ਨਰਸਿੰਗ ਸਟਾਫ਼ ਨਾਲ ਦੁਰਵਿਹਾਰ ਦਾ ਮਾਮਲਾ ਮੰਤਰੀ ਕੋਲ ਪੁੱਜਿਆ
ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 24 ਜੁਲਾਈ
ਸਰਕਾਰੀ ਹਸਪਤਾਲ ਮੁਹਾਲੀ ਦੇ ਆਈਸੀਯੂ ਵਿੱਚ ਤਾਇਨਾਤ ਨਰਸਿੰਗ ਸਟਾਫ਼ ਨਾਲ ਕਥਿਤ ਦੁਰਵਿਵਹਾਰ ਦਾ ਮਾਮਲਾ ਕਾਫ਼ੀ ਭਖ ਗਿਆ ਹੈ। ਨਰਸਿੰਗ ਸਟਾਫ਼ ਨੇ ਅੱਜ ਮੁਹਾਲੀ ਦੌਰੇ ’ਤੇ ਆਏ ਸਿਹਤ ਮੰਤਰੀ ਨੂੰ ਵਿਭਾਗ ਦੀ ਡਾਇਰੈਕਟਰ ਦੇ ਖ਼ਿਲਾਫ਼ ਲਿਖਤੀ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ।
ਸਿਹਤ ਮੰਤਰੀ ਨੂੰ ਦਿੱਤੀ ਸ਼ਿਕਾਇਤ ਵਿੱਚ ਨਰਸਿੰਗ ਸਟਾਫ਼ ਨੇ ਕਿਹਾ ਕਿ ਬੀਤੀ 22 ਜੁਲਾਈ ਨੂੰ ਡਾਇਰੈਕਟਰ ਡਾ. ਆਦਰਸ਼ਪਾਲ ਕੌਰ ਹਸਪਤਾਲ ਦੇ ਆਈਸੀਯੂ ਵਿੱਚ ਰਾਉਂਡ ’ਤੇ ਆਏ ਸਨ। ਇਸ ਦੌਰਾਨ ਉਨ੍ਹਾਂ ਨੇ ਸਟਾਫ਼ ਨਾਲ ਮਾੜੀ ਸ਼ਬਦਾਵਲੀ ਦਾ ਪ੍ਰਯੋਗ ਕੀਤਾ ਸੀ ਅਤੇ ਮੂੰਹ ’ਤੇ ਥੱਪੜ ਮਾਰਨ ਦੀ ਧਮਕੀ ਦਿੱਤੀ। ਸ਼ਿਕਾਇਤ ਵਿੱਚ ਕਿਹਾ ਗਿਆ ਕਿ ਜ਼ਿਲ੍ਹਾ ਹਸਪਤਾਲ ਵਿੱਚ ਕੰਮ ਅਨੁਸਾਰ ਵੱਖ-ਵੱਖ ਵਰਗ ਦੇ ਸਟਾਫ਼ ਦੀ ਘਾਟ ਹੈ , ਇਸ ਦੇ ਬਾਵਜੂਦ ਉਨ੍ਹਾਂ ਨੂੰ ਮਾਨਸਿਕ ਰੂਪ ਵਿੱਚ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਪੱਤਰ ਵਿੱਚ ਮੰਗ ਕੀਤੀ ਕਿ ਇਸ ਮਾਮਲੇ ਵਿੱਚ ਡਾ. ਆਦਰਸ਼ਪਾਲ ਕੌਰ ਵਿਰੁੱਧ ਕਾਰਵਾਈ ਕੀਤੀ ਜਾਵੇ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਨਰਸਿੰਗ ਸਟਾਫ਼ ਨੂੰ ਮਾਮਲੇ ਦੀ ਜਾਂਚ ਕਰਕੇ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ। ਸਿਹਤ ਮੰਤਰੀ ਨੂੰ ਸ਼ਿਕਾਇਤ ਦੇਣ ਸਮੇਂ ਨਰਸਿੰਗ ਸਟਾਫ਼ ਆਪਣਾ ਪੱਖ ਰੱਖਦੇ ਹੋਏ।
ਕਾਰਵਾਈ ਤੋਂ ਬਚਣ ਲਈ ਮੇਰੇ ਖ਼ਿਲਾਫ਼ ਝੂਠੀ ਸ਼ਿਕਾਇਤ ਦਿੱਤੀ: ਡਾਇਰੈਕਟਰ
ਸਿਹਤ ਵਿਭਾਗ ਦੀ ਡਾਇਰੈਕਟਰ ਡਾ. ਆਦਰਸ਼ਪਾਲ ਕੌਰ ਦਾ ਕਹਿਣਾ ਹੈ ਕਿ ਦਰਅਸਲ ਨਰਸਿੰਗ ਸਟਾਫ਼ ਵੱਲੋਂ ਆਪਣਾ ਕੰਮ ਸਹੀ ਤਰੀਕੇ ਨਾਲ ਨਹੀਂ ਕੀਤਾ ਜਾ ਰਿਹਾ ਸੀ। ਇਨ੍ਹਾਂ ਦੇ ਕੰਮ ਵਿੱਚ ਬਹੁਤ ਊਣਤਾਈਆਂ ਸਾਹਮਣੇ ਆਈਆਂ ਹਨ। ਜਿਸ ਕਾਰਨ ਉਨ੍ਹਾਂ ਨੇ ਨਰਸ ਨੂੰ ਸਵਾਲ ਕੀਤੇ ਅਤੇ ਐੱਸਐੱਮਓ ਨੂੰ ਕਿਹਾ ਸੀ ਕਿ ਲਾਪ੍ਰਵਾਹੀ ਵਰਤੇ ਜਾਣ ਕਾਰਨ ਉਕਤ ਨਰਸ ਨੂੰ ਆਈਸੀਯੂ ਦੀ ਡਿਊਟੀ ਤੋਂ ਫਾਰਗ ਕਰਕੇ ਬਾਹਰ ਲਗਾਇਆ ਜਾਵੇ ਅਤੇ ਇਨ੍ਹਾਂ ਲਾਪਰਵਾਹੀਆਂ ਦਾ ਲਿਖਤੀ ਜਵਾਬ ਮੰਗਿਆ ਜਾਵੇ। ਉਨ੍ਹਾਂ ਕਿਹਾ ਕਿ ਕਾਰਵਾਈ ਤੋਂ ਬਚਣ ਲਈ ਸਟਾਫ਼ ਵੱਲੋਂ ਝੂਠੀ ਸ਼ਿਕਾਇਤ ਕੀਤੀ ਗਈ ਹੈ।
ਸਿਹਤ ਮੰਤਰੀ ਵੱਲੋਂ ‘ਏਮਜ਼’ ਦੇ ਪੇਚਸ਼ ਵਾਰਡ ਦਾ ਨਿਰੀਖਣ
ਐਸ.ਏ.ਐਸ. ਨਗਰ (ਮੁਹਾਲੀ)(ਪੱਤਰ ਪ੍ਰੇਰਕ): ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਡਾ. ਬੀਆਰ ਅੰਬੇਦਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਮੁਹਾਲੀ ਦਾ ਦੌਰਾ ਕਰਕੇ ਪੇਚਸ਼ ਦੇ ਮਰੀਜ਼ਾਂ ਦੇ ਇਲਾਜ ਲਈ ਬਣਾਏ ਗਏ ਵਿਸ਼ੇਸ਼ ਵਾਰਡ ਦਾ ਅਚਨਚੇਤ ਨਿਰੀਖਣ ਕੀਤਾ ਅਤੇ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਦਾ ਜਾਇਜ਼ਾ ਲਿਆ। ਮੰਤਰੀ ਨੇ ਜ਼ੇਰੇ ਇਲਾਜ ਮਰੀਜ਼ਾਂ ਨਾਲ ਸਿੱਧੀ ਗੱਲ ਕਰ ਕੇ ਉਨ੍ਹਾਂ ਦਾ ਹਾਲ-ਚਾਲ ਜਾਣਿਆ ਅਤੇ ਫੀਡਬੈਕ ਵੀ ਲਈ। ਇੱਥੇ ਇਹ ਦੱਸਣਯੋਗ ਹੈ ਕਿ ਹੜ੍ਹਾਂ ਦੀ ਤਬਾਹੀ ਤੋਂ ਬਾਅਦ ਮੁਹਾਲੀ ਨੇੜਲੇ ਕਈ ਪਿੰਡਾਂ ਵਿੱਚ ਪੇਚਸ਼ ਦੀ ਬਿਮਾਰੀ ਫੈਲ ਗਈ ਹੈ। ਇਸ ਮੌਕੇ ਸਿਹਤ ਵਿਭਾਗ ਦੀ ਡਾਇਰੈਕਟਰ ਡਾ. ਆਦਰਸ਼ਪਾਲ ਕੌਰ, ਪਰਿਵਾਰ ਭਲਾਈ ਵਿਭਾਗ ਦੀ ਡਾਇਰੈਕਟਰ ਡਾ. ਰਵਿੰਦਰਪਾਲ ਕੌਰ ਅਤੇ ਏਮਜ਼ ਦੀ ਪ੍ਰਿੰਸੀਪਲ ਡਾ. ਭਵਨੀਤ ਭਾਰਤੀ ਵੀ ਮੌਜੂਦ ਸਨ।
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਪੇਚਸ਼ ਦੇ ਮਰੀਜ਼ਾਂ ਦੀ ਦੇਖਭਾਲ ਯਕੀਨੀ ਬਣਾਉਣ ਲਈ ਇੱਕ ਸਮਰਪਿਤ ਵਾਰਡ ਸਥਾਪਿਤ ਕੀਤਾ ਗਿਆ ਹੈ ਅਤੇ ਪੰਜਾਬ ਸਰਕਾਰ ਵੱਲੋਂ ਦਸਤ ਤੋਂ ਪੀੜਤ ਲੋਕਾਂ ਦਾ ਮੁਫ਼ਤ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਕੁਝ ਹੜ੍ਹ ਪ੍ਰਭਾਵਿਤ ਖੇਤਰਾਂ ਦੀ ਵੀ ਸ਼ਨਾਖ਼ਤ ਕੀਤੀ ਗਈ ਹੈ, ਜਿੱਥੇ ਪੇਚਸ਼ ਫੈਲਣ ਦਾ ਖ਼ਦਸ਼ਾ ਹੈ, ਉੱਥੇ ਟੀਮਾਂ ਘਰ-ਘਰ ਜਾ ਕੇ ਲੋਕਾਂ ਨੂੰ ਕਲੋਰੀਨ ਦੀਆਂ ਗੋਲੀਆਂ ਵੰਡ ਰਹੀਆਂ ਹਨ।