ਪੰਜਾਬ ਸੋਸ਼ਲਿਸਟ ਅਲਾਇੰਸ ਦੇ ਉਮੀਦਵਾਰ ਨੇ ਗੰਨਮੈਨ ਮੋੜੇ
ਪੱਤਰ ਪ੍ਰੇਰਕ
ਮਾਨਸਾ, 14 ਮਈ
ਬਠਿੰਡਾ ਹਲਕੇ ਤੋਂ ਪੰਜਾਬ ਸੋਸ਼ਲਿਸਟ ਅਲਾਇੰਸ ਦੇ ਉਮੀਦਵਾਰ ਅਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਪ੍ਰਧਾਨ ਭਗਵੰਤ ਸਿੰਘ ਸਮਾਓਂ ਵੱਲੋਂ ਪੰਜਾਬ ਪੁਲੀਸ ਵੱਲੋਂ ਦਿੱਤੇ ਦੋ ਗੰਨਮੈਨ ਅੱਜ ਮਾਨਸਾ ਪੁਲੀਸ ਪ੍ਰਸ਼ਾਸਨ ਨੂੰ ਵਾਪਸ ਕਰ ਦਿੱਤੇ ਗਏ ਹਨ। ਉਨ੍ਹਾਂ ਨੂੰ ਇਹ ਗੰਨਮੈਨ ਅੱਜ ਉਸ ਸਮੇਂ ਦਿੱਤੇ ਗਏ ਜਦੋਂ ਨਾਮਜ਼ਦਗੀਆਂ ਭਰਨ ਦੇ ਆਖ਼ਰੀ ਦਿਨ ਉਨ੍ਹਾਂ ਬਠਿੰਡਾ ਵਿੱਚ ਆਪਣੇ ਫਾਰਮ ਜਮ੍ਹਾਂ ਕਰਵਾਏ। ਉਮੀਦਵਾਰ ਭਗਵੰਤ ਸਮਾਓਂ ਨੇ ਇਸ ਪੱਤਰਕਾਰ ਨੂੰ ਦੇਰ ਸ਼ਾਮ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਮਾਨਸਾ ਪੁਲੀਸ ਵੱਲੋਂ ਭੇਜੇ ਦੋ ਗੰਨਮੈਨ ਲੈਣ ਤੋਂ ਜਵਾਬ ਦਿੱਤਾ ਤੇ ਵਾਪਸ ਕਰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਬਠਿੰਡਾ ਤੋਂ ਨਾਮਜ਼ਦਗੀ ਪੱਤਰ ਦਾਖ਼ਲ ਕਰ ਕੇ ਵਾਪਸ ਆਪਣੇ ਘਰ ਆਏ ਤਾਂ ਥਾਣਾ ਸਿਟੀ-2 ਮਾਨਸਾ ਵੱਲੋਂ ਦਿੱਤੇ ਗਏ ਇਹ ਦੋ ਗੰਨਮੈਨ ਉਨ੍ਹਾਂ ਦੇ ਘਰ ਬੈਠੇ ਹੋਏ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕੋਈ ਖ਼ਤਰਾ ਨਹੀਂ ਹੈ ਅਤੇ ਉਹ ਮਜ਼ਦੂਰਾਂ ਦੇ ਹੱਕ-ਸੱਚ ਦੀ ਲੜਾਈ ਲੜਦੇ ਹਨ। ਉਨ੍ਹਾਂ ਕਿਹਾ ਕਿ ਜਿਸ ਨਾਲ ਪੰਜਾਬ ਦੇ ਲੋਕ ਨਾਲ ਹਨ, ਉਨ੍ਹਾਂ ਨੂੰ ਕਿਸੇ ਵੀ ਕਿਸਮ ਦਾ ਕੋਈ ਖ਼ਤਰਾ ਨਹੀਂ ਹੈ।