ਬੱਚਿਆਂ ਨੂੰ ਫਰਸ਼ ’ਤੇ ਮਿੱਡ-ਡੇਅ ਮੀਲ ਪਰੋਸਣ ਦਾ ਮਾਮਲਾ ਭਖਿਆ
ਮਹਿੰਦਰ ਸਿੰਘ ਰੱਤੀਆਂ
ਮੋਗਾ, 28 ਨਵੰਬਰ
ਪੰਜਾਬ ਸਟੇਟ ਫੂਡ ਕਮਿਸ਼ਨ ਮੈਂਬਰ ਚੇਤਨ ਪ੍ਰਕਾਸ਼ ਧਾਲੀਵਾਲ ਨੇ ਸਕੂਲਾਂ ਦੀ ਅਚਨਚੇਤ ਚੈਕਿੰਗ ਕੀਤੀ। ਉਨ੍ਹਾਂ ਸਰਕਾਰੀ ਮਿਡਲ ਤੇ ਪ੍ਰਾਇਮਰੀ ਸਕੂਲ ਮੱਦੋਕੇ ਵਿੱਚ ਬੱਚਿਆਂ ਨੂੰ ਬਿਨਾਂ ਟਾਟ ਤੋਂ ਫਰਸ਼ ਮਿੱਡ-ਡੇਅ-ਮੀਲ ਖਾਣਾ ਪਰੋਸਣ ਦਾ ਉਨ੍ਹਾਂ ਗੰਭੀਰ ਨੋਟਿਸ ਲਿਆ। ਕਮਿਸ਼ਨਰ ਮੈਂਬਰ ਨੇ ਅਧਿਕਾਰੀਆਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਤਲਬੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਹ ਨੈਸ਼ਨਲ ਫੂਡ ਸਕਿਉਰਿਟੀ ਐਕਟ-2013 ਅਧੀਨ ਚੱਲ ਰਹੀਆਂ ਵੱਖ-ਵੱਖ ਸਕੀਮਾਂ ਦਾ ਨਿਰੀਖਣ ਲਈ ਅਚਨਚੇਤ ਦੌਰਾ ਕਰ ਰਹੇ ਹਨ। ਉਨ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਅਤੇ ਪ੍ਰਾਇਮਰੀ ਸਕੂਲ ਢੁੱਡੀਕੇ, ਸਰਕਾਰੀ ਮਿਡਲ ਤੇ ਪ੍ਰਾਇਮਰੀ ਸਕੂਲ ਮੱਦੋਕੇ, ਆਂਗਣਵਾੜੀ ਸੈਂਟਰ ਢੁੱਡੀਕੇ ਤੇ ਮੱਦੋਕੇ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਸਰਕਾਰੀ ਸਕੂਲਾਂ ਵਿੱਚ ਚੱਲ ਰਹੇ ਮਿੱਡ-ਡੇ ਮੀਲ ਸਕੀਮ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਪ੍ਰਾਇਮਰੀ ਸਕੂਲ ਢੁੱਡੀਕੇ ਵਿੱਚ ਮਿੱਡ-ਡੇ ਮੀਲ ਵਿੱਚ ਕੜ੍ਹੀ ਵਿੱਚ ਪਕੌੜੇ ਨਹੀਂ ਪਾਏ ਗਏ ਸਨ ਅਤੇ ਸਰਕਾਰੀ ਮਿਡਲ ਸਕੂਲ ਮੱਦੋਕੇ ਵਿੱਚ ਬੱਚਿਆਂ ਨੂੰ ਬਾਹਰ ਫਰਸ਼ ’ਤੇ ਬਿਠਾ ਕੇ ਹੀ ਮਿਡ-ਡੇ-ਮੀਲ ਖਵਾਇਆ ਜਾ ਰਿਹਾ ਸੀ।
ਉਨ੍ਹਾਂ ਕਿਹਾ ਕਿ ਫਰਸ਼ ’ਤੇ ਕੋਈ ਵੀ ਟਾਟ/ਮੈਟ ਆਦਿ ਨਹੀਂ ਸੀ, ਜਿਸਦੇ ਸਬੰਧ ਵਿੱਚ ਉਨ੍ਹਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਹਦਾਇਤ ਕੀਤੀ ਗਈ ਕੀ ਇਸ ਸਬੰਧੀ ਸਕੂਲ ਮੁਖੀ ਅਤੇ ਮਿੱਡ-ਡੇਅਮੀਲ ਇੰਚਾਰਜ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਜਾਵੇ ਅਤੇ ਰਿਪੋਰਟ ਕਮਿਸ਼ਨ ਨੂੰ ਭੇਜੀ ਜਾਵੇ। ਉਨ੍ਹਾਂ ਕਿਹਾ ਕਿ ਆਂਗਣਵਾੜੀ ਸੈਂਟਰਾਂ ਦੀ ਚੈਕਿੰਗ ਦੌਰਾਨ ਪਤਾ ਲੱਗਾ ਕਿ ਲਾਭਪਾਤਰੀਆਂ ਨੂੰ ਦਿੱਤਾ ਜਾਣ ਵਾਲਾ ਸਮਾਨ ਪਿਆ ਸੀ ਪਰੰਤੂ ਵੰਡ ਨਹੀ ਕੀਤੀ ਗਈ ਸੀ। ਉਨ੍ਹਾਂ ਜ਼ਿਲ੍ਹਾ ਪ੍ਰੋਗਰਾਮ ਅਫਸਰ ਨੂੰ ਹਦਾਇਤ ਕੀਤੀ ਕਿ ਸਾਮਾਨ ਨੂੰ ਜਲਦ ਤੋਂ ਜਲਦ ਵੰਡਵਾਇਆ ਜਾਵੇ ਤਾਂ ਜੋ ਲਾਭਪਾਤਰੀਆਂ ਨੂੰ ਆਪਣਾ ਬਣਦਾ ਲਾਭ ਪ੍ਰਾਪਤ ਹੋ ਸਕੇ ਉਨ੍ਹਾਂ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਅਤੇ ਵਧੀਕ ਡਿਪਟੀ ਕਮਿਸ਼ਨਰ ਨੂੰ ਹਦਾਇਤ ਕੀਤੀ ਕਿ ਮਿਆਦ ਪੁੱਗਿਆ ਸਾਮਾਨ ਨੂੰ ਨਾ ਵੰਡਿਆ ਜਾਵੇ ਅਤੇ ਸਬੰਧਤ ਅਧਿਕਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਦੇ ਹੋਏ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਜ਼ਿਲ੍ਹੇ ਦੇ ਵਿੱਚ ਮੌਜੂਦ ਸਾਰੇ ਆਂਗਣਵਾੜੀ ਸੈਟਰਾਂ ਦੇ ਸਾਮਾਨ ਦੀ ਚੈਕਿੰਗ ਕੀਤੀ ਜਾਵੇ ਅਤੇ ਸਾਮਾਨ ਨੂੰ ਮਿਆਦ ਪੁੱਗਣ ਤੋਂ ਪਹਿਲਾਂ ਵੰਡਵਾ ਦਿੱਤਾ ਜਾਵੇ। ਉਨ੍ਹਾਂ ਆਖਿਆ ਕਿ ਜੇਕਰ ਕੋਈ ਵੀ ਅਧਿਕਾਰੀ ਲਾਪਰਵਾਹੀ ਵਰਤਾ ਦਾ ਸਾਹਮਣੇ ਆਇਆ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨ੍ਹਾਂ ਅਧਿਕਾਰੀਆਂ ਨੂੰ ਬੱਚਿਆਂ ਦਾ ਖਾਸ ਧਿਆਨ ਰੱਖਣਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ।