ਤਲਵੰਡੀ ਬਥੁੱਨਗੜ੍ਹ ਦੇ ਖੇਤ ’ਚੋਂ ਨਾਜਾਇਜ਼ ਮਾਈਨਿੰਗ ਦਾ ਮਾਮਲਾ ਭਖ਼ਿਆ
ਸੁੱਚਾ ਸਿੰਘ ਪਸਨਾਵਾਲ
ਧਾਰੀਵਾਲ, 13 ਨਵੰਬਰ
ਇੱਥੋਂ ਨੇੜਲੇ ਥਾਣਾ ਤਿੱਬੜ ਅਧੀਨ ਆਉਂਦੇ ਪਿੰਡ ਤਲਵੰਡੀ ਬਥੁੱਨਗੜ੍ਹ ਵਿੱਚ ਸੜਕ ਕਿਨਾਰੇ (ਸਾਹਮਣੇ ਮੋਨੀ ਮੰਦਿਰ) ਖੇਤਾਂ ਵਿੱਚੋਂ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਨੂੰ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਕਾਬੂ ਕਰ ਲਿਆ ਪਰ ਪਿੰਡ ਦੇ ਮੌਜੂਦਾ ਸਰੰਪਚ ਦੀ ਦਖਲਅੰਦਾਜ਼ੀ ਕਾਰਨ ਉਨ੍ਹਾਂ ਵਿਰੁੱਧ ਮੌਕੇ ’ਤੇ ਕਾਰਵਾਈ ਕਰਨ ਤੋਂ ਬਿਨਾਂ ਹੀ ਛੱਡ ਦਿੱਤਾ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਤਲਵੰਡੀ ਬਥੁੱਨਗੜ੍ਹ ਵਿੱਚ ਮੋਨੀ ਮੰਦਿਰ ਦੇ ਸਾਹਮਣੇ ਮੇਨ ਸੜਕ ਕਿਨਾਰੇ ਰਣਜੀਤ ਸਿੰਘ ਉਰਫ ਬਿੱਕਾ ਪੁੱਤਰ ਮਰਹੂਮ ਸੁਖਵਿੰਦਰ ਸਿੰਘ ਦੇ ਖੇਤ ਵਿੱਚੋਂ ਇਸੇ ਪਿੰਡ ਦੇ ਗੋਲਡੀ ਜੇਸੀਬੀ ਮਸ਼ੀਨ ਵਾਲਿਆਂ ਵਲੋਂ ਆਪਣੇ ਟਰੈਕਟਰ-ਪੱਟੇ ਵਾਲੀ ਮਸ਼ੀਨ ਨਾਲ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਸੀ, ਜੋ ਵੱਡੇ ਪੱਧਰ ’ਤੇ ਪਲਾਟਾਂ ਵਿੱਚ ਮਿੱਟੀ ਪਾਉਣ ਦਾ ਕਾਰੋਬਾਰ ਕਰਦੇ ਹਨ। ਇਸ ਬਾਰੇ ਸੂਚਨਾ ਮਿਲਣ ’ਤੇ ਸਬੰਧਿਤ ਥਾਣਾ ਤਿੱਬੜ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਪੁਲੀਸ ਪਾਰਟੀ ਸਣੇ ਪਹੁੰਚ ਕੇ ਮੌਕੇ ’ਤੇ ਮਿੱਟੀ ਪੁੱਟ ਰਹੇ ਟਰੈਕਟਰ-ਪੱਟੇ ਵਾਲੀ ਮਸ਼ੀਨ ਅਤੇ ਟਰੈਕਟਰ ਟਰਾਲੀ ਨੂੰ ਕਾਬੂ ਕਰ ਲਿਆ ਤਾਂ ਮਿੱਟੀ ਪੁੱਟਣ ਵਾਲੀ ਮਸ਼ੀਨ ਵਾਲੇ ਹਰਮਨਪ੍ਰੀਤ ਸਿੰਘ ਉਰਫ ਗੋਲਡੀ ਨੇ ਪਿੰਡ ਦੇ ਮੌਜੂਦਾ ਸਰਪੰਚ ਕਵਲਜੀਤ ਸਿੰਘ ਉਰਫ ਸੋਨੂੰ ਨੂੰ ਮੌਕੇ ’ਤੇ ਬੁਲਾ ਲਿਆ। ਸੱਤਾਧਾਰੀ ਆਮ ਆਦਮੀ ਪਾਰਟੀ ਨਾਲ ਸਬੰਧਿਤ ਸਰਪੰਚ ਦੀ ਦਖਲਅੰਦਾਜ਼ੀ ਕਾਰਨ ਥਾਣਾ ਮੁਖੀ ਮੌਕੇ ਤੋਂ ਬਿਨਾ ਕੋਈ ਕਾਰਵਾਈ ਕੀਤੇ ਟਰੈਕਟਰ-ਪੱਟੇ ਵਾਲੀ ਮਸ਼ੀਨ ਅਤੇ ਟਰੈਕਟਰ ਟਰਾਲੀ ਛੱਡ ਕੇ ਚਲੇ ਗਏ।
ਅਧਿਕਾਰੀਆਂ ਵੱਲੋਂ ਕਾਰਵਾਈ ਦਾ ਭਰੋਸਾ
ਥਾਣਾ ਤਿੱਬੜ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਨਾਜਾਇਜ਼ ਮਾਈਨਿੰਗ ਦਾ ਕੰਮ ਰੋਕ ਦਿੱਤਾ ਹੈ ਅਤੇ ਮਾਈਨਿੰਗ ਕਰਨ ਵਾਲਿਆਂ ਨੇ ਮਾਈਨਿੰਗ ਵਿਭਾਗ ਦੀ ਮਨਜ਼ੂਰੀ ਲੈ ਕੇ ਪੇਸ਼ ਕਰਨ ਲਈ ਸਮਾਂ ਮੰਗਿਆ ਹੈ। ਇਸ ਸਬੰਧੀ ਮਾਈਨਿੰਗ ਵਿਭਾਗ ਜ਼ਿਲ੍ਹਾ ਗੁਰਦਾਸਪੁਰ ਦੇ ਐਕਸੀਅਨ ਦਿਲਪ੍ਰੀਤ ਸਿੰਘ ਨੇ ਕਿਹਾ ਪਿੰਡ ਤਲਵੰਡੀ ਬਥੁੱਨਗੜ ’ਚ ਕਿਸੇ ਨੂੰ ਵਿਭਾਗ ਦੀ ਮਨਜ਼ੂਰੀ ਨਹੀਂ ਦਿੱਤੀ ਅਤੇ ਜ਼ਮੀਨ ’ਚੋਂ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਵਿਰੁੱਧ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਸਰਪੰਚ ਕਵਲਜੀਤ ਸਿੰਘ ਨੇ ਧਮਕੀਆਂ ਦਿੰਦਿਆਂ ਕਿਹਾ ਕਿ ਕੋਈ ਉਸ ਦਾ ਕੁਝ ਨਹੀਂ ਵਿਗਾੜ ਸਕਦਾ।
ਪੱਤਰਕਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ
ਗੁਰਦਾਸਪੁਰ (ਕੇਪੀ ਸਿੰਘ):
ਕਸਬਾ ਧਾਰੀਵਾਲ ਤੋਂ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਸੁੱਚਾ ਸਿੰਘ ਪਸਨਾਵਾਲ ਵੱਲੋਂ ਪਿੰਡ ਤਲਵੰਡੀ ਬਥੁੱਨਗੜ੍ਹ ਵਿੱਚ ਨਾਜਾਇਜ਼ ਮਾਈਨਿੰਗ ਦੀ ਖ਼ਬਰ ਦੀ ਕਵਰੇਜ ਤੋਂ ਬੌਖਲਾਏ ਪਿੰਡ ਮੌਜੂਦਾ ਸਰਪੰਚ ਅਤੇ ਉਸ ਦੇ ਸਾਥੀ ਜੇਸੀਬੀ ਮਸ਼ੀਨ ਦੇ ਮਾਲਕਾਂ ਵੱਲੋਂ ਧਮਕੀਆਂ ਦਿੱਤੀਆਂ ਗਈਆਂ। ਇਸ ਸਬੰਧੀ ਪੱਤਰਕਾਰ ਸੁੱਚਾ ਸਿੰਘ ਪਸਨਾਵਾਲ ਨੇ ਥਾਣਾ ਧਾਰੀਵਾਲ ਨੂੰ ਦਿੱਤੀ ਦਰਖਾਸਤ ਵਿੱਚ ਦੱਸਿਆ ਕਿ ਪਿੰਡ ਤਲਵੰਡੀ ਬਥੁੱਨਗੜ ਦੇ ਸਰਪੰਚ ਨੇ ਉਸ ਨੂੰ ਫ਼ੋਨ ਕਰਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਸੁੱਚਾ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਜੇਸੀਬੀ ਮਸ਼ੀਨ ਦੇ ਮਾਲਕ ਅਤੇ ਉਸ ਦੀ ਪਤਨੀ ਨੇ ਵੀ ਪਿੰਡ ਪਸਨਾਵਾਲ ਆ ਕੇ ਪੱਤਰਕਾਰ ਨੂੰ ਧਮਕਾਇਆ ਅਤੇ ਅਪਸ਼ਬਦ ਬੋਲੇ। ਸੁੱਚਾ ਸਿੰਘ ਪਸਨਾਵਾਲ ਨੇ ਖ਼ਦਸ਼ਾ ਜ਼ਾਹਿਰ ਕੀਤਾ ਹੈ ਕਿ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਜਾਨੀ ਅਤੇ ਮਾਲੀ ਨੁਕਸਾਨ ਦਾ ਖ਼ਤਰਾ ਹੈ। ਉਸ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ, ਜ਼ਿਲ੍ਹਾ ਪੁਲੀਸ ਮੁਖੀ ਗੁਰਦਾਸਪੁਰ ਅਤੇ ਹੋਰ ਸਬੰਧਿਤ ਅਧਿਕਾਰੀਆਂ ਕੋਲੋਂ ਮੰਗ ਕੀਤੀ ਹੈ ਕਿ ਕਾਨੂੰਨੀ ਕਾਰਵਾਈ ਕਰਕੇ ਉਸ ਨੂੰ ਇਨਸਾਫ਼ ਦਿਵਾਇਆ ਜਾਵੇ। ਪੱਤਰਕਾਰ ਯੂਨੀਅਨ, ਧਾਰੀਵਾਲ ਅਤੇ ਪ੍ਰੈੱਸ ਕਲੱਬ ਗੁਰਦਾਸਪੁਰ ਨੇ ਮੰਗ ਕੀਤੀ ਕਿ ਮੁਲਜ਼ਮਾਂ ਖ਼ਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇ।