For the best experience, open
https://m.punjabitribuneonline.com
on your mobile browser.
Advertisement

ਕੈਥਲ ਨੇੜੇ ਕਾਰ ਨਹਿਰ ’ਚ ਡਿੱਗੀ; ਇੱਕੋ ਪਰਿਵਾਰ ਦੇ ਅੱਠ ਜੀਆਂ ਦੀ ਮੌਤ

09:04 AM Oct 13, 2024 IST
ਕੈਥਲ ਨੇੜੇ ਕਾਰ ਨਹਿਰ ’ਚ ਡਿੱਗੀ  ਇੱਕੋ ਪਰਿਵਾਰ ਦੇ ਅੱਠ ਜੀਆਂ ਦੀ ਮੌਤ
ਨਹਿਰ ਵਿੱਚੋਂ ਕਾਰ ਨੂੰ ਬਾਹਰ ਕੱਢਦੇ ਹੋਏ ਲੋਕ।
Advertisement

ਰਾਮ ਕੁਮਾਰ ਮਿੱਤਲ/ਏਜੰਸੀ
ਗੂਹਲਾ ਚੀਕਾ, 12 ਅਕਤੂਬਰ
ਕੈਥਲ ਦੇ ਪਿੰਡ ਮੁੰਦੜੀ ਨੇੜੇ ਅੱਜ ਸਵੇਰੇ ਇੱਕ ਆਲਟੋ ਕਾਰ ਬੇਕਾਬੂ ਹੋ ਕੇ ਸਿਰਸਾ ਬ੍ਰਾਂਚ ਨਹਿਰ ਵਿੱਚ ਡਿੱਗ ਗਈ, ਜਿਸ ਕਾਰਨ ਕਾਰ ’ਚ ਸਵਾਰ ਇੱਕੋ ਪਰਿਵਾਰ ਦੇ ਨੌਂ ਜੀਆਂ ਵਿੱਚੋਂ ਅੱਠ ਦੀ ਮੌਤ ਹੋ ਗਈ, ਜਦਕਿ ਡਰਾਈਵਰ ਜ਼ਖ਼ਮੀ ਹੋ ਗਿਆ। ਮ੍ਰਿਤਕਾਂ ਵਿੱਚ ਤਿੰਨ ਮਹਿਲਾਵਾਂ ਅਤੇ ਪੰਜ ਲੜਕੀਆਂ ਸ਼ਾਮਲ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਡੀਗ ਨਾਲ ਸਬੰਧਿਤ ਪਰਿਵਾਰ ਦਸਹਿਰੇ ਮੌਕੇ ਪਿੰਡ ਗਹੁਣਾ ਸਥਿਤ ਗੁਰੂ ਰਵਿਦਾਸ ਮੰਦਿਰ ਮੱਥਾ ਟੇਕਣ ਜਾ ਰਿਹਾ ਸੀ। ਕਾਰ ਵਿੱਚ ਬਿਰਧ ਮਹਿਲਾ ਚਮੇਲੀ ਦੇਵੀ, ਉਸ ਦੀਆਂ ਦੋ ਨੂੰਹਾਂ ਅਤੇ ਪੰਜ ਪੋਤੀਆਂ ਸਵਾਰ ਸੀ, ਜਦਕਿ ਪੁੱਤਰ ਕਰਮਜੀਤ ਗੱਡੀ ਚਲਾ ਰਿਹਾ ਸੀ। ਪਿੰਡ ਮੁੰਦੜੀ ਨੇੜੇ ਨਹਿਰ ’ਤੇ ਡਰਾਈਵਰ ਸੰਤੁਲਨ ਗੁਆ ਬੈਠਿਆ ਅਤੇ ਕਾਰ ਨਹਿਰ ’ਚ ਡਿੱਗ ਗਈ। ਸਵੇਰੇ ਕਰੀਬ ਦਸ ਵਜੇ ਵਾਪਰੇ ਇਸ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪੁਲੀਸ ਮੌਕੇ ’ਤੇ ਪਹੁੰਚ ਗਈ ਅਤੇ ਪਿੰਡ ਵਾਸੀਆਂ ਦੀ ਮਦਦ ਨਾਲ ਕਾਰ ਨੂੰ ਨਹਿਰ ’ਚੋਂ ਕੱਢਿਆ ਗਿਆ। ਕਾਰ ਸਵਾਰਾਂ ਨੂੰ ਕੈਥਲ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਅੱਠ ਜਣਿਆਂ ਨੂੰ ਮ੍ਰਿਤਕ ਐਲਾਨ ਦਿੱਤਾ। ਡਰਾਈਵਰ ਕਰਮਜੀਤ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ। ਕੈਥਲ ਦੇ ਡੀਐੱਸਪੀ ਲਲਿਤ ਕੁਮਾਰ ਨੇ ਦੱਸਿਆ ਕਿ ਹਾਦਸੇ ’ਚ ਅੱਠ ਜਣਿਆਂ ਦੀ ਮੌਤ ਹੋਈ ਹੈ। ਕਾਰ ਡਰਾਈਵਰ ਨੂੰ ਇਲਾਜ ਲਈ ਪੀਜੀਆਈ ਚੰਡੀਗੜ੍ਹ ਦਾਖ਼ਲ ਕਰਵਾਇਆ ਗਿਆ ਹੈ। ਥਾਣਾ ਪੂੰਡਰੀ ਦੀ ਪੁਲੀਸ ਨੇ ਪੋਸਟਮਾਰਟਮ ਮਗਰੋਂ ਦੇਹਾਂ ਪਰਿਵਾਰ ਨੂੰ ਸੌਂਪ ਦਿੱਤੀਆਂ ਹਨ। ਮ੍ਰਿਤਕਾਂ ਦੀ ਪਛਾਣ ਚਮੇਲੀ ਦੇਵੀ (60), ਦਰਸ਼ਨਾ (40), ਸੁਖਵਿੰਦਰ ਉਰਫ ਤੀਜੋ (30), ਵੰਦਨਾ (5), ਰੀਆ (8), ਕਾਜਲ (12), ਫਿਜ਼ਾ (12) ਅਤੇ ਕੋਮਲ (14) ਵਜੋਂ ਹੋਈ ਹੈ।

Advertisement

ਹਾਦਸੇ ’ਚ ਨੁਕਸਾਨੀ ਕਾਰ।

ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਨੇ ਦੁੱਖ ਪ੍ਰਗਟਾਇਆ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਕਸ ’ਤੇ ਪੋਸਟ ਵਿੱਚ ਇਸ ਘਟਨਾ ਨੂੰ ਦੁਖਦਾਈ ਦੱਸਿਆ ਅਤੇ ਪੀੜਤਾਂ ਦੇ ਪਰਿਵਾਰਾਂ ਲਈ ਹਮਦਰਦੀ ਜ਼ਾਹਿਰ ਕੀਤੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੀ ਨਿਗਰਾਨੀ ਵਿੱਚ ਸਥਾਨਕ ਪ੍ਰਸ਼ਾਸਨ ਪੀੜਤਾਂ ਦੀ ਮਦਦ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਪੂੰਡਰੀ ਦੇ ਵਿਧਾਇਕ ਸਤਪਾਲ ਜਾਬਾ, ਕੈਥਲ ਦੇ ਵਿਧਾਇਕ ਆਦਿਤਿਆ ਸੁਰਜੇਵਾਲਾ ਨੇ ਵੀ ਹਾਦਸੇ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

Advertisement

Advertisement
Author Image

Advertisement