ਨਹਿਰੀ ਵਿਭਾਗ ਦੀ ਜ਼ਮੀਨ ’ਤੇ ਕੀਤੇ ਨਾਜਾਇਜ਼ ਕਬਜ਼ੇ ਦਾ ਮਾਮਲਾ ਸੁਲਝਣ ਦੇ ਆਸਾਰ
ਐੱਨਪੀ. ਧਵਨ
ਪਠਾਨਕੋਟ, 28 ਮਾਰਚ
ਮਾਧੋਪੁਰ ਵਿੱਚ ਡਿਪਟੀ ਕਮਿਸ਼ਨਰ ਪਠਾਨਕੋਟ ਦੀ ਰਿਹਾਇਸ਼ ਵਾਲੇ ਕੈਨਾਲ ਰੈਸਟ ਹਾਊਸ ਦੀ 13 ਮਰਲੇ ਜ਼ਮੀਨ ’ਤੇ ਪ੍ਰਾਈਵੇਟ ਨਾਮੀ ਕਾਰੋਬਾਰੀ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ੇ ਨੂੰ ਖਾਲੀ ਕਰਵਾਉਣ ਦਾ ਮਾਮਲਾ ਸੁਲਝਣ ਦੇ ਆਸਾਰ ਬਣ ਗਏ ਹਨ। ਇਸ ਕੇਸ ਦੀ ਸੁਣਵਾਈ ਕਰਦੇ ਸਮੇਂ ਜਲ ਸਰੋਤ ਵਿਭਾਗ ਦੇ ਕੁਲੈਕਟਰ-ਕਮ-ਅਗਜ਼ੈਕਟਿਵ ਇੰਜੀਨੀਅਰ ਗੁਰਦਾਸਪੁਰ ਕੈਨਾਲ ਐਂਡ ਗਰਾਊਂਡ ਵਾਟਰ ਡਵੀਜ਼ਨ ਨੇ ਬਕਾਇਦਾ ਪੰਜਾਬ ਪਬਲਿਕ ਪ੍ਰੀਮਿਸਜ਼ ਐਂਡ ਲੈਂਡ ਐਕਟ 1973 ਦੇ ਤਹਿਤ ਹੁਕਮ ਜਾਰੀ ਕੀਤਾ ਹੈ ਕਿ ਕੀਤੇ ਗਏ ਉਕਤ ਨਾਜਾਇਜ਼ ਕਬਜ਼ੇ ਨੂੰ ਪੁਲੀਸ ਦੀ ਸਹਾਇਤਾ ਨਾਲ ਖਾਲੀ ਕਰਵਾਇਆ ਜਾਵੇ। ਯੂਬੀਡੀਸੀ ਵਿਭਾਗ ਮਾਧੋਪੁਰ ਦੇ ਐਸਡੀਓ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਇਸ ਬਾਰੇ ਪੁਲੀਸ ਸਹਾਇਤਾ ਲੈਣ ਲਈ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਲਿਖਿਆ ਗਿਆ ਹੈ ਅਤੇ ਯੂਬੀਡੀਸੀ ਵਿਭਾਗ ਦੇ ਅੰਮ੍ਰਿਤਸਰ ਸਥਿਤ ਨਿਗਰਾਨ ਇੰਜੀਨੀਅਰ ਕੁਲਵਿੰਦਰ ਸਿੰਘ ਨਾਲ ਉਹ ਖੁਦ ਡਿਪਟੀ ਕਮਿਸ਼ਨਰ ਆਦਿੱਤਿਆ ਉਪਲ ਨੂੰ ਵੀ ਮਿਲੇ ਹਨ। ਡਿਪਟੀ ਕਮਿਸ਼ਨਰ ਆਦਿੱਤਿਆ ਉਪਲ ਨੇ ਸੰਪਰਕ ਕਰਨ ਤੇ ਦੱਸਿਆ ਕਿ ਜਲਦੀ ਹੀ ਕਾਰਵਾਈ ਕੀਤੀ ਜਾਵੇਗੀ ਅਤੇ ਨਾਜਾਇਜ਼ ਕਬਜ਼ਾ ਖਾਲੀ ਕਰਵਾਉਣ ਲਈ ਨਿਯਮਾਂ ਨੂੰ ਅਪਨਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਅੰਗਰੇਜ਼ਾਂ ਦੇ ਸਮੇਂ 1925 ਦੇ ਬਣੇ ਹੋਏ ਰੈਸਟ ਹਾਊਸ ਦਾ ਕੁੱਲ ਰਕਬਾ 23 ਕਨਾਲ 18 ਮਰਲੇ ਸੀ, ਜਿਸ ਵਿੱਚੋਂ 17.44 ਮਰਲੇ ਉਪਰ ਨਾਜਾਇਜ਼ ਕਬਜ਼ਾ ਕਰ ਲਿਆ ਗਿਆ ਅਤੇ ਪ੍ਰਾਈਵੇਟ ਕਾਰੋਬਾਰੀ ਨੇ ਰੈਸਟ ਹਾਊਸ ਦੀ ਦੀਵਾਰ ਦੇ ਅੰਦਰ ਜਾ ਕੇ ਆਪਣੀ ਦੀਵਾਰ ਬਣਾ ਦਿੱਤੀ। ਇਸ ਵਿੱਚ ਤਤਕਾਲੀ ਡਿਪਟੀ ਕਮਿਸ਼ਨਰ ਹਰਬੀਰ ਸਿੰਘ ਦੀ ਵੀ ਭੂਮਿਕਾ ’ਤੇ ਸਵਾਲ ਉਠੇ, ਜਿਸ ਦੀ ਜਲ ਸਰੋਤ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਕ੍ਰਿਸ਼ਨ ਕੁਮਾਰ ਨੇ ਬਕਾਇਦਾ ਰਿਪੋਰਟ ਬਣਾ ਕੇ ਪੰਜਾਬ ਸਰਕਾਰ ਦੇ ਚੀਫ ਸਕੱਤਰ ਅਨੁਰਾਗ ਵਰਮਾ ਨੂੰ ਭੇਜ ਦਿੱਤੀ। ਪ੍ਰਿੰਸੀਪਲ ਸਕੱਤਰ ਅਨੁਰਾਗ ਵਰਮਾ ਵੱਲੋਂ ਜਲੰਧਰ ਡਵੀਜ਼ਨ ਦੇ ਕਮਿਸ਼ਨਰ ਨੂੰ ਕਿਸੇ ਬਾਹਰਲੇ ਜ਼ਿਲ੍ਹੇ ਦੀ ਟੀਮ ਤੋਂ ਨਿਸ਼ਾਨਦੇਹੀ ਕਰਵਾਉਣ ਬਾਰੇ ਲਿਖਿਆ ਗਿਆ ਹੈ। ਜਿਸ ’ਤੇ ਜਲੰਧਰ ਤੋਂ ਲੈਂਡ ਰਿਕਾਰਡਜ਼ ਦੇ ਡਿਪਟੀ ਡਾਇਰੈਕਟਰ ਤਪਨ ਭਨੋਟ ਨੇ ਉਕਤ ਜਗ੍ਹਾ ਦੀ ਮੌਕੇ ਉਪਰ ਪੁੱਜ ਕੇ ਨਿਸ਼ਾਨਦੇਹੀ ਕੀਤੀ ਅਤੇ ਉਨ੍ਹਾਂ ਆਪਣੀ ਰਿਪੋਰਟ ਵਿੱਚ ਸਪੱਸ਼ਟ ਕਰ ਦਿੱਤਾ ਕਿ ਰੈਸਟ ਹਾਊਸ ਵਾਲੀ ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਹੋਇਆ ਹੈ।