ਥਰਮਲ ਅਧਿਕਾਰੀਆਂ ਦੀ ਕੁੱਟਮਾਰ ਦਾ ਮਾਮਲਾ ਸੁਲਝਿਆ
ਜਗਮੋਹਨ ਸਿੰਘ
ਰੂਪਨਗਰ/ਘਨੌਲੀ, 9 ਜਨਵਰੀ
ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੇ ਅਧਿਕਾਰੀਆਂ ਨਾਲ ਪਹਿਲੀ ਜਨਵਰੀ ਨੂੰ ਹੋਈ ਕੁੱਟਮਾਰ ਦੇ ਮਸਲੇ ਦਾ ਇਲਾਕਾ ਵਾਸੀਆਂ ਅਤੇ ਥਰਮਲ ਅਧਿਕਾਰੀਆਂ ਵਿਚਕਾਰ ਹੋਈ ਆਪਸੀ ਗੱਲਬਾਤ ਰਾਹੀਂ ਨਬਿੇੜਾ ਹੋ ਗਿਆ ਹੈ। ਇਸ ਮਸਲੇ ਦੇ ਹੱਲ ਲਈ ਛੰਨ ਬਾਬਾ ਕੁੰਮਾ ਮਾਸ਼ਕੀ ਜੀ ਚੱਕ ਢੇਰਾ ਦੇ ਖੋਜਕਰਤਾ ਬਾਬਾ ਸੁਰਿੰਦਰ ਸਿੰਘ ਖਜ਼ੂਰਲਾ ਅਤੇ ਕਿਰਤੀ ਕਿਸਾਨ ਮੋਰਚਾ ਜਥੇਬੰਦੀ ਵੱਲੋਂ ਵੱਡੀ ਭੂਮਿਕਾ ਨਿਭਾਈ ਗਈ ਹੈ। ਕਿਰਤੀ ਕਿਸਾਨ ਮੋਰਚਾ, ਮੁਲਾਜ਼ਮ ਜਥੇਬੰਦੀਆਂ ਅਤੇ ਇਲਾਕਾ ਵਾਸੀਆਂ ਦੀ ਸਾਂਝੀ ਮੀਟਿੰਗ ਅੱਜ ਥਰਮਲ ਪਲਾਂਟ ਰੂਪਨਗਰ ਦੇ ਟਰੇਨਿੰਗ ਹਾਲ ਵਿੱਚ ਹੋਈ। ਇਸ ਦੌਰਾਨ ਵੱਡੀ ਗਿਣਤੀ ਵਿੱਚ ਇਲਾਕੇ ਦੇ ਮੋਹਤਬਰਾਂ ਤੋਂ ਇਲਾਵਾ ਬਾਬਾ ਸੁਰਿੰਦਰ ਸਿੰਘ ਖਜ਼ੂਰਲਾ ਅਤੇ ਕਿਸਾਨ ਆਗੂ ਹੁੱਲੜਬਾਜ਼ੀ ਕਰਨ ਵਾਲੇ ਨੌਜਵਾਨਾਂ ਨੂੰ ਲੈ ਕੇ ਹਾਜ਼ਰ ਹੋਏ ਅਤੇ ਉਨ੍ਹਾਂ ਮੁੱਖ ਇੰਜਨੀਅਰ ਅਤੇ ਹੋਰ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਇਸ ਮਸਲੇ ਦਾ ਇਸ ਤਰੀਕੇ ਨਾਲ ਹੱਲ ਕੀਤਾ ਜਾਵੇ ਕਿ ਅੱਗੋਂ ਲਈ ਅਜਿਹੀ ਮੰਦਭਾਗੀ ਘਟਨਾ ਨਾ ਵਾਪਰੇ। ਮੁੱਖ ਇੰਜਨੀਅਰ ਹਰੀਸ਼ ਕੁਮਾਰ ਸ਼ਰਮਾ ਨੇ ਦਰਿਆਦਿਲੀ ਦਿਖਾਉਂਦਿਆਂ ਕਿਹਾ ਕਿ ਭਾਵੇਂ ਨੌਜਵਾਨਾਂ ਵੱਲੋਂ ਕੀਤੀ ਹਰਕਤ ਮੁਆਫ਼ੀਯੋਗ ਨਹੀਂ ਸੀ, ਪਰ ਉਹ ਨਹੀਂ ਚਾਹੁੰਦੇ ਕਿ ਮੁਲਜ਼ਮਾਂ ਦੇ ਜੇਲ੍ਹ ਜਾਣ ਤੋਂ ਬਾਅਦ ਉਨ੍ਹਾਂ ਦੇ ਬੱਚਿਆਂ ਅਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਦੁੱਖ ਤਕਲੀਫ਼ਾਂ ਦਾ ਸਾਹਮਣਾ ਕਰਨਾ ਪਵੇ। ਇਸ ਲਈ ਉਹ ਸਾਰੇ ਮੁਲਜ਼ਮਾਂ ਨੂੰ ਆਪਣੇ ਦਿਲ ਤੋਂ ਮੁਆਫ਼ ਕਰਦੇ ਹਨ। ਉਨ੍ਹਾਂ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਭਵਿੱਖ ਵਿੱਚ ਅਜਿਹੀ ਹਰਕਤ ਕਰਨ ਦੀ ਬਜਾਏ ਕੁਦਰਤੀ ਆਫਤ ਮੌਕੇ ਤਕਨੀਕੀ ਨੁਕਸ ਦੂਰ ਕਰਨ ਆਏ ਅਧਿਕਾਰੀਆਂ ਦਾ ਸਾਥ ਦੇਣ।