ਭਾਜਪਾ ਸੰਸਦ ਮੈਂਬਰ ਵੱਲੋਂ ਕਾਂਗਰਸ ਦੀ ਰੈਲੀ ਵਿੱਚ ਸ਼ਾਮਲ ਹੋਣ ਵਾਲੀਆਂ ਔਰਤਾਂ ਖ਼ਿਲਾਫ਼ ਟਿੱਪਣੀ ਦਾ ਮਾਮਲਾ ਭਖਿਆ
ਕੋਲਹਾਪੁਰ, 10 ਨਵੰਬਰ
BJP MP warns beneficiaries of Ladki Bahin scheme against attending Cong rallies; ਭਾਜਪਾ ਦੇ ਸੰਸਦ ਮੈਂਬਰ ਧਨੰਜੈ ਮਹਾਦਿਕ ਨੇ ਮਹਾਯੁਤੀ ਸਰਕਾਰ ਦੀ ‘ਮਾਝੀ ਲੜਕੀ ਬਹਿਨ’ ਸਕੀਮ ਤਹਿਤ 1500 ਰੁਪਏ ਲੈਣ ਵਾਲੀਆਂ ਔਰਤਾਂ ਨੂੰ ਕਾਂਗਰਸ ਪਾਰਟੀ ਦੀਆਂ ਰੈਲੀਆਂ ਵਿੱਚ ਸ਼ਾਮਲ ਹੋਣ ਤੋਂ ਵਰਜਦਿਆਂ ਚਿਤਾਵਨੀ ਦਿੱਤੀ ਹੈ ਜਿਸ ਕਾਰਨ ਇਹ ਮਾਮਲਾ ਭਖ ਗਿਆ ਹੈ। ਭਾਜਪਾ ਦੇ ਇਸ ਸੰਸਦ ਮੈਂਬਰ ਨੇ ਕਿਹਾ ਹੈ ਕਿ ਜੇ ਇਸ ਸਕੀਮ ਦਾ ਫਾਇਦਾ ਲੈਣ ਵਾਲੀਆਂ ਔਰਤਾਂ ਕਾਂਗਰਸ ਦੀਆਂ ਰੈਲੀਆਂ ਵਿਚ ਦਿਖਾਈ ਦਿੱਤੀਆਂ ਤਾਂ ਉਨ੍ਹਾਂ ਨੂੰ ਸਬਕ ਸਿਖਾਇਆ ਜਾਵੇਗਾ। ਕੋਲਹਾਪੁਰ ਦੇ ਜ਼ਿਲ੍ਹਾ ਕੁਲੈਕਟਰ ਤੇ ਜ਼ਿਲ੍ਹਾ ਚੋਣ ਅਧਿਕਾਰੀ ਨੇ ਧਨੰਜੈ ਮਹਾਦਿਕ ਨੂੰ ਇਸ ਟਿੱਪਣੀ ਤੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਬੀਐਨਐਸ ਦੀ ਧਾਰਾ 179 ਤਹਿਤ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ।
ਜਾਣਕਾਰੀ ਅਨੁਸਾਰ ‘ਮਾਝੀ ਲੜਕੀ ਬਹਿਨ’ ਭਾਜਪਾ ਦੀ ਅਗਵਾਈ ਵਾਲੀ ਮਹਾਯੁਤੀ ਦੀ ਵੱਡੀ ਪਹਿਲ ਰਹੀ ਹੈ। ਉਨ੍ਹਾਂ 20 ਨਵੰਬਰ ਦੀਆਂ ਵਿਧਾਨ ਸਭਾ ਚੋਣਾਂ ਲਈ ਆਪਣੇ ਚੋਣ ਮਨੋਰਥ ਪੱਤਰ ਵਿੱਚ ਕਿਹਾ ਹੈ ਕਿ ਉਨ੍ਹਾਂ ਦੇ ਸੱਤਾ ਵਿੱਚ ਆਉਣ ’ਤੇ ਇਸ ਸਹਾਇਤਾ ਰਾਸ਼ੀ ਨੂੰ 1,500 ਰੁਪਏ ਤੋਂ ਵਧਾ ਕੇ 2,100 ਰੁਪਏ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਇੱਥੇ ਇਕ ਪ੍ਰਚਾਰ ਰੈਲੀ ਨੂੰ ਸੰਬੋਧਨ ਕਰਦੇ ਹੋਏ ਮਹਾਦਿਕ ਨੇ ਕਿਹਾ, ‘ਜੇ ਤੁਸੀਂ ਕਾਂਗਰਸ ਦੀਆਂ ਰੈਲੀਆਂ ’ਚ ‘ਲੜਕੀ ਬਹਿਨ ਯੋਜਨਾ’ ਤਹਿਤ 1500 ਰੁਪਏ ਪ੍ਰਾਪਤ ਕਰਨ ਵਾਲੀਆਂ ਔਰਤਾਂ ਨੂੰ ਦੇਖਦੇ ਹੋ ਤਾਂ ਉਨ੍ਹਾਂ ਦੀਆਂ ਫੋਟੋਆਂ ਖਿੱਚ ਲਓ, ਅਸੀਂ ਉਨ੍ਹਾਂ ਨੂੰ ਦੇਖਾਂਗੇ ਕਿਉਂਕਿ ਸਾਡੀ ਸਰਕਾਰ ਤੋਂ ਮਦਦ ਲੈ ਕੇ ਦੂਜਿਆਂ ਦੀ ਤਾਰੀਫ ਕਰਨਾ ਮਨਜ਼ੂਰ ਨਹੀਂ ਹੈ।’
ਉਨ੍ਹਾਂ ਦੀ ਟਿੱਪਣੀ ਦੀ ਵਿਰੋਧੀ ਮਹਾ ਵਿਕਾਸ ਅਗਾੜੀ ਨੇ ਆਲੋਚਨਾ ਕੀਤੀ ਹੈ। ਐਨਸੀਪੀ (ਸਪਾ) ਦੀ ਸੰਸਦ ਮੈਂਬਰ ਸੁਪ੍ਰਿਆ ਸੂਲੇ ਨੇ ਕਿਹਾ, ‘ਮੈਂ ਧਨੰਜੈ ਮਹਾਦਿਕ ਦੇ ਬਿਆਨ ਦੀ ਨਿਖੇਧੀ ਕਰਦੀ ਹਾਂ। ਮੈਂ ਅਜਿਹੀ ਧਮਕੀ ਨੂੰ ਬਰਦਾਸ਼ਤ ਨਹੀਂ ਕਰਾਂਗੀ। ਮਹਿਲਾ ਕਮਿਸ਼ਨ ਨੂੰ ਇਸ ਮਾਮਲੇ ’ਤੇ ਕਾਰਵਾਈ ਕਰਨੀ ਚਾਹੀਦੀ ਹੈ।’ ਇਸ ਤੋਂ ਬਾਅਦ ਭਾਜਪਾ ਆਗੂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀਆਂ ਟਿੱਪਣੀਆਂ ਦਾ ਗਲਤ ਅਰਥ ਕੱਢਿਆ ਗਿਆ ਹੈ ਤੇ ਉਨ੍ਹਾਂ ਦਾ ਇਰਾਦਾ ਔਰਤਾਂ ਦੀ ਸੁਰੱਖਿਆ ਕਰਨਾ ਸੀ। ਪੀਟੀਆਈ