ਘਰ ਵਿੱਚ ਖੜ੍ਹੀ ਕਾਰ ਦਾ ਫਾਸਟੈਗ ਰਾਹੀਂ ਟੌਲ ਕੱਟਿਆ
ਪੱਤਰ ਪ੍ਰੇਰਕ
ਭਵਾਨੀਗੜ੍ਹ, 21 ਅਪਰੈਲ
ਇੱਥੋਂ ਦੇ ਇਕ ਕਾਰ ਮਾਲਕ ਦੇ ਘਰ ਵਿੱਚ ਖੜ੍ਹੀ ਕਾਰ ਦਾ 107 ਕਿਲੋਮੀਟਰ ਦੀ ਦੂਰੀ ਦੇ ਟੌਲ ਬੈਰੀਅਰ ’ਤੇ ਟੌਲ ਕੱਟਿਆ ਗਿਆ। ਪ੍ਰੇਸ਼ਾਨ ਹੋਇਆ ਕਾਰ ਮਾਲਕ ਇਸ ਮਾਮਲੇ ਨੂੰ ਖ਼ਪਤਕਾਰ ਅਦਾਲਤ ’ਚ ਲਿਜਾਣ ਦੀ ਤਿਆਰੀ ਕਰ ਰਿਹਾ ਹੈ।
ਇਸ ਸਬੰਧੀ ਇੱਥੇ ਸ੍ਰੀ ਦੁਰਗਾ ਮਾਤਾ ਮੰਦਰ ਕਮੇਟੀ ਦੇ ਪ੍ਰਧਾਨ ਕਾਰ ਮਾਲਕ ਮੁਨੀਸ਼ ਸਿੰਗਲਾ ਨੇ ਦੱਸਿਆ ਕਿ 20 ਅਪਰੈਲ ਨੂੰ ਉਸ ਦੀ ਕਾਰ ਘਰ ਵਿੱਚ ਖੜ੍ਹੀ ਕਾਰ ਦੇ ਫਾਸਟੈਗ ਤੋਂ ਕਰੀਬ 107 ਕਿਲੋਮੀਟਰ ਦੂਰ ਲੁਧਿਆਣਾ ਬਾਈਪਾਸ ’ਤੇ ਸਥਿਤ ਲਾਡੋਵਾਲ ਟੌਲ ਪਲਾਜ਼ਾ ’ਤੇ 215 ਰੁਪਏ ਦੀ ਕਟੌਤੀ ਦਾ ਫੋਨ ’ਤੇ ਮੈਸੇਜ ਆਇਆ ਜਿਸ ਨੂੰ ਦੇਖ ਕੇ ਉਹ ਦੰਗ ਰਹਿ ਗਿਆ। ਉਸ ਨੇ ਦੱਸਿਆ ਕਿ ਉਹ ਇੱਕ ਨਿੱਜੀ ਕੰਪਨੀ ਦਾ ਫਾਸਟੈਗ ਵਰਤਦਾ ਹੈ ਅਤੇ ਮੈਸੇਜ ਦੇਖਦੇ ਹੀ ਉਸਨੇ ਫਾਸਟੈਗ ਕੰਪਨੀ ਦੇ ਹੈਲਪਲਾਈਨ ਨੰਬਰ ’ਤੇ ਮਾਮਲੇ ਦੀ ਸ਼ਿਕਾਇਤ ਕੀਤੀ, ਜਿਸ ’ਤੇ ਕਸਟਮਰ ਕੇਅਰ ਵਾਲਿਆਂ ਨੇ ਉਸ ਕੋਲੋਂ 12 ਤੋਂ 15 ਦਿਨਾਂ ਦਾ ਸਮਾਂ ਮੰਗਿਆ। ਅਜਿਹੇ ਵਿੱਚ ਕੰਪਨੀ ਦੇ ਜਵਾਬ ਤੋਂ ਅਸੰਤੁਸ਼ਟ ਕਾਰ ਮਾਲਕ ਦਾ ਕਹਿਣਾ ਹੈ ਕਿ ਉਹ ਮਾਮਲੇ ’ਚ ਇਨਸਾਫ਼ ਲਈ ਖ਼ਪਤਕਾਰ ਅਦਾਲਤ ਜਾਵੇਗਾ। ਇੱਥੇ ਦੱਸਣਯੋਗ ਹੈ ਕਿ ਲੋਕਾਂ ਦੇ ਘਰਾਂ ਵਿੱਚ ਖੜ੍ਹੇ ਵਾਹਨਾਂ ਦੇ ਫਾਸਟੈਗ ਤੋਂ ਪੈਸੇ ਕੱਟਣ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਇਸ ਤੋਂ ਪਹਿਲਾਂ ਵੀ ਨੇੜਲੇ ਪਿੰਡ ਘਰਾਚੋਂ ਦੇ ਇਕ ਬਿਜ਼ਨੈੱਸਮੈਨ ਨਾਲ ਵੀ ਅਜਿਹਾ ਹੀ ਵਾਪਰਿਆ ਸੀ, ਜਦੋਂ ਕਈ ਕਿਲੋਮੀਟਰ ਦੂਰ ਸਥਿਤ ਵੱਖ-ਵੱਖ ਟੌਲ ਪਲਾਜ਼ਿਆਂ ’ਤੇ ਉਸਦੇ ਘਰ ਦੇ ਗੈਰਾਜ ’ਚ ਖੜ੍ਹੀ ਕਾਰ ਦੇ ਫਾਸਟੈਗ ਤੋਂ 2 ਵਾਰ ਪੈਸੇ ਕੱਟ ਲਏ ਗਏ ਸਨ।