ਸ਼ੰਭੂ ਬਾਰਡਰ ’ਤੇ ਗੂੰਜਿਆ ਅਨਾਜ ਮੰਡੀਆਂ ਦਾ ਮਾਮਲਾ
ਸਰਬਜੀਤ ਸਿੰਘ ਭੰਗੂ
ਪਟਿਆਲਾ, 1 ਅਪਰੈਲ
ਪੰਜਾਬ ਦੀਆਂ ਦੋ ਦਰਜਨ ਤੋਂ ਵੀ ਵੱਧ ਅਨਾਜ ਮੰਡੀਆਂ ਨੂੰ ਮਰਜ ਕਰਨ ਦੀ ਕਾਰਵਾਈ ਦਾ ਮਾਮਲਾ ਅੱਜ ਸ਼ੰਭੂ ਬਾਰਡਰ ’ਤੇ ਜਾਰੀ ਕਿਸਾਨ ਮੋਰਚੇ ’ਚ ਗੂੰਜਦਾ ਰਿਹਾ। ਇਸ ਵਿਰੁੱਧ ਅਹਿਮ ਪ੍ਰੋਗਰਾਮ ਉਲੀਕਣ ਦੀ ਚਿਤਾਵਨੀ ਦਿੱਤੀ ਗਈ ਹੈ। ਇਸ ਸਬੰਧੀ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੀ ਮੀਟਿੰਗ ਯੂਨੀਅਨ ਦੇ ਕੌਮੀ ਪ੍ਰਧਾਨ ਮਨਜੀਤ ਸਿੰਘ ਘੁਮਾਣਾ ਅਤੇ ਸੂਬਾਈ ਪ੍ਰਧਾਨ ਦਿਲਬਾਗ ਸਿੰਘ ਗਿੱਲ ਦੀ ਅਗਵਾਈ ਵਿੱਚ ਹੋਈ। ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ 26 ਮੰਡੀਆਂ ਨੂੰ ਦੂਜੇ ਮਹਿਕਮਿਆਂ ਵਿੱਚ ਮਰਜ ਕਰ ਕੇ ਸਰਕਾਰੀ ਮੰਡੀਆਂ ਨੂੰ ਖਤਮ ਕਰਨ ਦੀ ਉਲੀਕੀ ਜਾ ਰਹੀ ਵਿਉਂਤਬੰਦੀ ਕਿਸਾਨ ਮਾਰੂ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਪੰਜਾਬ ਵਿੱਚ 9 ਪ੍ਰਾਈਵੇਟ ਸਾਇਲੋ ਨੂੰ ਕਣਕ ਦੀ ਖਰੀਦ ਕਰਨ ਦੀ ਪ੍ਰ੍ਰਵਾਨਗੀ ਦੇਣ ਦਾ ਮਾਮਲਾ ਵੀ ਕਿਸਾਨ ਵਿਰੋਧੀ ਹੈ। ਮਨਜੀਤ ਘੁਮਾਣਾ ਦਾ ਕਹਿਣਾ ਸੀ ਕਿ ਜਿਵੇਂ ਕਾਲੇ ਕਾਨੂੰਨਾਂ ਖ਼ਿਲਾਫ਼ ਕੇਂਦਰ ਸਰਕਾਰ ਨਾਲ ਲੜਾਈ ਲੜੀ ਗਈ ਹੈ ਤੇ ਹੋਰ ਮੰਗਾਂ ਦੀ ਪੂਰਤੀ ਲਈ ਲੜੀ ਜਾ ਰਹੀ ਹੈ, ਉਸੇ ਤਰ੍ਹਾਂ ਮੰਡੀਆਂ ਦੇ ਇਸ ਮਮਾਲੇ ਸਬੰਧੀ ਪੰਜਾਬ ਸਰਕਾਰ ਦੇ ਖ਼ਿਲਾਫ਼ ਵੀ ਲੜਾਈ ਲੜੀ ਜਾਵੇਗੀ। ਇਸ ਮੌਕੇ ਅਮਰੀਕ ਸਿੰਘ ਸਿੱਕਰੀ, ਬਲਕਾਰ ਸਿੰਘ ਬੈਂਸ, ਤੇਜਿੰਦਰ ਸਿੰਘ, ਮਨਜੀਤ ਸਿੰਘ ਅਰੋੜਾ, ਸੁਖਦੇਵ ਸਿੰਘ ਮੰਗਲੀ, ਜਸਵਿੰਦਰ ਸਿੰਘ ਖਰਾਜਪੁਰ, ਗੁਰਚਰਨ ਸਿੰਘ ਸ਼ਾਹਕੋਟੀ, ਅਮਰਜੀਤ ਸਿੰਘ ਭੱਟੀ, ਸਤਨਾਮ ਸਿੰਘ ਖਲੌਰ, ਗੁਰਦੀਪ ਸਿੰਘ ਮਰਦਾਂਪੁਰ, ਜਗਤਾਰ ਸਿੰਘ ਸੰਭੂ ਆਦਿ ਵੀ ਮੌਜੂਦ ਸਨ।