ਨਾਜਾਇਜ਼ ਕਬਜ਼ੇ ਦਾ ਮਾਮਲਾ ਐੱਸਐੱਸਪੀ ਦਰਬਾਰ ਪੁੱਜਿਆ
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 4 ਅਗਸਤ
ਨਗਰ ਕੌਂਸਲ ’ਚ ਦੋ ਵਾਰ ਰਹਿ ਚੁੱਕੇ ਪ੍ਰਧਾਨ ਮਰਹੂਮ ਬਲਦੇਵ ਕ੍ਰਿਸ਼ਨ ਤੇਲੂ ਤੇ ਮੌਜੂਦਾ ਕੌਂਸਲਰ ਦਰਸ਼ਨਾ ਦੇਵੀ ਦੇ ਪੁੱਤਰ ਅਤੇ ਬਾਰ ਐਸੋਸੀਏਸ਼ਨ ਜਗਰਾਉਂ ਦੇ ਮੈਂਬਰ ਐਡਵੋਕੇਟ ਅੰਕੁਸ਼ ਧੀਰ ਦੀ ਸਥਾਨਕ ਸ਼ੇਰਪੁਰਾ ਰੋਡ ਸਥਿਤ ਦੁਕਾਨ ’ਤੇ ਨਾਜਾਇਜ਼ ਕਬਜ਼ੇ ਦਾ ਮਾਮਲਾ ਭਖ ਗਿਆ ਹੈ। ਇਸ ਮੁੱਦੇ ਨੂੰ ਲੈ ਕੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਵਿੰਦਰ ਸਿੰਘ ਸਦਰਪੁਰਾ ਅਤੇ ਨਗਰ ਕੌਂਸਲ ਪ੍ਰਧਾਨ ਜਤਿੰਦਰਪਾਲ ਰਾਣਾ ਦੀ ਅਗਵਾਈ ਹੇਠ ਵਕੀਲਾਂ ਅਤੇ ਕੌਂਸਲਰਾਂ ਦਾ ਇਕ ਵਫ਼ਦ ਜ਼ਿਲ੍ਹਾ ਪੁਲੀਸ ਮੁਖੀ ਨਵਨੀਤ ਸਿੰਘ ਬੈਂਸ ਨੂੰ ਮਿਲਿਆ। ਵਫ਼ਦ ਨੇ ਮੰਗ ਕੀਤੀ ਕਿ ਜਗਰਾਉਂ ’ਚ ਜ਼ਮੀਨਾਂ ’ਤੇ ਚੱਲ ਰਹੇ ਨਾਜਾਇਜ਼ ਕਬਜ਼ਿਆਂ ਦੇ ਵਰਤਾਰੇ ਨੂੰ ਨੱਥ ਪਾਉਣ ਲਈ ਸਖ਼ਤ ਕਾਰਵਾਈ ਅਮਲ ’ਚ ਲਿਆਂਦੀ ਜਾਵੇ। ਉਨ੍ਹਾਂ ਕਿਹਾ ਕਿ ਜੇ ਸਿਆਸੀ ਪਰਿਵਾਰ ਦੇ ਵਕੀਲ ਪੁੱਤ ਦੀ ਦੁਕਾਨ ’ਤੇ ਵੀ ਦਿਨ ਦਿਹਾੜੇ ਕਬਜ਼ਾ ਹੋ ਸਕਦਾ ਹੈ ਤਾਂ ਆਮ ਲੋਕਾਂ ਦੀਆਂ ਜ਼ਮੀਨਾਂ ਜਾਇਦਾਦਾਂ ਕਿਵੇਂ ਸੁਰੱਖਿਅਤ ਹੋਣਗੀਆਂ। ਇਸ ’ਤੇ ਐੱਸਐੱਸਪੀ ਨੇ ਵਫ਼ਦ ਨੂੰ ਕਾਰਵਾਈ ਕਰ ਕੇ ਇਨਸਾਫ਼ ਦਾ ਭਰੋਸਾ ਦਿੱਤਾ। ਵਫ਼ਦ ’ਚ ਸ਼ਾਮਲ ਸੀਨੀਅਰ ਐਡਵੋਕੇਟ ਸੰਦੀਪ ਗੁਪਤਾ, ਰਣਜੀਤ ਸਿੰਘ ਰੂਮੀ, ਵਿਕਰਮ ਬੇਰੀ, ਪਰਲਾਦ ਸਿੰਘ ਧਾਲੀਵਾਲ ਅਤੇ ਪੀੜਤ ਐਡਵੋਕੇਟ ਅੰਕੁਸ਼ ਧੀਰ ਨੇ ਦੱਸਿਆ ਕਿ ਸ਼ੇਰਪੁਰਾ ਰੋਡ ਸਥਿਤ ਇਹ ਦੁਕਾਨ ਮਰਹੂਮ ਪ੍ਰਧਾਨ ਤੇਲੂ ਨੇ ਕਿਸੇ ਜਾਣਕਾਰ ਦੇ ਅੱਗੇ ਦੋਸਤ ਨੂੰ ਬਿਨਾਂ ਕਿਰਾਏ ’ਤੇ ਕੁਝ ਸਮੇਂ ਲਈ ਦਿੱਤੀ ਸੀ। ਬਾਅਦ ਵਿੱਚ ਥਾਣਾ ਸਿਟੀ ’ਚ ਇਸੇ ਸਾਲ ਮਿਤੀ 21 ਮਾਰਚ ਨੂੰ ਲਿਖਤ ਰਾਜ਼ੀਨਾਮੇ ਤਹਿਤ ਦੁਕਾਨ ਖਾਲੀ ਹੋ ਗਈ ਸੀ, ਜਿਸ ’ਤੇ ਵਕੀਲਾਂ, ਪੁਲੀਸ ਇੰਸਪੈਕਟਰ, ਪੱਤਰਕਾਰ ਸਮੇਤ ਹੋਰ ਮੋਹਤਬਰਾਂ ਦੇ ਦਸਤਖ਼ਤ ਹਨ ਪਰ ਅਫ਼ਸੋਸ ਕਿ ਉਕਤ ਵਿਅਕਤੀ ਨੇ ਬੀਤੇ ਦਿਨੀਂ ਜਿੰਦਰੇ ਤੋੜ ਕੇ ਕਬਜ਼ਾ ਕਰ ਲਿਆ। ਐਡਵੋਕੇਟ ਗੁਪਤਾ ਤੇ ਪ੍ਰਧਾਨ ਰਾਣਾ ਨੇ ਕਿਹਾ ਕਿ ਇਨਸਾਫ਼ ਨਾ ਮਿਲਣ ’ਤੇ ਸੰਘਰਸ਼ ਵਿੱਢਣ ਅਤੇ ਧਰਨਾ ਦੇਣ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਵੇਗਾ। ਇਸ ਮੌਕੇ ਐਡਵੋਕੇਟ ਅਵਤਾਰ ਸਿੰਘ, ਪੰਕਜ ਢੰਡ, ਪਰਮਿੰਦਰਪਾਲ ਸਿੰਘ, ਅਮਰਜੋਤ ਤੂਰ ਤੋਂ ਇਲਾਵਾ ਕੌਂਸਲਰ ਅਮਨ ਕਪੂਰ ਬੌਬੀ, ਰਾਹੁਲ ਮਲਹੋਤਰਾ ਆਦਿ ਮੌਜੂਦ ਸਨ।