ਅੰਗਰੇਜ਼ੀ ਰਾਜ ਵੇਲੇ ਦੀਆਂ ਨਹਿਰੀ ਕੋਠੀਆਂ ਦੀ ਹੋਵੇਗੀ ਕਾਇਆ ਕਲਪ
ਮਨੋਜ ਸ਼ਰਮਾ
ਬਠਿੰਡਾ, 19 ਫਰਵਰੀ
ਅੰਗਰੇਜ਼ਾਂ ਦੇ ਰਾਜ ਦੌਰਾਨ ਬਣੀਆਂ ਨਹਿਰੀ ਕੋਠੀਆਂ ਦੇ ਦਿਨ ਫਿਰਨ ਲੱਗੇ ਹਨ। ਜਲ ਸਰੋਤ ਵਿਭਾਗ ਵੱਲੋਂ ਨਹਿਰੀ ਕੋਠੀਆਂ ਦੀ ਕਾਇਆ ਕਲਪ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ। ਨਹਿਰੀ ਵਿਭਾਗ ਤੋਂ ਮਿਲੀ ਰਿਪੋਰਟ ਮੁਤਾਬਕ ਬਠਿੰਡਾ ਜ਼ਿਲ੍ਹੇ ਦੇ ਰਾਮਪੁਰਾ ਫੂਲ ਦੇ ਰੈਸਟ ਹਾਊਸ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਆਉਣ ਵਾਲੇ ਵਿੱਤੀ ਵਰ੍ਹੇ ਦੇ ਮਾਰਚ ਮਹੀਨੇ ਦੌਰਾਨ ਵਿਰਕ ਕਲਾਂ ਦੇ ਖੰਡਰ ਬਣ ਰਹੇ ਰੈਸਟ ਹਾਊਸ ਨੂੰ ਵੀ ਸ਼ਿੰਗਾਰਿਆ ਜਾਵੇਗਾ। ਨਹਿਰ ਵਿਭਾਗ ਦੇ ਸੂਤਰਾਂ ਅਨੁਸਾਰ ਬਠਿੰਡਾ ਦੀ ਸਰਹੰਦ ਨਹਿਰ ਅਧੀਨ ਆਉਂਦੇ ਦੱਦਾਹੂਰ ਰਾਏਕੋਟ ਰੈਸਟ ਹਾਊਸ ਤੋਂ ਇਲਾਵਾ ਗੋਨਿਆਣਾ, ਨੰਦਗੜ੍ਹ, ਤਿਉਣਾ, ਬੀਬੀ ਵਾਲਾ, ਰਾਏਕੇ ਕਲਾਂ ਵਿਚ ਬਣੇ ਰੈਸਟ ਹਾਊਸ ਤੇ ਕੋਠੀਆਂ ਦੇ ਪਖਾਨਿਆਂ ਦਾ ਵੀ ਨਵੀਨੀਕਰਨ ਕੀਤਾ ਜਾ ਰਿਹਾ ਹੈ। ਤਰਕਸ਼ੀਲ ਲਹਿਰ ਦੇ ਸੂਬਾਈ ਆਗੂ ਭੂਰਾ ਸਿੰਘ ਮਹਿਮਾ ਸਰਜਾ ਨੇ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਬਠਿੰਡਾ-ਸਰਹੰਦ ਕੈਨਾਲ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਇਹ ਨਹਿਰ ਸਾਲ 1883 ਤੋਂ 1886 ਤੱਕ ਮੁਕੰਮਲ ਹੋਈ ਸੀ। ਅੰਗਰੇਜ਼ੀ ਰਾਜ ਦੌਰਾਨ ਸੂਬੇ ਅੰਦਰ ਖੇਤੀ ਸੈਕਟਰ ਨੂੰ ਪਾਣੀ ਦੇਣ ਲਈ ਅੰਗਰੇਜ਼ ਅਫਸਰ ਰੌਬਰਟ ਸਮਿੱਥ ਦੀ ਅਗਵਾਈ ਹੇਠ ਕਮੇਟੀ ਗਠਿਤ ਕੀਤੀ ਗਈ ਸੀ। ਇਸ ਦੌਰਾਨ ਨਹਿਰਾਂ ਲਈ ਸਰਵੇ ਕੀਤੇ ਗਏ ਤੇ ਨਹਿਰਾਂ ਉੱਪਰ ਬਾਕਾਇਦਾ ਕੈਨਾਲ ਕਲੋਨੀਆਂ ਤੇ ਰੈਸਟ ਹਾਊਸ ਕੱਟੇ ਗਏ ਸਨ। ਗੌਰਤਲਬ ਹੈ ਕਿ ਬਠਿੰਡਾ ਵਿੱਚ ਖੰਡਰ ਬਣ ਰਹੀਆਂ ਇਮਾਰਤਾਂ ਦੀ ਸੰਭਾਲ ਲਈ ਪੰਜਾਬ ਸਰਕਾਰ ਤੋਂ ਲੰਮੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਪੰਜਾਬ ਸਰਕਾਰ ਖੇਤੀ ਨਾਲ ਸਬੰਧਤ ਮਸਲਿਆਂ ਨੂੰ ਹੱਲ ਕਰਨ ਲਈ ਇਨ੍ਹਾਂ ਕੋਠੀਆਂ ਦੀ ਕਾਇਆ ਕਲਪ ਕਰਕੇ ਨਹਿਰੀ ਅਤੇ ਮਾਲ ਤੇ ਪਟਵਾਰੀਆਂ ਨੂੰ ਪੱਕੇ ਤੌਰ ’ਤੇ ਇਨ੍ਹਾਂ ਵਿੱਚ ਦਫਤਰ ਸਥਾਪਤ ਕਰੇ ਤਾਂ ਕਿਸਾਨ ਇਸ ਦਾ ਸਵਾਗਤ ਕਰਨਗੇ। ਉਨ੍ਹਾਂ ਕੋਠੀਆਂ ਵਿੱਚ ਸਾਂਭ ਸੰਭਾਲ ਲਈ ਚੌਕੀਦਾਰ ਤੇ ਮਾਲੀ ਤਾਇਨਾਤ ਕਰਨ ਦੀ ਮੰਗ ਕੀਤੀ।
ਰਾਮਪੁਰਾ ਫੂਲ ਤੇ ਵਿਰਕ ਕਲਾਂ ਰੈਸਟ ਹਾਊਸ ਦਾ ਨਵੀਨੀਕਰਨ ਸ਼ੁਰੂ: ਐਕਸੀਅਨ
ਬਠਿੰਡਾ ਨਹਿਰੀ ਵਿਭਾਗ ਦੇ ਐਕਸੀਅਨ ਸੁਖਜੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਖੰਡਰ ਹੋ ਰਹੀਆਂ ਨਹਿਰੀ ਕੋਠੀਆਂ ਦੀ ਕਾਇਆ ਕਲਪ ਕੀਤੀ ਜਾ ਰਹੀ ਹੈ। ਚੰਗੀ ਹਾਲਤ ਵਾਲੀਆਂ ਕੋਠੀਆਂ ਦੇ ਨਵੇਂ ਪਖਾਨੇ ਵਗੈਰਾ ਤਿਆਰ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਰਾਮਪੁਰਾ ਫੂਲ ਦੇ ਰੈਸਟ ਹਾਊਸ ਦਾ 22 ਲੱਖ ਰੁਪਏ ਦੀ ਲਾਗਤ ਨਾਲ ਕੰਮ ਚੱਲ ਰਿਹਾ ਹੈ। ਇਸ ਤੋਂ ਇਲਾਵਾ ਮਾਰਚ ਮਹੀਨੇ ਦੌਰਾਨ ਵਿਰਕ ਕਲਾਂ ਦੇ ਰੈਸਟ ਹਾਊਸ ਦੀ 30 ਲੱਖ ਰੁਪਏ ਦੀ ਗਰਾਂਟ ਨਾਲ ਕਾਇਆ ਕਲਪ ਕੀਤੀ ਜਾਵੇਗੀ।