ਪੁੱਤ ਦੀ ਰੂਸੀ ਫ਼ੌਜ ’ਚ ਜਬਰੀ ਭਰਤੀ ਦਾ ਮਾਮਲਾ ਡੀਸੀ ਕੋਲ ਰੱਖਿਆ
ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 31 ਜੁਲਾਈ
ਜ਼ਿਲ੍ਹਾ ਮਾਲੇਰਕੋਟਲਾ ਦੇ ਪਿੰਡ ਕਲਿਆਣ ਦੇ ਵਾਸੀ ਗੁਰਮੇਲ ਸਿੰਘ ਨੇ ਪੱਤਰ ਲਿਖ ਕੇ ਉਸ ਦੇ ਪੁੱਤ ਬੁੱਧ ਰਾਮ ਸਿੰਘ ਨੂੰ ਰੂਸੀ ਫ਼ੌਜ ਵਿੱਚ ਜਬਰੀ ਭਰਤੀ ਕਰਨ ਦਾ ਮਾਮਲਾ ਡਿਪਟੀ ਕਮਿਸ਼ਨਰ ਡਾ. ਪੱਲਵੀ ਦੇ ਧਿਆਨ ਵਿੱਚ ਲਿਆਂਦਾ ਹੈ। ਉਨ੍ਹਾਂ ਪੱਤਰ ਵਿੱਚ ਲਿਖਿਆ ਕਿ ਬੁੱਧ ਰਾਮ ਚਾਰ ਸਾਲ ਤੋਂ ਬਹਿਰੀਨ ਵਿੱਚ ਰਹਿ ਰਿਹਾ ਸੀ। ਵੱਧ ਕਮਾਈ ਦੇ ਲਾਲਚ ’ਚ ਗ਼ੈਰ-ਕਾਨੂੰਨੀ ਢੰਗ ਨਾਲ ਜਰਮਨੀ ਦਾਖ਼ਲ ਹੋਣ ਸਮੇਂ ਉਸ ਨੂੰ ਰੂਸੀ ਫ਼ੌਜ ਨੇ ਗ੍ਰਿਫ਼ਤਾਰ ਕਰ ਕੇ ਜਬਰੀ ਫ਼ੌਜ ਭਰਤੀ ਕਰ ਲਿਆ। ਬੁੱਧ ਰਾਮ ਨੇ ਪਰਿਵਾਰ ਨੂੰ ਇੱਕ ਮਹੀਨੇ ਦੀ ਤਨਖ਼ਾਹ ਵੀ ਭੇਜੀ ਸੀ। 26 ਦਸੰਬਰ, 2023 ਤੋਂ 26 ਮਾਰਚ, 2024 ਤੱਕ ਪਰਿਵਾਰ ਦੀ ਬੁੱਧ ਰਾਮ ਸਿੰਘ ਫੋਨ ’ਤੇ ਗੱਲਬਾਤ ਹੁੰਦੀ ਰਹੀ ਪਰ ਇਸ ਮਗਰੋਂ ਪਰਿਵਾਰ ਦੀ ਉਸ ਨਾਲ ਕੋਈ ਗੱਲਬਾਤ ਨਹੀਂ ਹੋਈ। ਗੁਰਮੇਲ ਸਿੰਘ ਨੇ ਮੰਗ ਕੀਤੀ ਹੈ ਕਿ ਉਸ ਦੇ ਪੁੱਤਰ ਬੁੱਧ ਰਾਮ ਸਿੰਘ ਨੂੰ ਭਾਰਤ ਵਾਪਸ ਲਿਆਂਦਾ ਜਾਵੇ।
ਬੁੱਧ ਰਾਮ ਸਿੰਘ ਦੇ ਭਰਾ ਲਖਵੀਰ ਸਿੰਘ ਨੇ ਕਿਹਾ ਕਿ ਕੋਈ ਵੀ ਸਿਆਸਤਦਾਨ ਔਖੇ ਸਮੇਂ ਪਰਿਵਾਰ ਦਾ ਸਾਥ ਦੇਣ ਨਹੀਂ ਬਹੁੜਿਆ।
ਪਰਿਵਾਰ ਨੇ ਸਿਆਸਤਦਾਨਾਂ ਨੂੰ ਬੁੱਧ ਰਾਮ ਸਿੰਘ ਦਾ ਮੁੱਦਾ ਕੇਂਦਰ ਸਰਕਾਰ ਕੋਲ ਉਠਾਉਣ ਲਈ ਬੇਨਤੀ ਕੀਤੀ ਸੀ। ਉਸ ਨੇ ਦੱਸਿਆ ਕਿ ਬੁੱਧ ਰਾਮ ਸਿੰਘ ਨੇ ਬਹਿਰੀਨ ਜਾਣ ਤੋਂ ਪਹਿਲਾਂ ਵਿਆਹ ਕਰਵਾ ਲਿਆ ਸੀ। ਐੱਸਡੀਐੱਮ ਗੁਰਮੀਤ ਰਾਮ ਬਾਂਸਲ ਨੇ ਕਿਹਾ ਕਿ ਪ੍ਰਸ਼ਾਸਨ ਇਹ ਮਾਮਲਾ ਐੱਨਆਰਆਈ ਵਿੰਗ ਕੋਲ ਭੇਜ ਕੇ ਲਗਾਤਾਰ ਇਸ ਦੀ ਪੈਰਵੀ ਕਰੇਗਾ ਅਤੇ ਪਰਿਵਾਰ ਨਾਲ ਸੰਪਰਕ ਵਿੱਚ ਰਹੇਗਾ।