ਖਪਤਕਾਰਾਂ ਤੋਂ ਮੁਰੰਮਤ ਦੇ ਨਾਮ ਹੇਠ ਕੀਤੀ ਉਗਰਾਹੀ ਦਾ ਮਾਮਲਾ ਭਖਿਆ
ਪੱਤਰ ਪ੍ਰੇਰਕ
ਸ੍ਰੀ ਗੋਇੰਦਵਾਲ ਸਾਹਿਬ, 20 ਜੁਲਾਈ
ਪਾਵਰਕੌਮ ਦੇ ਸਹਾਇਕ ਲਾਈਨਮੈਨ ਵੱਲੋਂ ਕਸਬੇ ਵਿੱਚ ਡਿੱਗੇ ਖੰਬੇ ਦੀ ਮੁਰੰਮਤ ਕਰਨ ਬਦਲੇ ਕੀਤੀ 8 ਹਜ਼ਾਰ ਰੁਪਏ ਦੀ ਕਥਿਤ ਉਗਰਾਹੀ ਦਾ ਮਾਮਲਾ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਮਾਮਲਾ ਉਜਾਗਰ ਹੋਣ ਤੋਂ ਬਾਅਦ ਗੁੱਸੇ ਵਿੱਚ ਆਏ ਉਕਤ ਲਾਈਨਮੈਨ ਵੱਲੋਂ ਖੰਬੇ ਦੀ ਮੁਰੰਮਤ ਦਾ ਕੰਮ ਵਿਚਾਲੇ ਰੋਕ ਦਿੱਤਾ ਗਿਆ। ਉੱਥੇ ਹੀ ਪਾਵਰਕੌਮ ਦੇ ਉੱਚ ਅਧਿਕਾਰੀ ਇਸ ਮਾਮਲੇ ਬਾਬਤ ਜਾਂਚ ਕਰਵਾਉਣ ਦੀ ਗੱਲ ਆਖ ਰਹੇ ਹਨ। ਰ਼ਿਕਰਯੋਗ ਹੈ ਕਿ ਕਸਬਾ ਗੋਇੰਦਵਾਲ ਸਾਹਿਬ ਵਿਖੇ ਤਇਨਾਤ ਪਾਵਰਕੌਮ ਦੇ ਸਹਾਇਕ ਲਾਈਨਮੈਨ ਵੱਲੋਂ ਕਸਬੇ ਦੇ ਇੱਕ ਮੁਹੱਲੇ ਵਿੱਚ ਡਿੱਗਾ ਹੋਇਆ ਖੰਬਾ ਸਿੱਧਾ ਕਰਨ ਅਤੇ ਢਿੱਲੀਆਂ ਤਾਰਾ ਦੀ ਮੁਰੰਮਤ ਕਰਨ ਲਈ ਮਹੁੱਲਾ ਵਾਸੀਆਂ ਨਾਲ 8 ਹਜ਼ਾਰ ਰੁਪਏ ਵਿੱਚ ਸੌਦਾ ਤੈਅ ਕੀਤਾ ਗਿਆ ਜਿਸ ਦੀ ਭਿਣਕ ਮੀਡੀਆ ਤੱਕ ਪੁੱਜਣ ਤੇ ਉਕਤ ਲਾਈਨਮੈਨ ਵੱਲੋ ਸ਼ੁਰੂ ਕੀਤੀ ਮੁਰੰਮਤ ਨੂੰ ਅੱਧ ਵਿਚਕਾਰ ਛੱਡ ਦਿੱਤਾ ਗਿਆ। ਉੱਥੇ ਹੀ ਉਕਤ ਲਾਈਨਮੈਨ ਵੱਲੋਂ ਮੁਹੱਲਾ ਵਾਸੀਆਂ ਨੂੰ ਮਾਮਲਾ ਉਜਾਗਰ ਕਰਨ ਵਾਲੇ ਪੱਤਰਕਾਰ ਖਿਲਾਫ਼ ਭੜਕਾਇਆ ਗਿਆ। ਜਦ ਇਹ ਮਾਮਲਾ ਪਾਵਰਕੌਮ ਦੇ ਉੱਚ ਅਧਿਕਾਰੀਆ ਤੱਕ ਪੁੱਜਾ ਤਾਂ ਉਕਤ ਲਾਈਨਮੈਨ ਵੱਲੋਂ ਮੁਹੱਲੇ ਦੇ ਕਿਸੇ ਵੀ ਖਪਤਕਾਰ ਕੋਲੋਂ ਕੀਤੀ ਉਗਰਾਹੀ ਤੋਂ ਇਨਕਾਰ ਕੀਤਾ ਗਿਆ। ਖਡੂਰ ਸਾਹਿਬ ਉਪ ਮੰਡਲ ਦੇ ਐਸਡੀਓ ਕੁਲਵਿੰਦਰ ਸਿੰਘ ਨੇ ਆਖਿਆ ਕਿ ਉਹ ਇਸ ਮਾਮਲੇ ਬਾਬਤ ਪੜਤਾਲ ਕਰਵਾਉਣਗੇ।