ਟਿੱਪਰ ਦੀ ਲਪੇਟ ’ਚ ਆਉਣ ਕਾਰਨ ਕਾਰ ਸਵਾਰ ਫੱਟੜ
ਪੱਤਰ ਪ੍ਰੇਰਕ
ਪਠਾਨਕੋਟ, 26 ਸਤੰਬਰ
ਇੱਥੋਂ ਦੇ ਏਬੀ ਕਾਲਜ ਬਾਈਪਾਸ ਸੜਕ ’ਤੇ ਮਾਮੂਨ ਵੱਲ ਜਾ ਰਹੇ ਟਿੱਪਰ ਨੇ ਆਲਟੋ ਕਾਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਜਿਸ ਕਾਰਨ ਕਾਰ ਚਲਾ ਰਹੀ ਮਹਿਲਾ ਸਣੇ ਦੋ ਬੱਚੇ ਜ਼ਖ਼ਮੀ ਹੋ ਗੲੈ। ਇਨ੍ਹਾਂ ਨੂੰ ਤੁਰੰਤ ਲੋਕਾਂ ਨੇ ਕਾਰ ਤੋਂ ਬਾਹਰ ਕੱਢ ਕੇ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ। ਜ਼ਖਮੀ ਮਹਿਲਾ ਅਨੁਰਾਧਾ ਨੇ ਦੱਸਿਆ ਕਿ ਉਹ ਨੰਗਲ ਭੂਰ ਦੀ ਰਹਿਣ ਵਾਲੀ ਹੈ ਅਤੇ ਉਹ ਆਪਣੇ ਬੇਟੇ ਸਕਸ਼ਮ ਕਟੋਚ ਅਤੇ ਭਤੀਜੀ ਅਰਾਧਿਆ ਨੂੰ ਕਾਰ ਵਿੱਚ ਨਾਲ ਲੈ ਕੇ ਮਾਮੂਨ ਵਿੱਚ ਰਹਿੰਦੇ ਰਿਸ਼ਤੇਦਾਰ ਨੂੰ ਮਿਲਣ ਜਾ ਰਹੀ ਸੀ। ਉਹ ਜਦ ਪਠਾਨਕੋਟ-ਬਾਈਪਾਸ ਰੋਡ ’ਤੇ ਪੁੱਜੀ ਤਾਂ ਅਚਾਨਕ ਜ਼ੋਰਦਾਰ ਧਮਾਕੇ ਦੀ ਆਵਾਜ਼ ਆਈ ਅਤੇ ਉਸ ਦੇ ਬਾਅਦ ਉਸ ਦੀ ਕਾਰ ਨੂੰ ਪਿੱਛੇ ਤੋਂ ਆਏ ਤੇਜ਼ ਰਫਤਾਰ ਟਿੱਪਰ ਨੇ ਟੱਕਰ ਮਾਰ ਦਿੱਤੀ ਤੇ ਜਦ ਤੱਕ ਉਸ ਨੂੰ ਕੁਝ ਸਮਝ ਆਉਂਦਾ ਤਦ ਤੱਕ ਉਹ ਜ਼ਖਮੀ ਹੋ ਚੁੱਕੇ ਸਨ। ਸੂਚਨਾ ਮਿਲਦਿਆਂ ਸਾਰ ਮਾਮੂਨ ਪੁਲੀਸ ਮੌਕੇ ’ਤੇ ਪੁੱਜੀ ਅਤੇ ਹਾਦਸਾਗ੍ਰਸਤ ਗੱਡੀਆਂ ਨੂੰ ਕਬਜ਼ੇ ਵਿੱਚ ਲੈ ਲਿਆ। ਟਿੱਪਰ ਚਾਲਕ ਹਾਦਸਾ ਵਾਪਰਦੇ ਸਾਰ ਹੀ ਮੌਕੇ ਤੋਂ ਫਰਾਰ ਹੋ ਗਿਆ।