ਨਹਿਰੀ ਮਹਿਕਮੇ ਨੇ ਪਾਣੀ ਦੀ ਚੋਰੀ ਰੋਕਣ ਲਈ ਕਾਰਵਾਈ ਵਿੱਢੀ
ਜਗਤਾਰ ਸਮਾਲਸਰ
ਏਲਨਾਬਾਦ, 4 ਜੁਲਾਈ
ਸਿੰਜਾਈ ਵਿਭਾਗ ਦੀ ਟੀਮ ਵੱਲੋਂ ਅੱਜ ਸ਼ੇਰਾਂਵਾਲੀ ਨਹਿਰ ’ਤੇ ਗੈਰ-ਕਾਨੂੰਨੀ ਢੰਗ ਨਾਲ ਬਣਾਈਆਂ ਗਈਆਂ ਡਿੱਗੀਆਂ ਅਤੇ ਪਾਈਪਲਾਈਨਾਂ ਨੂੰ ਤੋੜਨ ਦੀ ਕਾਰਵਾਈ ਕੀਤੀ ਗਈ। ਜਾਣਕਾਰੀ ਅਨੁਸਾਰ ਨਹਿਰਾਣਾ ਹੈੱਡ ਤੋਂ ਕੈਂਰਾਵਾਲੀ ਅਤੇ ਦੜਬਾ ਕਲਾਂ ਦੇ ਖੇਤਰ ਵਿੱਚ ਨਹਿਰੀ ਪਾਣੀ ਦੀ ਚੋਰੀ ਕਰਨ ਲਈ ਵੱਖ-ਵੱਖ ਥਾਵਾਂ ’ਤੇ ਨਾਜਾਇਜ਼ ਡਿੱਗੀਆਂ ਅਤੇ ਪਾਈਪਲਾਈਨਾਂ ਵਿਛਾਈਆਂ ਗਈਆਂ ਸਨ। ਜਿਨ੍ਹਾਂ ਨੂੰ ਅੱਜ ਪੁਲੀਸ ਫੋਰਸ ਦੀ ਹਾਜ਼ਰੀ ਵਿੱਚ ਜੇਸੀਬੀ ਦੀ ਮਦਦ ਨਾਲ ਤੋੜਿਆ ਗਿਆ। ਸਿੰਜਾਈ ਵਿਭਾਗ ਦੀ ਟੀਮ ਅੱਜ ਨਹਿਰਾਣਾ ਹੈੱਡ ਪਹੁੰਚੀ ਅਤੇ ਪੁਲੀਸ ਫੋਰਸ ਨਾਲ ਸ਼ੇਰਾਂਵਾਲੀ ਨਹਿਰ ’ਤੇ ਕਾਰਵਾਈ ਸ਼ੁਰੂ ਕੀਤੀ। ਜੇਈ ਵਿਸ਼ਾਲ ਕੁਮਾਰ ਨੇ ਦੱਸਿਆ ਕਿ ਸਿੰਜਾਈ ਵਿਭਾਗ ਵੱਲੋਂ ਨਹਿਰੀ ਪਾਣੀ ਦੀ ਚੋਰੀ ਨੂੰ ਰੋਕਣ ਲਈ ਮੁਹਿੰਮ ਚਲਾਈ ਗਈ ਹੈ। ਇਸ ਦੌਰਾਨ ਨਹਿਰ 30 ਥਾਵਾਂ ’ਤੇ ਕਾਰਵਾਈ ਕੀਤੀ ਗਈ ਅਤੇ ਤਿੰਨ ਲਵਾਰਿਸ ਪਾਈਪਾਂ ਵੀ ਬਰਾਮਦ ਕੀਤੀਆਂ। ਉਨ੍ਹਾਂ ਦੱਸਿਆ ਕਿ ਇੱਥੇ ਨਹਿਰੀ ਪਾਣੀ ਚੋਰੀ ਹੋਣ ਕਾਰਨ ਏਲਨਾਬਾਦ ਹਲਕੇ ਦੇ ਟੇਲ ’ਤੇ ਪੈਂਦੇ ਪਿੰਡਾਂ ਵਿੱਚ ਪਾਣੀ ਨਹੀਂ ਪਹੁੰਚ ਰਿਹਾ ਸੀ। ਉਨ੍ਹਾਂ ਦੱਸਿਆ ਕਿ ਸਿੰਜਾਈ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਮਨਦੀਪ ਸਿਹਾਗ, ਡਿਊਟੀ ਮੈਜਿਸਟਰੇਟ ਐੱਸਡੀਓ ਹਰਦੀਪ ਸਿੰਘ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਸਿਰਸਾ ਦੇ ਹੁਕਮਾਂ ’ਤੇ ਸ਼ੇਰਾਂਵਾਲੀ ਨਹਿਰ ’ਤੇ ਬਣੀਆਂ ਨਾਜਾਇਜ਼ ਡਿੱਗੀਆਂ ਨੂੰ ਤੋੜਨ ਦੀ ਕਾਰਵਾਈ ਕੀਤੀ ਗਈ। ਜੇਈ ਵਿਸ਼ਾਲ ਕੁਮਾਰ, ਗੁਰਸੇਵਕ, ਰਾਹੁਲ, ਸੰਜੇ, ਡੀਐਫਓ ਕੰਵਲ ਕਿਸ਼ੋਰ, ਥਾਣਾ ਇੰਚਾਰਜ ਰਾਜਾਰਾਮ, ਐਸ.ਆਈ ਸਤਿਆਵਾਨ ਦੀ ਅਗਵਾਈ ਵਿੱਚ ਇਹ ਮੁਹਿੰਮ ਚਲਾਈ ਗਈ।