ਭਾਰਤੀ ਜਹਾਜ਼ ਦੇ ਕਪਤਾਨ ਅਤੇ ਚਾਲਕ ਦਲ ਨੇ ਪੁਰਸਕਾਰ ਜਿੱਤੇ
ਲੰਡਨ, 11 ਜੁਲਾਈ
ਕੈਪਟਨ ਅਵਿਲਾਸ਼ ਰਾਵਤ ਅਤੇ ਤੇਲ ਟੈਂਕਰ ਦੇ ਚਾਲਕ ਦਲ ਨੂੰ ਲਾਲ ਸਾਗਰ ਬਚਾਅ ਮਿਸ਼ਨ ਵਿੱਚ ਦਿਖਾਈ ਗਈ ਉਨ੍ਹਾਂ ਦੀ ‘ਲਾਸਾਨੀ ਹਿੰਮਤ’ ਬਦਲੇ ਇੰਟਰਨੈਸ਼ਨਲ ਸਮੁੰਦਰੀ ਸੰਗਠਨ (ਆਈਐੱਮਓ) 2024 ਐਵਾਰਡ ਦੇ ਜੇਤੂਆਂ ਵਿੱਚ ਸ਼ਾਮਲ ਕੀਤਾ ਗਿਆ ਹੈ। ਰਾਵਤ ਅਤੇ ਉਸ ਦੇ ਚਾਲਕ ਦਲ ਨੂੰ ਬੁੱਧਵਾਰ ਨੂੰ ਆਈਐੱਮਓ ਵੱਲੋਂ ‘ਦ੍ਰਿੜ ਸੰਕਲਪ ਅਤੇ ਹਿੰਮਤ’ ਦੇ ਪ੍ਰਦਰਸ਼ਨ ਲਈ ਜੇਤੂ ਐਲਾਨਿਆ ਗਿਆ ਸੀ। ਇਸ ਸਾਲ ਦੇ ਸ਼ੁਰੂ ਵਿੱਚ ਹੂਤੀ ਬਾਗੀਆਂ ਵੱਲੋਂ ਦਾਗੀ ਗਈ ਮਿਜ਼ਾਇਲ ਕਾਰਨ ਸਮੁੰਦਰੀ ਬੇੜੇ ‘ਮਾਰਲਿਨ ਲੁਆਂਡਾ’ ’ਤੇ ਲੱਗੀ ਅੱਗ ਨੂੰ ਚਾਲਕ ਦਲ ਨੇ ਬਹਾਦਰੀ ਨਾਲ ਜੂਝਦਿਆਂ ਬੁਝਾਇਆ ਸੀ। ਕੈਪਟਨ ਬ੍ਰਿਜੇਸ਼ ਨਾਂਬਿਆਰ ਅਤੇ ਭਾਰਤੀ ਜਲ ਸੈਨਾ ਦੇ ਜਹਾਜ਼ ਆਈਐੱਨਐੱਸ ਵਿਸ਼ਾਖਾਪਟਨਮ ਦੇ ਚਾਲਕ ਦਲ ਨੂੰ ਮੁਸੀਬਤ ਸਮੇਂ ਤੇਲ ਟੈਂਕਰ ਦੇ ਬਚਾਅ ਲਈ ਕੀਤੀਆਂ ਕੋਸ਼ਿਸ਼ਾਂ ਬਦਲੇ ਪ੍ਰਸ਼ੰਸਾ ਪੱਤਰ ਸੌਂਪਿਆ ਗਿਆ ਹੈ। ਐਵਾਰਡ ਦੇ ਹਵਾਲੇ ਨਾਲ ਲਿਖਿਆ ਗਿਆ, ‘‘26 ਜਨਵਰੀ, 2024 ਦੀ ਸ਼ਾਮ ਮਾਰਲਿਨ ਲੁਆਂਡਾ 84,147 ਟਨ ਨੈਫਥਾ ਲੈ ਕੇ ਸਵੇਜ਼ ਤੋਂ ਇੰਚੀਓਨ ਜਾ ਰਿਹਾ ਸੀ ਕਿ ਰਾਹ ਵਿੱਚ ਇਸ ’ਤੇ ਬੈਲਿਸਟਿਕ ਮਿਜ਼ਾਇਲ ਦਾ ਹਮਲਾ ਹੋ ਗਿਆ। ਕਾਰਗੋ ਟੈਂਕ ’ਚ ਧਮਾਕੇ ਕਾਰਨ ਪੰਜ ਮੀਟਰ ਤੱਕ ਅੱਗ ਦੀਆਂ ਲਪਟਾਂ ਉੱਠਣ ਲੱਗੀਆਂ।’’ ਇਸ ਵਿੱਚ ਅੱਗੇ ਦੱਸਿਆ ਗਿਆ ਕਿ ਕੈਪਟਨ ਅਵਿਲਾਸ਼ ਰਾਵਤ ਅਤੇ ਉਨ੍ਹਾਂ ਦੀ ਟੀਮ ਨੇ ਜਾਨ ਜੋਖਮ ਵਿੱਚ ਪਾ ਕੇ ਅੱਗ ਨੂੰ ਬੁਝਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਅਤੇ ਮੌਕੇ ’ਤੇ ਸਹਾਇਤਾ ਪਹੁੰਚਣ ਤੋਂ ਪਹਿਲਾਂ ਸਮੁੰਦਰੀ ਪਾਣੀ ਅਤੇ ਹੋਰ ਸਾਧਨਾਂ ਦੀ ਵਰਤੋਂ ਕਰਦਿਆਂ ਤੇਲ ਦੇ ਟੈਂਕਰ ਨੂੰ ਅੱਗ ਦੀ ਲਪੇਟ ਵਿੱਚ ਆਉਣ ਤੋਂ ਬਚਾਅ ਲਿਆ। ਕੈਪਟਨ ਰਾਵਤ ਅਤੇ ਉਨ੍ਹਾਂ ਦੇ ਅਮਲੇ ਨੂੰ ਮਾਰਸ਼ਲ ਆਈਲੈਂਡਜ਼ ਵੱਲੋਂ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਸੀ ਅਤੇ ਉਨ੍ਹਾਂ ਆਈਐੱਮਓ ਦੇ 2 ਦਸੰਬਰ ਨੂੰ ਲੰਡਨ ਵਿੱਚ ਹੋਣ ਵਾਲੇ ਸਾਲਾਨਾ ਸਮਾਗਮ ਵਿੱਚ ਸਨਮਾਨਿਆ ਜਾਵੇਗਾ। -ਪੀਟੀਆਈ