ਕਬਜ਼ਾ ਕਰਨ ਦਾ ਮਾਮਲਾ ਪੁਲੀਸ ਤੱਕ ਪੁੱਜਿਆ
ਪੱਤਰ ਪ੍ਰੇਰਕ
ਕੁਰਾਲੀ, 3 ਅਕਤੂਬਰ
ਸਥਾਨਕ ਵਾਰਡ ਨੰਬਰ-12 ਦੇ ਵਸਨੀਕਾਂ ਨੇ ਇੱਕ ਵਾਰਡਵਾਸੀ ’ਤੇ ਖਾਲੀ ਪਈ ਜਗ੍ਹਾ ’ਚ ਕੰਧ ਕੱਢਕੇ ਰਸਤਾ ਬੰਦ ਕਰਨ ਦਾ ਮਾਮਲਾ ਪ੍ਰਸ਼ਾਸਨ ਤੇ ਪੁਲੀਸ ਤੱਕ ਪੁੱਜ ਗਿਆ ਹੈ। ਵਾਰਡ ਵਾਸੀਆਂ ਨੇ ਮਾਮਲੇ ਦੀ ਜਾਂਚ ਤੇ ਕਾਰਵਾਈ ਦੀ ਮੰਗ ਕੀਤੀ ਹੈ। ਵਾਰਡ ਵਾਸੀਆਂ ਅਮਰਜੀਤ ਸਿੰਘ, ਸਰਬਜੀਤ ਸਿੰਘ, ਹਰਿੰਦਰ ਸਿੰਘ, ਕਰਨ ਸਿੰਘ, ਪਾਲ ਸਿੰਘ, ਪਲਵਿੰਦਰ ਸਿੰਘ, ਸੁਰਿੰਦਰ ਸ਼ਰਮਾ ਨੇ ਦੱਸਿਆ ਕਿ ਮੋਰਿੰਡਾ ਰੋਡ ’ਤੇ ਸਥਿੱਤ ਗੈਸ ਏਜੰਸੀ ਦੇ ਪਿੱਛੇ ਕਲੋਨੀ ਵਿੱਚ ਪਈ ਖਾਲੀ ਜਗ੍ਹਾ ਵਿੱਚ ਇੱਕ ਵਿਅਕਤੀ ਨੇ ਕਬਜ਼ਾ ਕਰਨ ਦੀ ਨੀਅਤ ਨਾਲ ਦੀਵਾਰ ਕਰ ਦਿੱਤੀ। ਇਸ ਕਾਰਨ ਕਲੋਨੀ ਦਾ ਇੱਕ ਰਸਤਾ ਵੀ ਬੰਦ ਕਰ ਦਿੱਤਾ ਗਿਆ ਹੈ। ਕਲੋਨੀ ਵਾਸੀਆਂ ਦਾ ਕਹਿਣਾ ਹੈ ਜਿਸ ਜ਼ਮੀਨ ’ਤੇ ਕਬਜ਼ਾ ਕੀਤਾ ਜਾ ਰਿਹਾ ਹੈ ਮਾਲ ਵਿਭਾਗ ਦੇ ਰਿਕਾਰਡ ਅਨੁਸਾਰ ਉਕਤ ਉਹ ਕਿਸੇ ਹੋਰ ਦੀ ਹੈ। ਇਹ ਜਗ੍ਹਾ ਰਸਤੇ ਵਜੋਂ ਵਰਤੀ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਚਾਰਦੀਵਾਰੀ ਕਰਨ ਤੋਂ ਪਹਿਲਾਂ ਕੌਂਸਲ ਕੋਲੋਂ ਕੋਈ ਨਕਸ਼ਾ ਪਾਸ ਨਹੀਂ ਕਰਵਾਇਆ ਗਿਆ। ਅਮਰਜੀਤ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਨੇ ਤੁਰੰਤ ਨਗਰ ਕੌਂਸਲ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ ਪਰ ਪਰ ਕੌਂਸਲ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਉਕਤ ਵਿਅਕਤੀ ਨੇ ਦੀਵਾਰ ਦਾ ਨਿਰਮਾਣ ਜਾਰੀ ਰੱਖਿਆ ਕਬਜ਼ਾ ਕਰ ਲਿਆ। ਉਨ੍ਹਾਂ ਕਿਹਾ ਕਿ ਇਹ ਕਬਜ਼ਾ ਨਗਰ ਕੌਂਸਲ ਦੀ ਕਥਿਤ ਮਿਲੀਭੁਗਤ ਨਾਲ ਸੰਭਵ ਹੋਇਆ ਹੈ। ਉਨ੍ਹਾਂ ਮਾਮਲੇ ਦੀ ਜਾਂਚ ਅਤੇ ਕਬਜ਼ਾ ਕਰਨ ਵਾਲੇ ਖ਼ਿਲਾਫ਼ ਕਾਰਵਾਈ ਤੇ ਕਬਜ਼ ਹਟਾਏ ਜਾਣ ਦੀ ਮੰਗ ਕੀਤੀ ਹੈ। ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਰਜਨੀਸ਼ ਸੂਦ ਨੇ ਸਾਰੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਵਾਰਡ ਵਾਸੀਆਂ ਦੀ ਲਿਖਤੀ ਸ਼ਿਕਾਇਤ ਤੋਂ ਬਾਅਦ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆ ਗਿਆ ਸੀ। ਇਸ ਸਬੰਧੀ ਕਬਜ਼ਾ ਕਰਨ ਵਾਲੇ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਅਤੇ ਸ਼ੁੱਕਰਵਾਰ ਨੂੰ ਪੱਖ ਰੱਖਣ ਲਈ ਕਿਹਾ ਗਿਆ ਹੈ। ਦੂਜੇ ਪਾਸੇ ਪੁਲੀਸ ਵਲੋਂ ਵੀ ਦੋਵੇਂ ਧਿਰਾਂ ਨੂੰ ਸ਼ੁੱਕਰਵਾਰ ਨੂੰ ਹੀ ਸੱਦਿਆ ਹੈ।