ਕਾਰ ਟਰੱਕ ’ਚ ਵੱਜੀ; ਇੱਕ ਹਲਾਕ, ਚਾਰ ਜ਼ਖ਼ਮੀ
ਜਸਬੀਰ ਸਿੰਘ ਚਾਨਾ
ਫਗਵਾੜਾ, 10 ਸਤੰਬਰ
ਇਥੇ ਜੀਟੀ ਰੋਡ ’ਤੇ ਇੱਕ ਕਾਰ ਦੇ ਟਰੱਕ ਨਾਲ ਟਕਰਾਉਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦੋਂਕਿ ਚਾਰ ਜਣੇ ਗੰਭੀਰ ਜ਼ਖ਼ਮੀ ਹੋ ਗਏ। ਐੱਸਆਈ ਗੁਰਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਸਵਿਫਟ ਡਿਜਾਇਰ ਕਾਰ ਨੰਬਰ ਡੀਐੱਲ 12 ਸੀਸੀ 6814 ਅੰਮ੍ਰਿਤਸਰ ਤੋਂ ਆ ਰਹੀ ਸੀ, ਜਿਸ ’ਚ ਪੰਜ ਜਣੇ ਸਵਾਰ ਸਨ। ਜਦੋਂ ਇਹ ਕਾਰ ਫਗਵਾੜਾ ਦੇ ਨੰਗਲ ਸਪਰੋੜ ਨਜ਼ਦੀਕ ਪੁੱਜੀ ਤਾਂ ਇਕ ਟਰੱਕ ਨੰਬਰ ਆਰਜੇ 14 ਜੀ ਜੇ 8161 ਪਿੱਛੇ ਜਾ ਟਕਰਾਈ, ਜਿਸ ਕਾਰਨ ਕਾਰ ’ਚ ਸਵਾਰ ਪੰਜ ਲੋਕ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਫਗਵਾੜਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ। ਇਥੇ ਡਾਕਟਰਾਂ ਵਲੋਂ ਇਕ ਵਿਅਕਤੀ ਨੂੰ ਮ੍ਰਿਤਕ ਕਰਾਰ ਦੇ ਦਿੱਤਾ, ਜਦੋਂਕਿ ਬਾਕੀ ਚਾਰ ਲੋਕਾਂ ਨੂੰ ਮੁੱਢਲੀ ਸਹਾਇਤਾ ਦੇ ਕੇ ਹਾਇਰ ਸੈਂਟਰ ਜਲੰਧਰ ਰੈੱਫਰ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਜੋਬਨਦੀਪ ਸਿੰਘ ਵਾਸੀ ਚੀਮਾ ਖੁਰਦ ਤਰਨ ਤਾਰਨ ਤੇ ਜ਼ਖ਼ਮੀਆਂ ਦੀ ਪਛਾਣ ਸਤਨਾਮ ਸਿੰਘ, ਸੇਵਕ ਸਿੰਘ, ਦਲਜੀਤ ਸਿੰਘ ਅਤੇ ਜਸਪਾਲ ਸਿੰਘ ਸਾਰੇ ਵਾਸੀ ਚੀਮਾ ਖੁਰਦ ਵਜੋਂ ਹੋਈ ਹੈ। ਪੁਲੀਸ ਵਲੋਂ ਘਟਨਾ ਦੇ ਕਾਰਨਾ ਦੀ ਜਾਂਚ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਹਾਦਸੇ ’ਚ ਜ਼ਖ਼ਮੀ ਵਿਅਕਤੀ ਦੀ ਇਲਾਜ ਦੌਰਾਨ ਮੌਤ
ਸ਼ਾਹਕੋਟ (ਗੁਰਮੀਤ ਸਿੰਘ): ਇੱਥੇ ਵਾਪਰੇ ਸੜਕ ਹਾਦਸੇ ਵਿਚ ਜ਼ਖ਼ਮੀ ਹੋਏ ਵਿਅਕਤੀ ਦੀ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ। ਜ਼ਿਕਰਯੋਗ ਹੈ ਕਿ 3 ਸਤੰਬਰ ਦੀ ਸ਼ਾਮ ਨੂੰ ਦਲਜੀਤ ਸਿੰਘ ਬੰਟੂ (48) ਪੁੱਤਰ ਉਜਾਗਰ ਸਿੰਘ ਅਤੇ ਤਾਰਾ ਚੰਦ ਵਾਸੀਆਨ ਸ਼ਾਹਕੋਟ ਸਕੂਟੀ ’ਤੇ ਮਲਸੀਆਂ ਤੋਂ ਸ਼ਾਹਕੋਟ ਨੂੰ ਆ ਰਹੇ ਸਨ। ਇੱਥੇ ਟਰੱਕ ਯੂਨੀਅਨ ਕੋਲ ਉਨ੍ਹਾਂ ਦੀ ਸਕੂਟੀ ਦਾ ਸੰਤੁਲਨ ਵਿਗੜਨ ਕਾਰਣ ਉਹ ਹਾਦਸਾਗ੍ਰਸਤ ਹੋ ਗਏ। ਇਸ ਹਾਦਸੇ ਵਿੱਚ ਬੰਟੂ ਗੰਭੀਰ ਜ਼ਖ਼ਮੀ ਹੋ ਗਿਆ ਸੀ ਅਤੇ ਤਾਰਾ ਚੰਦ ਦੇ ਗੁੱਝੀਆਂ ਸੱਟਾਂ ਵੱਜੀਆਂ। ਬੰਟੂ ਦਾ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ ਪਰ ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਗਿਆ। ਮ੍ਰਿਤਕ ਦੀ ਬੇਟੀ ਦੇ ਵਿਦੇਸ਼ ਆਉਣ ਤੋਂ ਬਾਅਦ 11 ਸਤੰਬਰ ਨੂੰ ਬੰਟੂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।