ਮਾਮਲਾ ਅੰਤਰਜਾਤੀ ਵਿਆਹ ਦਾ: ਪਤਨੀ ਦੇ ਰਿਸ਼ਤੇਦਾਰਾਂ ਵੱਲੋਂ ਪਤੀ ਤੇ ਸੱਸ ’ਤੇ ਜਾਨਲੇਵਾ ਹਮਲਾ
ਜਤਿੰਦਰ ਸਿੰਘ ਬਾਵਾ
ਸ੍ਰੀ ਗੋਇੰਦਵਾਲ ਸਾਹਿਬ,27 ਅਗਸਤ
ਕਸਬਾ ਗੋਇੰਦਵਾਲ ਸਾਹਿਬ ਦੇ ਮੁਹੱਲਾ ਲਾਹੌਰੀਆ ਨਜ਼ਦੀਕ ਰਹਿਣ ਵਾਲੇ ਗੁਰਸਿਮਰਨ ਸਿੰਘ ਬੁੱਟਰ ਅਤੇ ਉਸ ਦੀ ਮਾਂ ਹਰਜਿੰਦਰਪਾਲ ਕੌਰ ਤੇ ਜਾਨਲੇਵਾ ਹਮਲਾ ਹੋਇਆ ਜਿਸ ਵਿੱਚ ਦੋਵੇ ਮਾਂ ਪੁੱਤ ਗੰਭੀਰ ਜ਼ਖਮੀ ਹੋਏ ਹਨ।
ਪੀੜਤ ਹਰਜਿੰਦਰਪਾਲ ਕੌਰ ਨੇ ਪੁਲੀਸ ਨੂੰ ਦਿੱਤੀ ਜਾਣਕਾਰੀ ਅਨੁਸਾਰ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਬਡੇਵਾਲਾ ਅਵਾਨਾ ਦੇ ਰਹਿਣ ਵਾਲੀ ਪ੍ਰਭਜੋਤ ਕੌਰ ਪੁੱਤਰੀ ਪ੍ਰੇਮ ਸਿੰਘ ਨਾਲ ਗੁਰਸਿਮਰਨ ਸਿੰਘ ਨੂੰ ਅੰਤਰਜਾਤੀ ਵਿਆਹ ਕਰਵਾਉਣਾ ਮਹਿੰਗਾ ਪੈ ਗਿਆ ਜਿਸ ਦੇ ਚੱਲਦਿਆ ਇਹ ਜਾਨਲੇਵਾ ਹਮਲਾ ਹੋਇਆ ਹੈ।
ਪੀੜਤ ਹਰਜਿੰਦਰਪਾਲ ਕੌਰ ਨੇ ਦੱਸਿਆ ਕਿ ਵਿਆਹ ਦੇ ਦੋ ਸਾਲ ਬਾਅਦ ਨੂੰਹ ਪ੍ਰਭਜੋਤ ਕੌਰ ਨੇ ਆਪਣੇ ਪੇਕੇ ਪਰਿਵਾਰ ਨੂੰ ਬੁਲਾ ਕੇ ਸਾਡੇ ਮਾਂ ਪੁੱਤਰ ’ਤੇ ਜਾਨਲੇਵਾ ਹਮਲਾ ਕਰਵਾਇਆ ਹੈ।
ਇਸ ਹਮਲੇ ਵਿੱਚ ਗੁਰਸਿਮਰਨ ਸਿੰਘ ਦੇ ਸਿਰ ਤੇ ਬੇਸਬਾਲ ਤੇ ਲੋਹੇ ਦੀਆਂ ਰਾਡਾ ਨਾਲ ਕਈ ਵਾਰ ਕੀਤੇ ਗਏ ਜਿਸ ਦੇ ਚੱਲਦਿਆ ਗੁਰਸਿਮਰਨ ਸਿੰਘ ਦੀ ਖੋਪੜੀ ਪੰਜ ਥਾਵਾਂ ਤੋਂ ਟੁੱਟ ਗਈ ਅਤੇ ਬਚਾਅ ਦੌਰਾਨ ਹਰਜਿੰਦਰਪਾਲ ਕੌਰ ਦੇ ਵੀ ਸਿਰ ਵਿੱਚ ਸੱਟ ਲੱਗਣ ਕਾਰਨ 5 ਟਾਂਕੇ ਲੱਗੇ ਹਨ। ਪੀੜਤ ਨੇ ਦੱਸਿਆ ਕਿ ਗੁਰਸਿਮਰਨ ਸਿੰਘ ਨੇ ਅਕਤੂਬਰ 2021 ਵਿੱਚ ਪ੍ਰਭਜੋਤ ਕੌਰ ਨਾਲ ਵਿਆਹ ਕਰਵਾ ਲਿਆ।
ਵਿਆਹ ਤੋਂ ਪਹਿਲਾਂ ਜਦ ਗੁਰਸਿਮਰਨ ਸਿੰਘ ਨੇ ਘਰ ਵਿੱਚ ਅੰਤਰਜਾਤੀ ਵਿਆਹ ਦੀ ਗੱਲ ਕੀਤੀ ਤਾਂ ਇਸ ਵਿਆਹ ਲਈ ਕੋਈ ਖੁਸ਼ ਨਹੀਂ ਸੀ ਪਰ ਇਸ ਦੇ ਬਾਵਜੂਦ ਗੁਰਸਿਮਰਨ ਸਿੰਘ ਨੇ ਅੰਤਰਜਾਤੀ ਵਿਆਹ ਦੇ ਫੈਸਲੇ ਨੂੰ ਨਾ ਬਦਲਿਆ। ਵਿਆਹ ਤੋਂ ਬਾਅਦ ਨੂੰਹ ਪ੍ਰਭਜੋਤ ਕੌਰ ਦੇ ਰਿਸ਼ਤੇਦਾਰਾਂ ਵੱਲੋਂ ਉਸ ਦੇ ਪੁੱਤਰ ਨੂੰ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ। ਪੀੜਤ ਹਰਜਿੰਦਰਪਾਲ ਕੌਰ ਨੇ ਦੱਸਿਆ ਕਿ ਉਹ 8 ਅਗਸਤ ਨੂੰ ਸਵੇਰੇ ਆਪਣੇ ਘਰ ਵਿੱਚ ਸੁੱਤੀ ਹੋਈ ਸੀ।
ਇਸ ਦੌਰਾਨ ਬਾਹਰੋਂ ਦਰਵਾਜ਼ਾ ਖੜਕਾਉਣ ਦੀ ਆਵਾਜ਼ ਆਈ। ਜਦੋਂ ਉਸ ਦੀ ਨੂੰਹ ਪ੍ਰਭਜੋਤ ਕੌਰ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਸ ਦਾ ਪਿਤਾ ਪ੍ਰੇਮ ਸਿੰਘ, ਮਾਂ ਲਾਡੋ ਰਾਣੀ, ਸਾਲਾ ਲਵਲੀ ਸਿੰਘ ਘਰ ਅੰਦਰ ਦਾਖ਼ਲ ਹੋਏ। ਇਨ੍ਹਾਂ ਸਾਰਿਆਂ ਕੋਲ ਬੇਸਬਾਲ ਅਤੇ ਲੋਹੇ ਦੀਆਂ ਰਾਡਾਂ ਸੀ।
ਮੁਲਜ਼ਮਾਂ ਨੇ ਗੁਰਸਿਮਰਨ ਸਿੰਘ ਬੁੱਟਰ ਦੇ ਸਿਰ ਵਿੱਚ ਬੇਸਬਾਲ ਅਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੱਤਾ। ਜਦੋਂ ਮਾਂ ਹਰਜਿੰਦਰਪਾਲ ਕੌਰ ਉਸ ਨੂੰ ਬਚਾਉਣ ਲਈ ਅੱਗੇ ਆਈ ਤਾਂ ਉਸ ਦੇ ਵੀ ਸਿਰ ’ਤੇ ਬੇਸਬਾਲ ਨਾਲ ਵਾਰ ਕੀਤਾ ਗਿਆ। ਹਮਲੇ ਵਿੱਚ ਗੁਰਸਿਮਰਨ ਸਿੰਘ ਦੀ ਖੋਪੜੀ ਵਿੱਚ 5 ਥਾਵਾਂ ਤੋਂ ਫਰੈਕਚਰ ਹੋ ਗਈ ਸੀ ਜੋ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਜ਼ੇਰੇ ਇਲਾਜ ਸੀ। ਜਦਕਿ ਮਾਤਾ ਹਰਜਿੰਦਰਪਾਲ ਕੌਰ ਦੇ ਸਿਰ ‘ਤੇ 13 ਟਾਂਕੇ ਲੱਗੇ ਹਨ।
ਕੀ ਕਹਿੰਦੇ ਨੇ ਥਾਣਾ ਗੋਇੰਦਵਾਲ ਸਾਹਿਬ ਦੇ ਮੁਖੀ
ਥਾਣਾ ਗੋਇੰਦਵਾਲ ਸਾਹਿਬ ਦੇ ਇੰਚਾਰਜ ਇੰਸਪੈਕਟਰ ਸੁਖਬੀਰ ਸਿੰਘ ਨੇ ਦੱਸਿਆ ਕਿ ਗੁਰਸਿਮਰਨ ਸਿੰਘ ਬੁੱਟਰ ਦੇ ਬਿਆਨ ਦਰਜ ਕਰਕੇ ਡਿਊਟੀ ਅਫ਼ਸਰ ਏਐਸਆਈ ਲਖਵਿੰਦਰ ਸਿੰਘ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਮੈਡੀਕਲ ਰਿਪੋਰਟ ਦੇ ਆਧਾਰ ‘ਤੇ ਉਕਤ ਦੋਸ਼ੀ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।