For the best experience, open
https://m.punjabitribuneonline.com
on your mobile browser.
Advertisement

ਹੱਲੋਮਾਜਰਾ ਦੇ ਸਰਕਾਰੀ ਸਕੂਲ ਦਾ ਮਾਮਲਾ ਲਟਕਿਆ

10:19 AM Oct 04, 2024 IST
ਹੱਲੋਮਾਜਰਾ ਦੇ ਸਰਕਾਰੀ ਸਕੂਲ ਦਾ ਮਾਮਲਾ ਲਟਕਿਆ
Advertisement

ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 3 ਅਕਤੂਬਰ
ਯੂਟੀ ਦੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਹੱਲੋਮਾਜਰਾ ਦੀ ਨਵੀਂ ਇਮਾਰਤ ਦਾ ਐਲਾਨ ਕਾਗਜ਼ਾਂ ਵਿੱਚ ਹੀ ਸੀਮਤ ਹੋ ਕੇ ਰਹਿ ਗਿਆ ਹੈ। ਇਹ ਸਕੂਲ ਟੀਨ ਦੇ ਸ਼ੈੱਡ ਵਿੱਚ ਚਲਾਇਆ ਜਾ ਰਿਹਾ ਹੈ, ਜਿਸ ਨੂੰ ਉਸ ਵੇਲੇ ਦੇ ਪ੍ਰਸ਼ਾਸਕ ਨੇ ਨਵਾਂ ਬਣਾਉਣ ਦਾ ਐਲਾਨ ਕੀਤਾ ਸੀ ਪਰ ਢਾਈ ਸਾਲ ਬੀਤਣ ਤੋਂ ਬਾਅਦ ਵੀ ਇਸ ਸਕੂਲ ਦਾ ਨਿਰਮਾਣ ਸ਼ੁਰੂ ਨਹੀਂ ਹੋਇਆ। ਇਸ ਸਕੂਲ ਦੀ ਫਾਈਲ ਅਜੇ ਵੀ ਵਿੱਤ ਵਿਭਾਗ ਕੋਲ ਲਟਕੀ ਹੋਈ ਹੈ। ਇਸ ਮਾਮਲੇ ਦਾ ਖੁਲਾਸਾ ਉਸ ਵੇਲੇ ਹੋਇਆ ਜਦੋਂ ਕਜਹੇੜੀ ਦੇ ਵਿਕਰਮ ਸਿੰਘ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਮਾਨਸਿਕ ਤੇ ਹੋਰ ਪ੍ਰੇਸ਼ਾਨੀਆਂ ਦਾ ਹਵਾਲਾ ਦੇ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ। ਪ੍ਰਧਾਨ ਮੰਤਰੀ ਦਫ਼ਤਰ ਨੇ ਇਸ ਤੋਂ ਬਾਅਦ ਯੂਟੀ ਦੇ ਸਿੱਖਿਆ ਵਿਭਾਗ ਨਾਲ ਸੰਪਰਕ ਕੀਤਾ ਤੇ ਇਹ ਜਾਣਕਾਰੀ ਸਾਹਮਣੇ ਆਈ ਕਿ ਇਸ ਨੂੰ ਹਾਲੇ ਵਿੱਤ ਵਿਭਾਗ ਨੇ ਮਨਜ਼ੂਰੀ ਹੀ ਨਹੀਂ ਦਿੱਤੀ। ਇਸ ਪਿੰਡ ਦੇ ਇਕ ਵਾਸੀ ਨੇ ਦੱਸਿਆ ਕਿ ਇਸ ਪਿੰਡ ਦੇ ਬੱਚਿਆਂ ਦੀਆਂ ਸਮੱਸਿਆਵਾਂ ਪ੍ਰਸ਼ਾਸਕ ਵੱਲੋਂ ਨਿਰਦੇਸ਼ ਦੇਣ ਦੇ ਬਾਵਜੂਦ ਵੀ ਹੱਲ ਨਹੀਂ ਹੋਈਆਂ। ਇਸ ਸਕੂਲ ਦੇ ਵਿਦਿਆਰਥੀਆਂ ਨੂੰ ਸਨਅਤੀ ਖੇਤਰ ਵਿੱਚ ਤਬਦੀਲ ਕੀਤਾ ਗਿਆ ਹੈ ਪਰ ਇਸ ਸਨਅਤੀ ਖੇਤਰ ਦਾ ਪਹਿਲਾ ਹਿੱਸਾ ਕਾਫੀ ਦੂਰ ਪੈਂਦਾ ਹੈ ਤੇ ਵਿਦਿਆਰਥੀਆਂ ਨੂੰ ਆਉਣ ਜਾਣ ਦਾ ਸਾਧਨ ਵੀ ਨਹੀਂ ਮਿਲਦਾ। ਜ਼ਿਕਰਯੋਗ ਹੈ ਕਿ 21 ਮਈ 2022 ਨੂੰ ਉਸ ਵੇਲੇ ਦੇ ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਹੱਲੋਮਾਜਰਾ ਸਕੂਲ ਦਾ ਦੌਰਾ ਕੀਤਾ ਸੀ ਤੇ ਉਸ ਵੇਲੇ ਉਹ ਟੀਨ ਦੇ ਸ਼ੈੱਡ ਵਿਚ ਚਲਦੇ ਸਕੂਲ ਦੀ ਇਮਾਰਤ ਦੇਖ ਕੇ ਹੈਰਾਨ ਰਹਿ ਗਏ ਸਨ ਕਿਉਂਕਿ ਭਰਪੂਰ ਗਰਮੀਆਂ ਵਿਚ ਵਿਦਿਆਰਥੀਆਂ ਨੂੰ ਟੀਨ ਦੇ ਸ਼ੈਡ ਦੇ ਸੇਕ ਹੇਠ ਪੜ੍ਹਨ ਲਈ ਮਜਬੂਰ ਹੋਣਾ ਪੈ ਰਿਹਾ ਸੀ।

Advertisement

ਸਕੂਲ ਦੇ ਵਿਦਿਆਰਥੀਆਂ ਨੂੰ ਦੂਜੇ ਸਕੂਲਾਂ ਵਿਚ ਤਬਦੀਲ ਕੀਤਾ: ਅਧਿਕਾਰੀ

ਡੀਈਓ ਦਫ਼ਤਰ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਹੱਲੋਮਾਜਰਾ ਦਾ ਸਕੂਲ ਦੋ ਹਿੱਸਿਆਂ ਵਿੱਚ ਚਲ ਰਿਹਾ ਸੀ। ਇਕ ਹਿੱਸਾ ਟੀਨ ਦੇ ਸ਼ੈੱਡ ਹੇਠਾਂ ਚਲਦਾ ਸੀ ਜਿਸ ਦੇ ਬੱਚਿਆਂ ਨੂੰ ਮੱਖਣਮਾਜਰਾ ਤੇ ਸਨਅਤੀ ਖੇਤਰ ਫੇਜ਼ 1 ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਇਸ ਸਕੂਲ ਦੇ ਨਿਰਮਾਣ ਦਾ ਮਾਮਲਾ ਸਕਤਰੇਤ ਵਿੱਚ ਲੰਬਿਤ ਹੈ ਤੇ ਇਸ ਸਕੂਲ ਦੀ ਥਾਂ ਵਿੱਚ ਬਣਦੀ ਮਨਜ਼ੂਰੀ ਮਿਲਣ ਉਪਰੰਤ ਹੀ ਨਵੇਂ ਸਕੂਲ ਦਾ ਨਿਰਮਾਣ ਸ਼ੁਰੂ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਹੋਰ ਵੀ ਨਵੇਂ ਸਰਕਾਰੀ ਸਕੂਲ ਬਣਾਉਣ ਦੀ ਯੋਜਨਾ ਹੈ ਤੇ ਆਉਣ ਵਾਲੇ ਸਾਲ ਵਿਚ ਚੰਡੀਗੜ੍ਹ ਨੂੰ ਕਈ ਨਵੇਂ ਸਰਕਾਰੀ ਸਕੂਲ ਮਿਲਣਗੇ।

Advertisement

Advertisement
Author Image

sukhwinder singh

View all posts

Advertisement