ਬਨੂੜ ਹਸਪਤਾਲ ਵਿੱਚ ਬਿਜਲੀ ਗੁੱਲ ਹੋਣ ਦਾ ਮਾਮਲਾ ਭਖ਼ਿਆ
ਕਰਮਜੀਤ ਸਿੰਘ ਚਿੱਲਾ
ਬਨੂੜ, 13 ਅਗਸਤ
ਇੱਥੇ ਕਮਿਊਨਿਟੀ ਹੈਲਥ ਸੈਂਟਰ ਵਿੱਚ ਸੋਮਵਾਰ ਨੂੰ ਦੇਰ ਸ਼ਾਮ ਬਿਜਲੀ ਨਾ ਹੋਣ ਕਾਰਨ ਹਨੇਰੇ ਵਿੱਚ ਹੀ ਇੱਕ ਮਹਿਲਾ ਵੱਲੋਂ ਆਟੋ ਵਿੱਚ ਬੱਚੇ ਨੂੰ ਜਨਮ ਦੇਣ ਤੇ ਇਸ ਮਗਰੋਂ ਹਸਪਤਾਲ ਦੇ ਅਮਲੇ ਵੱਲੋਂ ਮੋਬਾਈਲ ਦੀਆਂ ਬੈਟਰੀਆਂ ਜਗਾ ਕੇ ਜ਼ੱਚਾ-ਬੱਚਾ ਨੂੰ ਲੇਬਰ ਰੂਮ ਵਿਚ ਲਿਜਾ ਕੇ ਸੰਭਾਲਣ ਦਾ ਮਾਮਲਾ ਗਰਮਾ ਗਿਆ ਹੈ।
ਰਾਜਪੁਰਾ ਹਲਕੇ ਦੇ ਸਾਬਕਾ ਕਾਂਗਰਸੀ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਹਸਪਤਾਲ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨੂੰ ਹਸਪਤਾਲ ਦੇ ਅਮਲੇ ਨੇ ਦੱਸਿਆ ਕਿ ਇੱਥੇ ਅੱਠ-ਅੱਠ ਘੰਟੇ ਵੀ ਬਿਜਲੀ ਬੰਦ ਰਹਿੰਦੀ ਹੈ ਤੇ ਪਾਵਰਕੌਮ ਦੇ ਅਧਿਕਾਰੀਆਂ ਨੂੰ ਵਾਰ-ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਇਸ ਦਾ ਕੋਈ ਹੱਲ ਨਹੀਂ ਹੋ ਰਿਹਾ। ਸ੍ਰੀ ਕੰਬੋਜ ਨੇ ਕਿਹਾ ਕਿ ਅੱਠ-ਅੱਠ ਘੰਟੇ ਲਗਾਤਾਰ ਜੈਨਰੇਟਰ ਚਲਾਉਣ ਲਈ ਹਸਪਤਾਲ ਦੇ ਸਟਾਫ ਨੂੰ ਪੱਲਿਉਂ ਪੈਸੇ ਖ਼ਰਚ ਕਰਨੇ ਪੈ ਰਹੇ ਹਨ। ਉਨ੍ਹਾਂ ਕਿਹਾ ਕਿ ਐੱਸਐੱਮਓ ਵੱਲੋਂ ਇਹ ਮਾਮਲਾ ਹਲਕਾ ਵਿਧਾਇਕਾ ਦੇ ਧਿਆਨ ਵਿੱਚ ਲਿਆਉਣ ਦੇ ਬਾਵਜੂਦ ਸਮੱਸਿਆ ਦਾ ਹੱਲ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਹ ਆਪਣੀ ਪੈਨਸ਼ਨ ਵਿੱਚੋਂ 50 ਹਜ਼ਾਰ ਰੁਪਏ ਜੈਨਰੇਟਰ ਦੇ ਤੇਲ ਲਈ ਮੁਹੱਈਆ ਕਰਾਉਣਗੇ।
ਇਸੇ ਤਰ੍ਹਾਂ ਪੰਜਾਬ ਸਿਹਤ ਕਾਰਪੋਰੇਸ਼ਨ ਦੇ ਉਪ ਚੇਅਰਮੈਨ ਵਿੱਕੀ ਘਨੌਰ ਨੇ ਹਸਪਤਾਲ ਦਾ ਦੌਰਾ ਕੀਤਾ ਤੇ ਹਸਪਤਾਲ ਵਿੱਚ ਐਸਐਮਓ ਰਵਨੀਤ ਕੌਰ ਤੋਂ ਘਟਨਾ ਸਬੰਧੀ ਜਾਣਕਾਰੀ ਲਈ। ਉਨ੍ਹਾਂ ਪਾਵਰਕੌਮ ਦੇ ਐੱਸਡੀਓ ਨੂੰ ਫੋਨ ਕਰ ਕੇ ਤੁਰੰਤ ਇਸ ਸਮੱਸਿਆ ਦਾ ਹੱਲ ਕਰਨ ਲਈ ਕਿਹਾ। ਉਨ੍ਹਾਂ ਨੇ ਮਾਮਲਾ ਸਿਹਤ ਮੰਤਰੀ ਦੇ ਧਿਆਨ ਵਿੱਚ ਲਿਆਉਣ ਤੇ ਹਸਪਤਾਲ ਦੀਆਂ ਮੁਸ਼ਕਲਾਂ ਦੂਰ ਕਰਨ ਦਾ ਭਰੋਸਾ ਦਿਵਾਇਆ।
ਇਸੇ ਦੌਰਾਨ ਐੱਸਐੱਮਓ ਡਾ. ਰਵਨੀਤ ਕੌਰ ਨੇ ਦੱਸਿਆ ਕਿ ਜ਼ੱਚਾ ਤੇ ਬੱਚਾ ਨੂੰ ਛੁੱਟੀ ਹੋ ਚੁੱਕੀ ਹੈ ਤੇ ਦੋਵੇਂ ਠੀਕ ਹਨ।