For the best experience, open
https://m.punjabitribuneonline.com
on your mobile browser.
Advertisement

ਹਿੰਸਾ ਪ੍ਰਭਾਵਿਤ ਨੂਹ ’ਚ ਕਬਜ਼ੇ ਹਟਾਉਣ ਦੀ ਮੁਹਿੰਮ ਤੀਜੇ ਦਿਨ ਵੀ ਜਾਰੀ ਰਹੀ

08:50 AM Aug 06, 2023 IST
ਹਿੰਸਾ ਪ੍ਰਭਾਵਿਤ ਨੂਹ ’ਚ ਕਬਜ਼ੇ ਹਟਾਉਣ ਦੀ ਮੁਹਿੰਮ ਤੀਜੇ ਦਿਨ ਵੀ ਜਾਰੀ ਰਹੀ
ਸਰਕਾਰੀ ਮੁਲਾਜ਼ਮ ਨੂਹ ਵਿੱਚ ਗ਼ੈਰਕਾਨੂੰਨੀ ਉਸਾਰੀਆਂ ਢਾਹੁੰਦੇ ਹੋਏ। -ਫੋਟੋ: ਪੀਟੀਆਈ
Advertisement

ਗੁਰੂਗ੍ਰਾਮ, 5 ਅਗਸਤ
ਹਰਿਆਣਾ ਦੇ ਹਿੰਸਾ ਪ੍ਰਭਾਵਿਤ ਨੂਹ ਜ਼ਿਲ੍ਹੇ ਵਿੱਚ ਹੋਈਆਂ ਨਾਜਾਇਜ਼ ਉਸਾਰੀਆਂ ਹਟਾਉਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਅੱਜ ਤੀਜੇ ਦਿਨ ਵੀ ਜਾਰੀ ਰਹੀ। ਅਧਿਕਾਰੀਆਂ ਨੇ ਸੂਬੇ ਦੇ ਨਲਹੜ ਮੈਡੀਕਲ ਕਾਲਜ ਦੇ ਆਸ-ਪਾਸ 2.6 ਏਕੜ ਜ਼ਮੀਨ ’ਤੇ ਹੋਈਆਂ ਨਾਜਾਇਜ਼ ਉਸਾਰੀਆਂ ’ਤੇ ਬੁਲਡੋਜ਼ਰ ਚਲਾ ਦਿੱਤਾ। ਪੁਲੀਸ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਲਗਪਗ 15 ਹੋਰ ਅਸਥਾਈ ਢਾਂਚਿਆਂ ਨੂੰ ਵੀ ਢਾਹ ਦਿੱਤਾ ਗਿਆ ਹੈ।
ਸਬ ਡਿਵੀਜ਼ਨਲ ਮੈਜਿਸਟਰੇਟ ਅਸ਼ਵਿਨੀ ਕੁਮਾਰ ਨੇ ਕਿਹਾ, ‘‘ਇਹ ਉਸਾਰੀਆਂ ਨਾਜਾਇਜ਼ ਸਨ। ਢਾਹੀਆਂ ਗਈਆਂ ਉਸਾਰੀਆਂ ਦੇ ਮਾਲਕਾਂ ਨੂੰ ਪਹਿਲਾਂ ਹੀ ਨੋਟਿਸ ਦਿੱਤੇ ਗਏ ਸਨ। ਬ੍ਰਜ ਮੰਡਲ ਧਾਰਮਿਕ ਯਾਤਰਾ ਦੌਰਾਨ ਹੋਈ ਹਿੰਸਾ ਵਿੱਚ ਕੁਝ ਨਾਜਾਇਜ਼ ਉਸਾਰੀਆਂ ਦੇ ਮਾਲਕ ਵੀ ਸ਼ਾਮਲ ਸਨ। ਮੁਹਿੰਮ ਜਾਰੀ ਰਹੇਗੀ।’’

Advertisement

gurugram
ਗੁਰੂਗ੍ਰਾਮ ਦੇ ਡੀਸੀ ਨਿਸ਼ਾਂਤ ਕੁਮਾਰ ਨੂਹ ਵਿੱਚ ਝੁੱਗੀਆਂ-ਝੌਪੜੀਆਂ ਵਾਲਿਆਂ ਨਾਲ ਗੱਲਬਾਤ ਕਰਦੇ ਹੋਏ। -ਫੋਟੋ: ਪੀਟੀਆਈ

ਪੁਲੀਸ ਦੇ ਇਕ ਅਧਿਕਾਰੀ ਨੇ ਕਿਹਾ ਕਿ ਇਹ ਮੁਹਿੰਮ ਅਦਬਰ ਚੌਕ ਤੋਂ ਸ਼ੁਰੂ ਹੋਈ ਤੇ ਤਿਰੰਗਾ ਚੌਕ ਤੱਕ ਜਾਰੀ ਰਹੇਗੀ। ਮੁਸਲਿਮ ਬਹੁਗਿਣਤੀ ਵਾਲੇ ਇਲਾਕੇ ਨੂਹ ਵਿੱਚ ਸੋਮਵਾਰ ਨੂੰ ਵਿਸ਼ਵ ਹਿੰਦੂ ਪਰਿਸ਼ਦ (ਵੀਐੱਚਪੀ) ਦੀ ਯਾਤਰਾ ’ਤੇ ਭੀੜ ਵੱਲੋਂ ਹਮਲਾ ਕੀਤੇ ਜਾਣ ਤੋਂ ਬਾਅਦ ਹੋਈ ਹਿੰਸਾ ਵਿੱਚ ਹੋਮਗਾਰਡ ਦੇ ਦੋ ਜਵਾਨ ਤੇ ਇਕ ਇਮਾਮ ਸਣੇ ਛੇ ਵਿਅਕਤੀਆਂ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਗੁਰੂਗ੍ਰਾਮ ਵਿੱਚ ਵੀ ਹਿੰਸਾ ਦੀਆਂ ਘਟਨਾਵਾਂ ਵਾਪਰੀਆਂ ਸਨ। ਨੂਹ ਦੇ ਜ਼ਿਲ੍ਹਾ ਮੈਜਿਸਟਰੇਟ ਧੀਰੇਂਦਰ ਖਡਗਟਾ ਨੇ ਕਿਹਾ ਕਿ ਕਰਫਿਊ ਵਿੱਚ ਢਿੱਲ ਦਿੱਤੀ ਗਈ ਹੈ ਅਤੇ ਲੋਕ ਦੁਪਹਿਰ 12 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਜ਼ਰੂਰੀ ਸਾਮਾਨ ਖਰੀਦਣ ਵਾਸਤੇ ਬਾਹਰ ਨਿਕਲ ਸਕਦੇ ਹਨ। ਪੁਲੀਸ ਮੁਤਾਬਕ ਵੀਐੱਚਪੀ ਦੀ ਯਾਤਰਾ ਵਿੱਚ ਹੋਈ ਹਿੰਸਾ ਦੇ ਮਾਮਲੇ ਵਿੱਚ ਹੁਣ ਤੱਕ 56 ਐੱਫਆਈਆਰਜ਼ ਦਰਜ ਕੀਤੀਆਂ ਗਈਆਂ ਹਨ ਅਤੇ 145 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਨੇ ਦੱਸਿਆ ਕਿ ਸੋਸ਼ਲ ਮੀਡੀਆ ’ਤੇ ਅਫਵਾਹ ਫੈਲਾਉਣ ਦੇ ਦੋਸ਼ ਹੇਠ 10 ਵਿਅਕਤੀਆਂ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਗਈ ਹੈ। ਇਸੇ ਦੌਰਾਨ ਨੂਹ ਜ਼ਿਲ੍ਹੇ ਵਿੱਚ ਨਵੇਂ ਐੱਸਪੀ ਪੀ ਨਰੇਂਦਰ ਬਿਜਰਾਨੀਆ ਨੇ ਕਿਹਾ ਕਿ ਦੰਗਾਕਾਰੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। -ਪੀਟੀਆਈ

Advertisement

ਪਰਵਾਸੀ ਕਾਮਿਆਂ ਦੀ ਹਿਜਰਤ ਰੋਕਣ ਲਈ ਦਿੱਤਾ ਸੁਰੱਖਿਆ ਦਾ ਭਰੋਸਾ

ਗੁਰੂਗ੍ਰਾਮ: ਸ਼ਹਿਰ ਤੋਂ ਪਰਵਾਸੀ ਕਾਮਿਆਂ ਦੀ ਹਿਜਰਤ ਰੋਕਣ ਦੀ ਕੋਸ਼ਿਸ਼ ਤਹਿਤ ਅੱਜ ਜ਼ਿਲ੍ਹਾ ਅਧਿਕਾਰੀਆਂ ਨੇ ਕੁਝ ਝੁੱਗੀਆਂ-ਝੋਪੜੀਆਂ ਦਾ ਦੌਰਾ ਕੀਤਾ ਅਤੇ ਮਜ਼ਦੂਰਾਂ ਨੂੰ ਬਿਨਾਂ ਕਿਸੇ ਡਰ ਤੋਂ ਆਪੋ-ਆਪਣੇ ਰੋਜ਼ਾਨਾ ਦੇ ਕੰਮਾਂ ’ਤੇ ਜਾਣ ਦੀ ਅਪੀਲ ਕੀਤੀ। ਜ਼ਿਕਰਯੋਗ ਹੈ ਕਿ ਹਫ਼ਤੇ ਦੇ ਸ਼ੁਰੂ ਵਿੱਚ ਨੂਹ ਤੇ ਗੁਰੂਗ੍ਰਾਮ ਵਿੱਚ ਹੋਈ ਹਿੰਸਾ ਦੇ ਮੱਦੇਨਜ਼ਰ ਇੱਥੇ ਕੰਮ ਲਈ ਆਏ ਪਰਵਾਸੀ ਕਾਮਿਆਂ ਨੇ ਆਪੋ-ਆਪਣੇ ਜੱਦੀ ਘਰਾਂ ਵੱਲ ਕੂਚ ਕਰਨਾ ਸ਼ੁਰੂ ਕਰ ਦਿੱਤਾ ਹੈ। ਲੋਕਾਂ ਵਿੱਚ ਕਾਨੂੰਨ ਤੇ ਵਿਵਸਥਾ ਕਾਇਮ ਕਰਨ ਦੇ ਨਾਲ ਉਨ੍ਹਾਂ ਦੀ ਸੁਰੱਖਿਆ ਪ੍ਰਤੀ ਭਰੋਸਾ ਪੈਦਾ ਕਰਨ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਤਹਿਤ ਗੁਰੂਗ੍ਰਾਮ ਦੇ ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਨੇ ਅੱਜ ਇੱਥੇ ਸੈਕਟਰ 58 ਤੇ 70 ਨੇੜਲੀਆਂ ਝੁੱਗੀਆਂ-ਝੌਪੜੀਆਂ ਦਾ ਦੌਰਾ ਕੀਤਾ। ਯਾਦਵ ਨੇ ਕਿਹਾ, ‘‘ਇੱਥੇ ਹਾਲਾਤ ਹੁਣ ਸ਼ਾਂਤੀਪੂਰਨ ਹਨ ਅਤੇ ਡਰਨ ਵਾਲੀ ਕੋਈ ਗੱਲ ਨਹੀਂ ਹੈ।’’ ਉਨ੍ਹਾਂ ਝੁੱਗੀਆਂ-ਝੌਪੜੀਆਂ ਵਿੱਚ ਰਹਿੰਦੇ ਲੋਕਾਂ ਨੂੰ ਬਿਨਾਂ ਕਿਸੇ ਡਰ ਤੋਂ ਆਪੋ-ਆਪਣੇ ਰੋਜ਼ਾਨਾ ਦੇ ਕੰਮਾਂ ’ਤੇ ਜਾਣ ਦੀ ਅਪੀਲ ਕੀਤੀ ਅਤੇ ਸੁਰੱਖਿਆ ਦਾ ਭਰੋਸਾ ਦਿਵਾਇਆ। -ਪੀਟੀਆਈ

ਨੂਹ ਵਿੱਚ ਤਣਾਅ ਪੈਦਾ ਹੋਣ ਦੀ ਸੰਭਾਵਨਾ ਬਾਰੇ ਖੁਫੀਆ ਜਾਣਕਾਰੀ ਨਹੀਂ ਸੀ: ਵਿੱਜ

ਚੰਡੀਗੜ੍ਹ: ਨੂਹ ਜ਼ਿਲ੍ਹੇ ਵਿੱਚ ਧਾਰਮਿਕ ਸ਼ੋਭਾ ਯਾਤਰਾ ਦੇ ਮੱਦੇਨਜ਼ਰ ਤਣਾਅ ਪੈਦਾ ਹੋਣ ਦੀ ਸੰਭਾਵਨਾ ਬਾਰੇ ਗ੍ਰਹਿ ਮੰਤਰਾਲੇ ਕੋਲ ਕੋਈ ਖੁਫੀਆ ਜਾਣਕਾਰੀ ਨਹੀਂ ਸੀ। ਇਹ ਦਾਅਵਾ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਕੀਤਾ ਹੈ। ਵਿੱਜ ਨੇ ਨੂਹ ਵਿੱਚ ਭੜਕੀ ਹਿੰਸਾ ਬਾਰੇ ਸਵਾਲ ਦੇ ਜਵਾਬ ’ਚ ਵਿੱਜ ਨੇ ਕਿਹਾ, ‘‘ਮੈਂ ਵਧੀਕ ਮੁੱਖ ਸਕੱਤਰ (ਗ੍ਰਹਿ) ਤੇ ਡੀਜੀਪੀ ਕੋਲੋਂ ਪੁੱਛਿਆ ਹੈ। ਉਨ੍ਹਾਂ ਨੇ ਵੀ ਇਹੀ ਕਿਹਾ ਕਿ ਉਨ੍ਹਾਂ ਕੋਲ ਕੋਈ ਜਾਣਕਾਰੀ ਨਹੀਂ ਸੀ।’’ ਇਕ ਟੀਵੀ ਚੈਨਲ ਨੇ ਸੀਆਈਡੀ ਦੇ ਇਕ ਇੰਸਪੈਕਟਰ ਦਾ ਸਟਿੰਗ ਪ੍ਰਸਾਰਿਤ ਕੀਤਾ ਹੈ, ਜਿਸ ਵਿੱਚ ਕਥਿਤ ਤੌਰ ’ਤੇ ਦਾਅਵਾ ਕੀਤਾ ਗਿਆ ਹੈ ਕਿ ਅਧਿਕਾਰੀਆਂ ਨੂੰ ਮੁਸਲਿਮ ਬਹੁਗਿਣਤੀ ਵਾਲੇ ਜ਼ਿਲ੍ਹਾ ਨੂਹ ਵਿੱਚ ਵੀਐੱਚਪੀ ਦੀ ਯਾਤਰਾ ਦੌਰਾਨ ਤਣਾਅ ਪੈਦਾ ਹੋਣ ਦੀ ਸੰਭਾਵਨਾ ਬਾਰੇ ਜਾਣਕਾਰੀ ਸੀ। ਇਸ ਸਟਿੰਗ ਵੱਲ ਇਸ਼ਾਰਾ ਕਰਦੇ ਹੋਏ ਵਿੱਜ ਨੇ ਕਿਹਾ ਕਿ ਸਟਿੰਗ ਅਪਰੇਸ਼ਨ ਦਾ ਇਕ ਵੀਡੀਓ ਸਾਹਮਣੇ ਆਇਆ ਹੈ ਅਤੇ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਇੰਸਪੈਕਟਰ ਨੇ ਉਹ ਖੁਫੀਆ ਜਾਣਕਾਰੀ ਕਿਸ ਨਾਲ ਸਾਂਝੀ ਕੀਤੀ ਸੀ। ਮੰਤਰੀ ਨੇ ਪੁੱਛਿਆ, ‘‘ਜੇਕਰ ਉਸ ਕੋਲ ਜਾਣਕਾਰੀ ਸੀ ਤਾਂ ਉਸ ਨੇ ਇਹ ਕਿਸ ਨਾਲ ਸਾਂਝੀ ਕੀਤੀ ਸੀ।’’ ਵਿੱਜ ਨੇ ਕਿਹਾ ਕਿ ਉਨ੍ਹਾਂ ਨੇ ਵੀਡੀਓ ਨੂੰ ਵਿਸ਼ਲੇਸ਼ਣ ਲਈ ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਕੋਲ ਭੇਜਿਆ ਹੈ। -ਪੀਟੀਆਈ

ਰੋਹਤਕ ਵਿੱਚ ਮਸਜਿਦ ਦੇ ਗੇਟ ’ਤੇ ਪਥਰਾਅ; ਕੇਸ ਦਰਜ

ਚੰਡੀਗੜ੍ਹ: ਹਰਿਆਣਾ ਦੇ ਰੋਹਤਕ ਵਿੱਚ ਇਕ ਮਸਜਿਦ ਦੇ ਗੇਟ ’ਤੇ ਕੁਝ ਲੋਕਾਂ ਵੱਲੋਂ ਪਥਰਾਅ ਕੀਤੇ ਜਾਣ ਦੇ ਮਾਮਲੇ ਵਿੱਚ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਰੋਹਤਕ ਪੁਲੀਸ ਨੇ ਦੱਸਿਆ ਕਿ ਰੋਹਤਤ ਵਿੱਚ ਇਹ ਘਟਨਾ ਰਾਤ ਕਰੀਬ 10.30 ਵਜੇ ਆਂਵਲ ਪਿੰਡ ਵਿੱਚ ਵਾਪਰੀ। ਇਸ ਸਬੰਧ ਵਿਚ ਮਸਜਿਦ ਦੇ ਮੌਲਵੀ ਇਕਬਾਲ ਵੱਲੋਂ ਕੇਸ ਦਰਜ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਮਸਜਿਦ ਦੁਆਲੇ ਸੁਰੱਖਿਆ ਵਧਾ ਦਿੱਤੀ ਗਈ ਹੈ। ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਕੁਝ ਅਣਪਛਾਤੇ ਲੋਕਾਂ ਨੇ ਕਥਿਤ ਤੌਰ ’ਤੇ ਮਸਜਿਦ ਦੀ ਚਾਰਦੀਵਾਰੀ ਦੇ ਗੇਟ ’ਤੇ ਪਥਰਾਅ ਕੀਤਾ। ਇਸ ਸਬੰਧੀ ਸੂਚਨਾ ਮਿਲਦੇ ਹੀ ਰੋਹਤਕ ਪੁਲੀਸ ਦੀ ਵਧੀਕ ਸੁਪਰਡੈਂਟ ਮੇਧਾ ਭੂਸ਼ਣ ਆਪਣੀ ਟੀਮ ਸਣੇ ਮੌਕੇ ’ਤੇ ਪੁੱਜੀ। ਇਸ ਸਬੰਧੀ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ

Advertisement
Tags :
Author Image

Advertisement