ਪਸ਼ੂ ਅੱਗੇ ਆਉਣ ਕਾਰਨ ਕਾਰ ਪਲਟੀ, ਪਤੀ-ਪਤਨੀ ਵਾਲ-ਵਾਲ ਬਚੇ
ਮੋਗਾ (ਨਿੱਜੀ ਪੱਤਰ ਪ੍ਰੇਰਕ):
ਇਥੇ ਕੋਟਕਪੂਰਾ ਬਾਈਪਾਸ ਉੱਤੇ ਇਕ ਕਾਰ ਅੱਗੇ ਆਵਾਰਾ ਪਸ਼ੂ ਆਉਣ ਕਾਰਨ ਕਾਰ ਪਲਟ ਗਈ। ਇਸ ਹਾਦਸੇ ’ਚ ਕਾਰ ਸਵਾਰ ਪਤੀ-ਪਤਨੀ ਵਾਲ-ਵਾਲ ਬੱਚ ਗਏ ਪਰ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ। ਪਰਵਿੰਦਰ ਸਿੰਘ ਪਿੰਡ ਸੁਧਾਰ ਜ਼ਿਲ੍ਹਾ ਲੁਧਿਆਣਾ ਨੇ ਦੱਸਿਆ ਕਿ ਉਹ ਆਪਣੇ ਨਾਨਕੇ ਪਿੰਡ ਸਿੰਘਾਂਵਾਲਾ ਤੋਂ ਆਪਣੀ ਪਤਨੀ ਨਾਲ ਕਾਰ ਵਿੱਚ ਵਾਪਸ ਜਾ ਰਿਹਾ ਸੀ। ਇਥੇ ਕੋਟਕਪੂਰਾ ਬਾਈਪਾਸ ਉੱਤੇ ਅਚਾਨਕ ਆਵਾਰਾ ਪਸ਼ੂ ਉਨ੍ਹਾਂ ਦੀ ਕਾਰ ਅੱਗੇ ਆ ਜਿਸ ਕਾਰਨ ਕਾਰ ਸੜਕ ਕਿਨਾਰੇ ਪਲਟ ਗਈ। ਉਨ੍ਹਾਂ ਕਿਹਾ ਕਿ ਕਾਰ ਵਿਚ ਲੱਗਾ ਏਅਰਬੈੱਗ ਖੁੱਲ੍ਹਣ ਕਾਰਨ ਉਹ ਵਾਲ-ਵਾਲ ਬਚ ਗਏ। ਜਾਣਕਾਰੀ ਅਨੁਸਾਰ ਸੂਬੇ ’ਚ ਭਿਆਨਕ ਰੂਪ ਧਾਰਨ ਕਰ ਚੁੱਕੀ ਅਵਾਰਾ ਪਸ਼ੂਆਂ ਤੇ ਕੁੱਤਿਆਂ ਦੀ ਸਮੱਸਿਆ ਵੱਲ ਕਿਸੇ ਵੀ ਸਰਕਾਰ ਨਿਗਮ ਜਾਂ ਕੌਂਸਲਾਂ ਨੇ ਕਦੇ ਧਿਆਨ ਨਹੀਂ ਦਿੱਤਾ। ਪੰਜਾਬ ’ਚ ਆਵਾਰਾ ਪਸ਼ੂ ਪਿਛਲੇ ਸਾਲਾਂ ’ਚ ਸੈਂਕੜੇ ਲੋਕਾਂ ਦੀਆਂ ਜਾਨਾਂ ਲੈ ਚੁੱਕੇ ਹਨ ਜਿੱਥੇ ਇਹ ਅਵਾਰਾ ਪਸ਼ੂ ਸੜਕ ਘਟਨਾਵਾਂ ਦਾ ਕਾਰਨ ਬਣ ਰਹੇ ਹਨ, ਓਥੇ ਹੀ ਕਿਸਾਨਾਂ ਦੀਆ ਫ਼ਸਲਾਂ ਨੂੰ ਵੀ ਨੁਕਸਾਨ ਪਹੁੰਚਾ ਰਹੇ ਹਨ।