For the best experience, open
https://m.punjabitribuneonline.com
on your mobile browser.
Advertisement

ਜਗਤ ਕਾਫ਼ਲਾ ਤੁਰਿਆ ਰਹਿੰਦਾ...

07:53 AM Oct 23, 2024 IST
ਜਗਤ ਕਾਫ਼ਲਾ ਤੁਰਿਆ ਰਹਿੰਦਾ
Advertisement

ਸਤਨਾਮ ਸਿੰਘ ਢਾਅ
ਕੈਲਗਰੀ: ਅਰਪਨ ਲਿਖਾਰੀ ਸਭਾ, ਕੈਲਗਰੀ ਦੀ ਮਾਸਿਕ ਮੀਟਿੰਗ ਡਾ. ਜੋਗਾ ਸਿੰਘ ਸਹੋਤਾ ਅਤੇ ਪਰਮਜੀਤ ਭੰਗੂ ਦੀ ਪ੍ਰਧਾਨਗੀ ਹੇਠ ਕੋਸੋ ਹਾਲ ਵਿੱਚ ਹੋਈ। ਸਟੇਜ ਸਕੱਤਰ ਜਰਨੈਲ ਸਿੰਘ ਤੱਗੜ ਨੇ ਸੰਭਾਲੀ। ਜਗਦੇਵ ਸਿੱਧੂ ਨੇ ਕੈਨੇਡਾ ਦੇ ਮੂਲ ਨਿਵਾਸੀ ਬੱਚੀਆਂ ਨਾਲ ਹੋਏ ਜ਼ੁਲਮ ਦੀ ਦਾਸਤਾਨ ਬਹੁਤ ਹੀ ਭਾਵੁਕ ਕਵਿਤਾ ਰਾਹੀਂ ਸਾਂਝਾ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਸਤਨਾਮ ਸਿੰਘ ਸ਼ੇਰਗਿੱਲ ਨੇ ਵੀ ਨਿੱਜੀ ਤਜਰਬੇ ਵਜੋਂ ਦੱਸਿਆ ਕਿ ਇੱਥੋਂ ਦੇ ਮੂਲ-ਨਿਵਾਸੀ ਬੜੇ ਸਿੱਧੇ-ਸਾਦੇ, ਕੁਦਰਤ-ਪ੍ਰੇਮੀ, ਸਾਫ਼-ਦਿਲ ਅਤੇ ਪਿਆਰ ਕਰਨ ਵਾਲੇ ਹਨ। ਪ੍ਰਿੰਸੀਪਲ ਬਲਦੇਵ ਸਿੰਘ ਦੁੱਲਟ ਨੇ ਇੱਥੋਂ ਦੇ ਰਿਹਾਇਸ਼ੀ ਸਕੂਲਾਂ ਦੇ ਸੰਖੇਪ ਇਤਿਹਾਸ ਦਾ ਵਰਣਨ ਕੀਤਾ ਜਿਸ ਵਿੱਚ ਉਸ ਨੇ ਮੂਲ ਨਿਵਾਸੀ ਲੋਕਾਂ ਤੋਂ ਉਨ੍ਹਾਂ ਦਾ ਸੱਂਭਿਆਚਾਰ ਅਤੇ ਬੋਲੀ ਖੋਹਣ ਦੀ ਬੇਇਨਸਾਫ਼ੀ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।
ਦਰਸ਼ਨ ਸਿੰਘ ਬਰਾੜ ਨੇ ਆਪਣੀ ਕਵਿਤਾ ‘ਜਗਤ ਕਾਫ਼ਲਾ ਤੁਰਿਆ ਰਹਿੰਦਾ ਆਉਣਾ ਜਾਣ ਸੰਸਾਰੀ ਏ’ ਆਪਣੀ ਸੁਰੀਲੀ ਆਵਾਜ਼ ਵਿੱਚ ਸੁਣਾਈ। ਮੰਗਲ ਚੱਠਾ ਨੇ ਸਰਪੰਚੀ ਵੋਟਾਂ ਨੂੰ ਲੈ ਕੇ ਵਿਅੰਗਮਈ ਕਵਿਤਾ ਨਾਲ ਸਾਂਝ ਪਈ। ਬਲਬੀਰ ਗੋਰੇ ਨੇ ਆਪਸੀ ਪਿਆਰ ਵਧਾਉਣ ਵਾਲੀ ਕਵਿਤਾ ਸੁਣਾਈ। ਡਾ. ਹਰਿੰਦਰਪਾਲ ਸਿੰਘ ਨੇ ਗੀਤ ‘ਪੀੜ ਤੇਰੇ ਜਾਣ ਦੀ’ ਪੇਸ਼ ਕੀਤਾ। ਗੁਰਚਰਨ ਸਿੰਘ ਹੇਅਰ ਨੇ ਜਵਾਨੀ ਨੂੰ ਸੇਧ ਦਿੰਦਾ ਇੱਕ ਗੀਤ ਸੁਣਾਇਆ। ਗੁਰਚਰਨ ਕੌਰ ਥਿੰਦ ਨੇ ‘ਉੱਠੋ ਵੇ ਅਮਨਾ ਵਾਲਿਓ ਅਮਨਾਂ ਦੀ ਗੱਲ ਕਰੋ’ ਅਤੇ ਜਸਵੀਰ ਸਿਹੋਤਾ ਨੇ ਵੀ ਆਪਣੀ ਇੱਕ ਕਵਿਤਾ ਪੇਸ਼ ਕੀਤੀ। ਲਖਵਿੰਦਰ ਜੌਹਲ ਨੇ ਭਰੂਣ ਹੱਤਿਆ ਬਾਰੇ ਕਵਿਤਾ ਪੇਸ਼ ਕੀਤੀ।
ਸਰਦੂਲ ਸਿੰਘ ਲੱਖਾ, ਪ੍ਰੋ. ਹਰਭਜਨ ਸਿੰਘ ਅਤੇ ਪਰਮਜੀਤ ਭੰਗੂ ਨੇ ਕਵਿਤਾਵਾਂ ਰਾਹੀਂ ਆਪਣੇ ਜਜ਼ਬਾਤਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸਾਂਝਾ ਕੀਤਾ। ਗੁਰਮੀਤ ਕੌਰ ਸਰਪਾਲ ਨੇ ਕੁਝ ਸ਼ੇਅਰ ਸੁਣਾਏ। ਡਾ. ਜੋਗਾ ਸਿੰਘ ਸਹੋਤਾ ਨੇ ਸਾਜ਼ ਦੀਆਂ ਸੁਰਾਂ ’ਤੇ ਗੀਤ ਅਤੇ ਗ਼ਜ਼ਲ ਗਾ ਕੇ ਸੰਗੀਤਕ ਮਾਹੌਲ ਸਿਰਜਿਆ। ਪ੍ਰੋ. ਸੁਖਵਿੰਦਰ ਸਿੰਘ ਥਿੰਦ ਨੇ ਕੈਨੇਡਾ ਦੀ ਜਨ ਸੰਖਿਆ, ਹਿਜਰਤ ਤੇ ਇੱਥੇ ਬੱਚੇ ਜੰਮਣ ਦੀ ਦਰ ਬਾਰੇ ਅੰਕੜੇ ਸਾਂਝੇ ਕੀਤੇ। ਉਨ੍ਹਾਂ ਚਿੰਤਾ ਜ਼ਾਹਿਰ ਕਰਦਿਆਂ ਆਖਿਆ ਕਿ ਇੱਥੇ ਦੀ ਨਵੀਂ ਪੀੜ੍ਹੀ ਬੱਚੇ ਪੈਦਾ ਕਰਨ ਵਿੱਚ ਓਨੀ ਦਿਲਚਸਪੀ ਨਹੀਂ ਦਿਖਾ ਰਹੀ।
ਸਤਨਾਮ ਢਾਅ ਨੇ ਸ਼ਹੀਦੇ-ਆਜ਼ਮ ਭਗਤ ਸਿੰਘ ਦੇ ਵਿਚਾਰਾਂ ਨੂੰ ਅਮਲ ਵਿੱਚ ਲਿਆਉਣ ’ਤੇ ਜ਼ੋਰ ਦਿੱਤਾ ਅਤੇ ਪੰਜਾਬ ਵਿੱਚ ਅੰਗਰੇਜ਼ੀ ਮੀਡੀਅਮ ਵਾਲੇ ਪ੍ਰਾਈਵੇਟ ਸਕੂਲਾਂ ਵੱਲੋਂ ਪੰਜਾਬੀ ਪ੍ਰਤੀ ਮੰਦੇ ਵਤੀਰੇ ਬਾਰੇ ਚੌਕਸ ਕੀਤਾ। ਉਸ ਨੇ ਆਖਿਆ ਕਿ ਸਾਡੇ ਲੋਕ ਹੀ ਆਪਣੇ ਬੱਚਿਆਂ ਨੂੰ ਮਾਂ ਬੋਲੀ ਨਾਲੋਂ ਆਪ ਤੋੜ ਰਹੇ ਹਨ। ਇਨ੍ਹਾਂ ਤੋਂ ਇਲਾਵਾ ਕੇਹਰ ਸਿੰਘ ਸਿੱਧੂ, ਸੂਬਾ ਸ਼ੇਖ, ਸੁਖਦੇਵ ਕੌਰ ਢਾਅ ਦੀ ਹਾਜ਼ਰੀ ਵੀ ਜ਼ਿਕਰਯੋਗ ਰਹੀ। ਜਰਨੈਲ ਤੱਗੜ ਨੇ ਜਿਸ ਸਲੀਕੇ ਨਾਲ ਕਾਵਿ-ਟੋਟਕੇ ਅਤੇ ਰੁਬਾਈਆਂ ਸੁਣਾ ਕੇ ਸਟੇਜੀ ਕਾਰਵਾਈ ਚਲਾਈ, ਉਸ ਦੀ ਸਰਾਹਨਾ ਹੋਈ। ਅਖ਼ੀਰ ਵਿੱਚ ਪ੍ਰਧਾਨ ਡਾ. ਜੋਗਾ ਸਿੰਘ ਨੇ ਸ਼ਾਮਲ ਹੋਏ ਸਾਹਿਤਕਾਰਾਂ ਪ੍ਰਤੀ ਆਭਾਰ ਪ੍ਰਗਟ ਕੀਤਾ ਅਤੇ ਸਾਰੇ ਹਾਜ਼ਰੀਨ ਦਾ ਧੰਨਵਾਦ ਕੀਤਾ।

Advertisement

Advertisement
Advertisement
Author Image

Advertisement