂ ਵਿੱਚ ਭਰੇ ਗੰਦੇ ਪਾਣੀ ਖ਼ਿਲਾਫ਼ ਲੋਕਾਂ ਤੇ ਕੌਂਸਲਰਾਂ ਵੱਲੋਂ ਲਾਇਆ ਧਰਨਾ ਅੱਜ ਦੂਜੇ ਦਿਨ ਵੀ ਜਾਰੀ ਰਿਹਾ। ਅੱਜ ਬੱਸ ਸਟੈਂਡ ਮਾਨਸਾ ਸਾਹਮਣੇ ਕੌਂਸਲਰਾਂ ਅਤੇ ਲੋਕਾਂ ਨੇ ਸੀਵਰੇਜ ਬੋਰਡ ਖਿਲਾਫ਼ ਕਾਲੇ ਚੋਲੇ ਪਾ ਕੇ ਪ੍ਰਦਰਸ਼ਨ ਕੀਤਾ।
ਧਰਨੇ ਨੂੰ ਸੰਬੋਧਨ ਕਰਦਿਆਂ ਅੰਮ੍ਰਿਤਪਾਲ ਸਿੰਘ ਗੋਗਾ ਅਤੇ ਸਤੀਸ਼ ਮਹਿਤਾ ਨੇ ਕਿਹਾ ਕਿ ਮਾਨਸਾ ਸ਼ਹਿਰ ਦੀ ਸਫਾਈ, ਸੀਵਰੇਜ ਵਿਵਸਥਾ ਬਿਲਕੁਲ ਠੱਪ ਹੋ ਗਈ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦਾ ਇਸ ਵੱਲ ਕੋਈ ਧਿਆਨ ਨਹੀਂ ਅਤੇ ਅੱਜ ਸੀਵਰੇਜ ਦਾ ਗੰਦਾ ਪਾਣੀ ਸ਼ਹਿਰ ਦੀ ਸਭ ਤੋਂ ਵੱਡੀ ਸਮੱਸਿਆ ਬਣ ਗਿਆ ਹੈ ਜਦਕਿ ਪ੍ਰਸ਼ਾਸਨਿਕ ਅਧਿਕਾਰੀ ਮੂਕ ਦਰਸ਼ਕ ਬਣਕੇ ਦੇਖ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਉਕਤ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਕੌਂਸਲਰ ਰੇਖਾ ਰਾਣੀ, ਰਾਮਪਾਲ ਸਿੰਘ, ਐਡਵੋਕੇਟ ਲਖਵਿੰਦਰ ਸਿੰਘ ਲਖਨਪਾਲ, ਰਾਜਵਿੰਦਰ ਸਿੰਘ ਰਾਣਾ, ਪਰਮਿੰਦਰ ਸਿੰਘ ਝੋਟਾ, ਬਲਵਿੰਦਰ ਸਿੰਘ ਘਰਾਗਣਾਂ, ਕ੍ਰਿਸ਼ਨ ਚੌਹਾਨ, ਕੁਲਵਿੰਦਰ ਉੱਡਤ, ਪਰਦੀਪ ਸਿੰਘ ਖਾਲਸਾ, ਪਰਵਿੰਦਰ ਸਿੰਘ ਝੋਟਾ, ਰਾਜਦੀਪ ਗੇਹਲੇ, ਵਿੰਦਰ ਅਲਖ, ਸੁਰਿੰਦਰ ਸਿੰਘ, ਬਿੰਦਰ ਅਲਖ, ਸੁਰਿੰਦਰ ਨਿਭੋਰੀਆ ਨੇ ਵੀ ਸੰਬੋਧਨ ਕੀਤਾ।