For the best experience, open
https://m.punjabitribuneonline.com
on your mobile browser.
Advertisement

ਕੈਨੇਡੀਅਨ ਪੁਲੀਸ ਮੁੜ ਫਰੋਲਣ ਲੱਗੀ ਕਨਿਸ਼ਕ ਕਾਂਡ ਦੀਆਂ ਪਰਤਾਂ

06:53 AM May 24, 2024 IST
ਕੈਨੇਡੀਅਨ ਪੁਲੀਸ ਮੁੜ ਫਰੋਲਣ ਲੱਗੀ ਕਨਿਸ਼ਕ ਕਾਂਡ ਦੀਆਂ ਪਰਤਾਂ
Advertisement

ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 23 ਮਈ
ਕੈਨੇਡਾ ਦੇ ਪ੍ਰਮੁੱਖ ਮੀਡੀਆ ਅਦਾਰੇ ਸੀਬੀਸੀ ਵੱਲੋਂ ਅੱਜ ਕੀਤੇ ਗਏ ਕੁਝ ਖੁਲਾਸਿਆਂ ’ਤੇ ਭਰੋਸਾ ਕੀਤਾ ਜਾਵੇ ਤਾਂ ਅਗਲੇ ਦਿਨਾਂ ਵਿੱਚ ਵਿਦੇਸ਼ੀ ਏਜੰਸੀਆਂ ਵੱਲੋਂ ਕੈਨੇਡਾ ਵਿਰੁੱਧ ਘੜੀਆਂ ਗਈਆਂ ਕਥਿਤ ਸਾਜ਼ਿਸ਼ਾਂ ਤੋਂ ਪਰਦਾ ਉੱਠ ਸਕਦਾ ਹੈ।
ਇਸ ਅਖ਼ਬਾਰ ਨੇ ਕਥਿਤ ਤੱਥਾਂ ਸਮੇਤ 39 ਸਾਲ ਪਹਿਲਾਂ ਕੈਨੇਡਾ ਤੋਂ ਭਾਰਤ ਜਾਂਦੇ ਏਅਰ ਇੰਡੀਆ ਦੇ ਜਹਾਜ਼ ਵਿੱਚ ਅੰਧ ਮਹਾਸਗਰ ਉੱਪਰੋਂ ਲੰਘਦਿਆਂ ਹੋਏ ਬੰਬ ਧਮਾਕੇ (ਕਨਿਸ਼ਕ ਕਾਂਡ) ਦੀ ਘਟਨਾ ਤੋਂ ਗੱਲ ਸ਼ੁਰੂ ਕਰ ਕੇ ਸਰੀ ਦੇ ਵੱਡੇ ਵਪਾਰਕ ਅਦਾਰਿਆਂ ਤੇ ਖਾਲਸਾ ਸਕੂਲਾਂ ਦੇ ਮਾਲਕ ਅਤੇ ਖਾਲਸਾ ਕਰੈਡਿਟ ਯੂਨੀਅਨ (ਸਹਿਕਾਰੀ ਬੈਂਕ) ਦੇ ਵੱਡੇ ਹਿੱਸੇਦਾਰ ਰਿਪੁਦਮਨ ਸਿੰਘ ਮਲਿਕ ਦੀ 14 ਜੁਲਾਈ 2022 ਨੂੰ ਹੋਈ ਹੱਤਿਆ ਦੀਆਂ ਕੁਝ ਤੰਦਾਂ ਨੂੰ ਆਪਸ ਵਿੱਚ ਜੋੜਿਆ ਹੈ। ਬੇਸ਼ੱਕ ਮਲਿਕ ਦੀ ਹੱਤਿਆ ਦੇ ਸਬੰਧ ਵਿੱਚ ਪੁਲੀਸ ਨੇ ਪਹਿਲਾਂ ਹੀ ਦੋ ਵਿਅਕਤੀਆਂ (ਗੈਰ-ਪੰਜਾਬੀਆਂ) ਉੱਤੇ ਕਤਲ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੋਇਆ ਹੈ, ਪਰ ਅਜੇ ਮਾਮਲੇ ਦੀ ਅਦਾਲਤੀ ਸੁਣਵਾਈ ਸ਼ੁਰੂ ਨਹੀਂ ਹੋਈ ਹੈ। ਹੁਣ ਪੁਲੀਸ ਵੱਲੋਂ ਰਿਪੁਦਮਨ ਮਲਿਕ ਦੇ ਪੁੱਤਰ ਹਰਦੀਪ ਮਲਿਕ ਨੂੰ ਜਾਨ ਦੇ ਖ਼ਤਰੇ ਬਾਰੇ ਖ਼ਬਰਦਾਰ ਕੀਤਾ ਗਿਆ ਹੈ। ਮੀਡੀਆ ਅਦਾਰੇ ਨੇ ਸਰੋਤਾਂ ਤੋਂ ਇਕੱਤਰ ਜਾਣਕਾਰੀਆਂ ਤਹਿਤ ਵੈਨਕੂਵਰ ਵਿੱਚ ਤਾਇਨਾਤ ਰਹੇ ਭਾਰਤੀ ਸਫ਼ੀਰ ਦਾ ਨਾਂ ਲਿਖ ਕੇ ਮਲਿਕ ਦੀ ਹੱਤਿਆ ਤੋਂ ਕੁਝ ਘੰਟੇ ਪਹਿਲਾਂ ਤੱਕ ਦੋਹਾਂ ਵਿਚਾਲੇ ਫੋਨ ’ਤੇ ਹੋਈ ਚੈਟਿੰਗ ਸਬੰਧੀ ਸ਼ੱਕ ਜ਼ਾਹਿਰ ਕੀਤਾ ਹੈ। ਉਹ ਚੈਟਿੰਗ ਪੁਲੀਸ ਤੇ ਸੀਬੀਸੀ ਅਦਾਰੇ ਕੋਲ ਮੌਜੂਦ ਹੋਣ ਦਾ ਦਾਅਵਾ ਕੀਤਾ ਗਿਆ ਹੈ। ਰਿਪੋਰਟ ਵਿੱਚ ਇਹ ਵੀ ਸਾਬਿਤ ਕਰਨ ਦਾ ਯਤਨ ਕੀਤਾ ਗਿਆ ਹੈ ਕਿ ਕਨਿਸ਼ਕ ਕਾਂਡ ਤੋਂ 32 ਸਾਲ ਬਾਅਦ ਮਲਿਕ ਦਾ ਨਾਮ ਭਾਰਤ ਦੀ ਕਾਲੀ ਸੂਚੀ ’ਚੋਂ ਕਢਵਾ ਕੇ ਉਸ ਨੂੰ ਭਾਰਤੀ ਵੀਜ਼ਾ ਦਿਵਾਉਣ ਲਈ ਵੀ ਭਾਰਤੀ ਸਫ਼ੀਰ ਵੱਲੋਂ ਆਪਣੀਆਂ ਸ਼ਰਤਾਂ ਮਨਵਾਈਆਂ ਗਈਆਂ ਸਨ। ਮਲਿਕ ਕੋਲੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਨ ਤੇ ਸਿਫ਼ਤਾਂ ਵਾਲੀ ਚਿੱਠੀ ਵੀ ਲਿਖਵਾਈ ਗਈ ਤੇ ਜਨਤਕ ਕੀਤੀ ਗਈ ਸੀ। ਸੀਬੀਸੀ ਨੇ ਦਾਅਵਾ ਕੀਤਾ ਹੈ ਕਿ ਕੇਂਦਰੀ ਪੁਲੀਸ ਨੇ ਰਿਪੁਦਮਨ ਸਿੰਘ ਮਲਿਕ ਦੇ ਪੁੱਤਰ ਹਰਦੀਪ ਮਲਿਕ ਨੂੰ ਜਾਨ ਦੇ ਖਤਰੇ ਬਾਰੇ ਚੌਕਸ ਕੀਤਾ ਹੈ।

Advertisement

ਕੇਸ ’ਚ ਦੋਸ਼ੀ ਪਾਇਆ ਗਿਆ ਸੀ ਰਿਪੁਦਮਨ ਮਲਿਕ

ਕਈ ਸਾਲ ਲੰਬੀ ਚੱਲੀ ਕਨਿਸ਼ਕ ਕਾਂਡ ਦੀ ਜਾਂਚ ਵਿੱਚ ਰਿਪੁਦਮਨ ਮਲਿਕ ਨੂੰ ਕਥਿਤ ਦੋਸ਼ੀ ਪਾਇਆ ਗਿਆ ਸੀ, ਪਰ ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ 2010 ਵਿੱਚ ਉਸ ਨੂੰ ਬਰੀ ਕਰ ਦਿੱਤਾ ਸੀ। ਮਲਿਕ ਨੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਦੇ ਹੁਕਮਾਂ ਦੀ ਉਲੰਘਣਾ ਕਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਕੈਨੇਡਾ ਵਿੱਚ ਸ਼ੁਰੂ ਕਰਵਾਈ ਸੀ, ਜੋ ਕਿ ਬਾਅਦ ਵਿੱਚ ਬੰਦ ਕੀਤੀ ਗਈ। ਰਿਪੋਰਟ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਸਬੰਧ ਵਿੱਚ ਭਾਰਤੀ ਏਜੰਸੀਆਂ ’ਤੇ ਉਂਗਲ ਉਠਾ ਕੇ ਕੁਝ ਗਲਤ ਨਾ ਕੀਤੇ ਜਾਣ ਦੀ ਗੱਲ ਵੀ ਕਹੀ ਗਈ ਹੈ। ਕਈ ਸਫਿਆਂ ਦੀ ਇਸ ਰਿਪੋਰਟ ’ਤੇ ਅੱਜ ਇੱਥੋਂ ਦੇ ਮੀਡੀਆ ਅਦਾਰਿਆਂ ਵਿੱਚ ਚਰਚਾ ਚਲਦੀ ਰਹੀ। ਇਸ ਰਿਪੋਰਟ ਵਿੱਚ ਜਿਸ ਭਾਰਤੀ ਸਫ਼ੀਰ ਦਾ ਜ਼ਿਕਰ ਕੀਤਾ ਗਿਆ ਹੈ, ਉਹ 15-20 ਸਾਲ ਪਹਿਲਾਂ ਜਲੰਧਰ ਵਿੱਚ ਪਾਸਪੋਰਟ ਅਧਿਕਾਰੀ ਹੁੰਦਾ ਸੀ ਅਤੇ ਹੁਣ ਸੇਵਾਮੁਕਤ ਹੋ ਚੁੱਕਾ ਹੈ। ਜ਼ਿਰਕਰਯੋਗ ਹੈ ਕਿ ਕਨਿਸ਼ਕ ਕਾਂਡ ਵਿੱਚ 268 ਕੈਨੇਡੀਅਨ ਨਾਗਰਿਕ ਅਤੇ ਜਹਾਜ਼ ਦੇ ਅਮਲੇ ਦੇ 10 ਮੈਂਬਰਾਂ ਸਣੇ ਕੁੱਲ 339 ਵਿਅਕਤੀ ਮਾਰੇ ਗਏ ਸਨ।

Advertisement
Author Image

joginder kumar

View all posts

Advertisement
Advertisement
×