ਪ੍ਰਾਪਰਟੀ ਟੈਕਸ ਨਾਲ ਕੈਂਸਰ ਸੈੱਸ ਲਾਉਣ ਦਾ ਮਾਮਲਾ ਭਖਿਆ
ਗਗਨਦੀਪ ਅਰੋੜਾ
ਲੁਧਿਆਣਾ, 27 ਜੁਲਾਈ
ਨਗਰ ਨਿਗਮ ਲੁਧਿਆਣਾ ਵੱਲੋਂ ਪ੍ਰਾਪਰਟੀ ਟੈਕਸ ਨਾਲ ਕੈਂਸਰ ਸੈੱਸ ਲਾਉਣ ’ਤੇ ਹੁਣ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਤੇ ਸਾਬਕਾ ਕੌਂਸਲਰ ਮਮਤਾ ਆਸ਼ੂ ਨੇ ਕੈਂਸਰ ਸੈੱਸ ਲਾਉਣ ਦਾ ਮਾਮਲਾ ਚੁੱਕਦੇ ਹੋਏ ਨਿਗਮ ਜ਼ੋਨ-ਡੀ ਦਫ਼ਤਰ ’ਚ ਨਿਗਮ ਕਮਿਸ਼ਨਰ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਦੋਸ਼ ਲਗਾਏ ਕਿ ਨਗਰ ਨਿਗਮ ਦੇ ਅਧਿਕਾਰੀਆਂ ਦੀ ਲਾਪ੍ਰਵਾਹੀ ਦਾ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ 2021 ਤੋਂ ਹੁਣ ਤੱਕ ਪ੍ਰਾਪਰਟੀ ਟੈਕਸ ਭਰਨ ਵਾਲਿਆਂ ਨੂੰ 2 ਫੀਸਦੀ ਕੈਂਸਰ ਸੈੱਸ ਲਗਾਇਆ ਜਾ ਰਿਹਾ ਹੈ। ਇਸ ਦੌਰਾਨ ਮਮਤਾ ਆਸ਼ੂ ਨੇ ਵਿਧਾਨ ਸਭਾ ਕਮੇਟੀ ਦੇ ਚੇਅਰਮੈਨ ਵਿਧਾਇਕ ਗੁਰਪ੍ਰੀਤ ਗੋਗੀ ’ਤੇ ਤਿੱਖਾ ਸ਼ਬਦੀ ਹਮਲਾ ਕੀਤਾ। ਸਾਬਕਾ ਕੌਂਸਲਰ ਨੇ ਕਿਹਾ ਕਿ ਨਗਰ ਨਿਗਮ ਵੱਲੋਂ ਪ੍ਰਪਾਰਟੀ ਟੈਕਸ ’ਚ ਕੈਂਸਰ ਸੈੱਸ 2 ਫੀਸਦੀ ਜੋੜ ਕੇ ਬਿੱਲ ਭੇਜਿਆ ਜਾ ਰਿਹਾ ਹੈ। 2022 ’ਚ ਆਪ ਸਰਕਾਰ ਨੇ ਇਸ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ, ਪਰ ਨਿਗਮ ਵੱਲੋਂ ਲੋਕਾਂ ਨੂੰ ਇਸ ਸਾਲ 2013 ਤੋਂ ਕੈਂਸਰ ਸੈਸ ਦਾ ਬਕਾਇਆ ਜੋੜ ਕੇ ਬਿੱਲ ਭੇਜੇ ਜਾ ਰਹੇ ਹਨ।
ਪ੍ਰਾਪਰਟੀ ਟੈਕਸ ’ਤੇ ਪਹਿਲਾਂ ਨਗਰ ਨਿਗਮ ਦੇ ਅਧਿਕਾਰੀਆਂ ਨੇ ਪਹਿਲਾਂ ਕਿਸੇ ਨੂੰ ਕੈਂਸਰ ਸੈੱਸ ਨਹੀਂ ਲਗਾਇਆ। ਹੁਣ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਵਾਲੇ ਲੋਕਾਂ ਨੂੰ 2 ਫੀਸਦੀ ਜ਼ਿਆਦਾ ਟੈਕਸ ਲਗਾਇਆ ਜਾ ਰਿਹਾ ਹੈ। ਨਾਲ ਹੀ 18 ਫੀਸਦੀ ਜੁਰਮਾਨਾ ਵੀ ਲਗਾਇਆ ਜਾ ਰਿਹਾ ਹੈ। ਸ਼ਹਿਰ ’ਚ ਵੱਡੀਆਂ ਵੱਡੀਆਂ ਇੰਡਸਟਰੀਆਂ ਲੱਖਾਂ ਰੁਪਏ ਟੈਕਸ ਅਦਾ ਕਰਦੀ ਹੈ, ਉਨ੍ਹਾਂ ’ਤੇ ਨਿਗਮ ਦਾ ਇਹ ਫੁਰਮਾਨ ਆਰਥਿਕ ਬੋਝ ਵਧਾਵੇਗਾ।
ਨਿਗਮ ਅਧਿਕਾਰੀ ਇਸ ਬਾਰੇ ’ਚ ਕੁਝ ਨਹੀਂ ਦੱਸ ਪਾ ਰਹੇ। ਇਸ ਦੌਰਾਨ ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਡੂੰਘਾਈ ਨਾਲ ਕੀਤੀ ਜਾਵੇ ਤੇ ਇਹ ਟੈਕਸ ਹਟਾਇਆ ਜਾਵੇਾ।
ਦੂਜੇ ਪਾਸੇ ਨਗਰ ਨਿਗਮ ਲੁਧਿਆਣਾ ਦੇ ਕਮਿਸ਼ਨਰ ਸੰਦੀਪ ਰਿਸ਼ੀ ਨੇ ਦੱਸਿਆ ਕਿ ਇਸ ਮਾਮਲੇ ਨੂੰ ਦੇਖਿਆ ਜਾ ਰਿਹਾ ਹੈ। ਕੈਂਸਰ ਸੈੱਸ ਦਾ ਪੁਰਾਣਾ ਨੋਟੀਫਿਕੇਸ਼ਨ ਹੋਇਆ ਹੈ, ਜਿਸ ਨੂੰ ਲਾਗੂ ਕੀਤਾ ਜਾ ਰਿਹਾ ਹੈ।