ਕਾਰ ਦਰੱਖ਼ਤ ਨਾਲ ਟਕਰਾਈ; ਇੱਕ ਹਲਾਕ, ਦੋ ਗੰਭੀਰ ਜ਼ਖ਼ਮੀ
ਰਵਿੰਦਰ ਰਵੀ
ਧਨੌਲਾ/ਬਰਨਾਲਾ, 3 ਅਗਸਤ
ਇਥੇ ਭੀਖੀ ਰੋਡ ’ਤੇ ਬੀਤੀ ਰਾਤ ਇੱਕ ਕਾਰ ਦੇ ਬੇਕਾਬੂ ਹੋ ਕੇ ਦਰੱਖ਼ਤ ਨਾਲ ਟਕਰਾ ਗਈ ਜਿਸ ਕਾਰਨ ਕਾਰ ’ਚ ਸਵਾਰ ਤਿੰਨ ਨੌਜਵਾਨਾਂ ’ਚੋਂ ਇੱਕ ਦੀ ਮੌਤ ਹੋ ਗਈ ਅਤੇ ਦੋ ਗੰਭੀਰ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਪਿੰਡ ਮੱਤੀ ਜ਼ਿਲ੍ਹਾ ਮਾਨਸਾ ਦੇ ਤਿੰਨ ਦੋਸਤ ਹਰਪ੍ਰੀਤ ਸਿੰਘ, ਰਾਮਪਾਲ ਸਿੰਘ ਅਤੇ ਹਰਪਿੰਦਰ ਸਿੰਘ ਆਪਣੀ ਕਾਲੀ ਸਕੌਡਾ ਕਾਰ ’ਚ ਬਰਨਾਲਾ ਕਿਸੇ ਕੰਮ ਲਈ ਆਏ ਸਨ। ਜਦੋਂ ਬੀਤੀ ਰਾਤ 12 ਵਜੇ ਦੇ ਕਰੀਬ ਵਾਪਸ ਪਿੰਡ ਜਾ ਰਹੇ ਸਨ ਤਾਂ ਭੀਖੀ ਰੋਡ ’ਤੇ ਗੁਰੂ ਕਿਰਪਾ ਪੈਟਰੋਲ ਪੰਪ ਨੇੜੇ ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਇੱਕ ਦਰਖਤ ਨਾਲ ਟਕਰਾ ਗਈ ਜਿਸ ਦੌਰਾਨ ਹਰਪ੍ਰੀਤ ਸਿੰਘ ਦੀ ਮੌਤ ਹੋ ਗਈ ਅਤੇ ਹਰਪਿੰਦਰ ਸਿੰਘ ਤੇ ਰਾਮਪਾਲ ਸਿੰਘ ਜ਼ਖ਼ਮੀ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪਰਿਵਾਰਕ ਮੈਂਬਰਾਂ ਨੇ ਦੋਵੇਂ ਨੌਜਵਾਨਾਂ ਨੂੰ ਤੁਰੰਤ ਸਿਵਲ ਹਸਪਤਾਲ ਧਨੌਲਾ ਵਿਚ ਇਲਾਜ ਲਈ ਦਾਖਲ ਕਰਵਾਇਆ। ਦੋਵੇਂ ਨੌਜਵਾਨਾਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਜ਼ਿਲ੍ਹਾ ਸਿਵਲ ਹਸਪਤਾਲ ਬਰਨਾਲਾ ਵਿੱਚ ਰੈਫਰ ਕਰ ਦਿੱਤਾ ਗਿਆ। ਥਾਣਾ ਧਨੌਲਾ ਦੇ ਪੜਤਾਲੀਆ ਅਫ਼ਸਰ ਨੇ ਦੱਸਿਆ ਕਿ ਹਰਪਿੰਦਰ ਸਿੰਘ ਦੇ ਬਿਆਨ ਆਧਾਰ ’ਤੇ ਕਾਰਵਾਈ ਕਰਦਿਆਂ ਮੋਸਟਮਾਰਟਮ ਕਰਵਾ ਕੇ ਹਰਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਵਾਰਸਾਂ ਹਵਾਲੇ ਕਰ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਹਰਪ੍ਰੀਤ ਦੇ ਪਰਿਵਾਰ ਪਤਨੀ ਅਤੇ ਦੋ ਛੋਟੀਆਂ-ਛੋਟੀਆਂ ਹਨ। ਪਿੰਡ ਮੱਤੀ ਦੇ ਸਰਪੰਚ ਸੁਖਵਿੰਦਰ ਕੌਰ, ਬੀਰਾ ਸਿੰਘ, ਜਸਪ੍ਰੀਤ ਸਿੰਘ, ਮੇਜਰ ਸਿੰਘ ਧਨੌਲਾ, ਜਸਵਿੰਦਰ ਸਿੰਘ, ਦਰਸਨ ਸਿੰਘ, ਬਲਦੇਵ ਸਿੰਘ ਆਦਿ ਪਿੰਡ ਦੇ ਮੋਹਤਬਰ ਵਿਅਕਤੀਆਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਮ੍ਰਿਤਕ ਦੇ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ।
ਸੜਕ ਹਾਦਸੇ ਵਿੱਚ ਸਕੂਲ ਵੈਨ ਚਾਲਕ ਦੀ ਮੌਤ
ਗੁਰੂਹਰਸਹਾਏ (ਪੱਤਰ ਪ੍ਰੇਰਕ): ਪਿੰਡ ਮੋਹਨ ਕੇ ਉਤਾੜ ਨੇੜੇ ਸਕੂਲ ਵੈਨ ਅਤੇ ਆਲਟੋ ਕਾਰ ਦੀ ਟੱਕਰ ਵਿਚ ਵੈਨ ਚਾਲਕ ਦੀ ਮੌਤ ਹੋ ਗਈ ਹੈ। ਲੋਕਾਂ ਨੇ ਦੱਸਿਆ ਕਿ ਸਕੂਲ ਵੈਨ ਚਾਲਕ ਗੁਰੂਹਰਸਹਾਏ ਤੋਂ ਬੱਚੇ ਛੱਡ ਕੇ ਪਰਤ ਰਿਹਾ ਸੀ ਤਾਂ ਦੂਜੇ ਪਾਸੇ ਤੋਂ ਓਵਰ ਸਪੀਡ ਵਿੱਚ ਆ ਰਹੀ ਅਲਟੋ ਕਾਰ ਬੇਕਾਬੂ ਹੋ ਕੇ ਸਕੂਲ ਵੈਨ ਨਾਲ ਜਾ ਟਕਰਾਈ, ਜਿਸ ਨਾਲ ਵੈਨ ਚਾਲਕ ਵਰਿੰਦਰ ਕੁਮਾਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਇਸ ਹਾਦਸੇ ਵਿਚ ਉਸ ਦਾ ਇੱਕ ਸਹਾਇਕ ਵੀ ਜ਼ਖ਼ਮੀ ਹੋਇਆ ਗਿਆ ਜਦਕਿ ਵੈਨ ’ਚ ਬੱਚੇ ਨਹੀਂ ਸਨ। ਹਾਦਸੇ ਵਿਚ ਜ਼ਖ਼ਮੀ ਹੋਣ ਵਾਲੇ ਨੂੰ ਗੁਰੂਹਰਸਹਾਏ ਦੇ ਨਿੱਜੀ ਹਸਪਤਾਲ ਵਿੱਚ ਲਜਾਇਆ ਗਿਆ ਜਿੱਥੇ ਉਸ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਮੁਕਤਸਰ ਦੇ ਹਸਪਤਾਲ ਰੈਫਰ ਕਰ ਦਿੱਤਾ ਗਿਆ ਜਿਥੇ ਉਸ ਦੀ ਮੌਤ ਹੋ ਗਈ। ਲੋਕਾਂ ਨੇ ਦੱਸਿਆ ਕੀ ਇਸ ਆਲਟੋ ਕਾਰ ਨੂੰ ਇਕ ਲੜਕੀ ਚਲਾ ਰਹੀ ਸੀ ਜੋ ਸਕੂਲ ਅਧਿਆਪਕਾ ਦੱਸੀ ਜਾ ਰਹੀ ਹੈ। ਲੋਕਾਂ ਨੇ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕਰਨ ਲਈ ਹਾਦਸੇ ਵਾਲੀ ਥਾਂ ’ਤੇ ਧਰਨਾ ਲਗਾ ਦਿੱਤਾ ਜਿਸ ਮਗਰੋਂ ਪੁਲੀਸ ਕੇਸ ਦਰਜ ਕੀਤਾ ਜਿਸ ਕਾਰਨ ਲੋਕ ਸ਼ਾਂਤ ਹੋਏ।